ਅਸ਼ੋਕ ਵਰਮਾ, ਬਠਿੰਡਾ 28 ਦਸੰਬਰ 2024
ਜਿਲ੍ਹੇ ਦੇ ਬਠਿੰਡਾ ਤਲਵੰਡੀ ਸੜਕ ਤੇ ਸਥਿਤ ਪਿੰਡ ਜੀਵਨ ਸਿੰਘ ਵਾਲਾ ਲਾਗੇ ਸ਼ਨੀਵਾਰ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਡਰੇਨ ’ਚ ਡਿੱਗਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੁਖਦਾਈ ਹਾਦਸੇ ਦੌਰਾਨ 8 ਜਣਿਆਂ ਦੀ ਮੌਤ ਹੋ ਗਈ ਹੈ ਜਿਸ ’ਚ ਇੱਕ ਦੋ ਸਾਲ ਦੀ ਮਾਸੂਮ ਬੱਚੀ ਵੀ ਸ਼ਾਮਲ ਹੈ। ਤਲਵੰਡੀ ਸਾਬੋ ਪੁਲਿਸ ਨੇ ਬੱਸ ਤੋਂ ਪਿੱਛੇ ਕਾਰ ਤੇ ਆ ਰਹੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਧਾਰਾ 106, 281, 324 (4), 125ਏ ਬੀਐਨਐਸ ਤਹਿਤ ਨੰਬਰ 232 ਵਿੱਚ ਅਣਪਛਾਤੇ ਟਰਾਲਾ ਡਰਾਈਵਰ ਨੂੰ ਨਾਮਜਦ ਕੀਤਾ ਹੈ ਜਿਸ ਨੂੰ ਹੁਣ ਗ੍ਰਿਫਤਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਥਾਣਾ ਤਲਵੰਡੀ ਸਾਬੋ ਵਿਖੇ ਦਰਜ ਐਫਆਈਆਰ ਅਨੁਸਾਰ ਦੇਵੀ ਲਾਲ ਪੁੱਤਰ ਬਲਕੌਰ ਸਿੰਘ ਵਾਸੀ ਮਾਨਸਾ ਕਲਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੀ ਕਾਰ ਤੇ ਪਿੰਡ ਜੀਵਨ ਸਿੰਘ ਵਾਲਾ ਕੋਲ ਡਰੇਨ ਪੁਲ ਤੋਂ ਥੋੜ੍ਹਾ ਪਿੱਛੇ ਜਾ ਰਿਹਾ ਸੀ ਅਤੇ ਉਸ ਦੇ ਅੱਗੇ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ਬਠਿੰਡਾ ਦੀ ਬੱਸ (ਪੀਬੀ 11ਡੀ 6631) ਜਾ ਰਹੀ ਸੀ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਇਸ ਦੌਰਾਨ ਜਦੋਂ ਬੱਸ ਡਰੇਨ ਦੇ ਪੁਲ ’ਤੇ ਪੁੱਜੀ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਇੱਕ ਟਰਾਲੇ (ਘੋੜਾ) ਨੇ ਬੱਸ ਨੂੰ ਫੇਟ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਬੱਸ ਪੁਲ ਤੋਂ ਥੱਲੇ ਡਰੇਨ ਵਿੱਚ ਡਿੱਗ ਪਈ। ਇਸ ਮਗਰੋਂ ਟਰਾਲਾ ਡਰਾਈਵਰ ਟਰਾਲੇ ਸਮੇਤ ਫਰਾਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਪਿੰਡ ਜੀਵਨ ਸਿੰਘ ਵਾਲਾ ਦੇ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚੋਂ ਸਵਾਰੀਆਂ ਨੂੰ ਕੱਢ ਕੇ ਸਿਵਲ ਹਸਪਤਾਲ ਤਲਵੰਡੀ ਸਾਬੋ ਅਤੇ ਬਠਿੰਡਾ ਭੇਜਿਆ ਗਿਆ।
ਇਸ ਬੱਸ ਹਾਦਸੇ ਦੌਰਾਨ ਬੱਸ ਦੇ ਡਰਾਈਵਰ ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਧਰਮੂ ਜ਼ਿਲ੍ਹਾ ਮਾਨਸਾ ਤੋਂ ਇਲਾਵਾ ਰਵਨੀਤ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਜੰਡਵਾਲਾ ਮੀਰਾ ਸਾਂਗਲਾ ਜ਼ਿਲ੍ਹਾ ਫਾਜ਼ਿਲਕਾ, ਪੁਨੀਤ ਕੌਰ ਪੁੱਤਰੀ ਅਮਨਦੀਪ ਕੌਰ, ਅਮਨਦੀਪ ਕੌਰ ਪਤਨੀ ਸੁਖਪ੍ਰੀਤ ਸਿੰਘ, ਮੁਖਤਿਆਰ ਕੌਰ ਪਤਨੀ ਕਰਮ ਸਿੰਘ ਵਾਸੀਅਨ ਜੀਵਨ ਸਿੰਘ ਵਾਲਾ, ਪਰਮਜੀਤ ਕੌਰ ਪਤਨੀ ਪ੍ਰੇਮ ਕੁਮਾਰ ਵਾਸੀ ਹੁਕਮਾਂ ਵਾਲੀ (ਹਰਿਆਣਾ), ਅਰਜਨ ਕੁਮਾਰ ਪੁੱਤਰ ਚੰਦੇਸ਼ਰੀ ਸਰਕਾਰ ਵਾਸੀ ਸ੍ਰੀਪੁਰ (ਬਿਹਾਰ), ਮਹਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੋਹਨ (ਸਰਸਾ) ਸ਼ਾਮਲ ਹਨ। ਇਸ ਹਾਦਸੇ ਦੌਰਾਨ ਵੱਡੀ ਗਿਣਤੀ ਸਵਾਰੀਆਂ ਜਖਮੀ ਵੀ ਹੋਈਆਂ ਹਨ ਜਿੰਨ੍ਹਾਂ ਦਾ ਵੱਖ ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।