ਅਸ਼ੋਕ ਵਰਮਾ, ਬਠਿੰਡਾ 28 ਦਸੰਬਰ 2024
ਪੀਪਲਜ਼ ਲਿਟਰੇਰੀ ਫੈਸਟੀਵਲ ਅੱਜ ਚੌਥੇ ਅਤੇ ਆਖਰੀ ਦਿਨ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ ਹੈ। ਚਾਰ ਦਿਨ ਲਗਾਤਾਰ ਟੀਚਰਜ਼ ਹੋਮ ਬਠਿੰਡਾ ਵਿਖੇ ਸਾਹਿਤਕ, ਬੌਧਿਕ ਅਤੇ ਸਮਾਜਿਕ ਪੱਖ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਮੁੱਦਿਆਂ ਅਤੇ ਸਰੋਕਾਰਾਂ ਨਾਲ ਜੁੜੇ ਵਿਸ਼ਿਆਂ ਤੇ ਗੰਭੀਰ ਚਰਚਾ ਹੋਈ।
ਅੱਜ ਦੀ ਚਰਚਾ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਧਰਮ ਅਤੇ ਭਾਸ਼ਾ ਕਦੇ ਵੀ ਰਾਸ਼ਟਰਵਾਦ ਦਾ ਅਧਾਰ ਨਹੀਂ ਹੋ ਸਕਦੇ। ਫਾਸ਼ੀਵਾਦ ਅਤੇ ਸਮਕਾਲ ਵਿਸ਼ੇ ‘ਤੇ ਆਪਣਾ ਕੁੰਜੀਵਤ ਭਾਸ਼ਣ ਦਿੰਦਿਆਂ ਡਾ, ਪਰਮਿੰਦਰ ਸਿੰਘ ਨੇ ਇਤਿਹਾਸ ਅਤੇ ਬਸਤੀਵਾਦੀ ਦੌਰ ਦੀਆਂ ਮਿਸਾਲਾਂ ਦੇ ਕੇ ਇਹ ਨੁਕਤੇ ਉਭਾਰੇ ਕਿ ਸਾਮਰਾਜੀ ਅਤੇ ਬਸਤੀਵਾਦੀ ਤਾਕਤਾਂ ਸਮਾਜ ਵਿੱਚ ਲੋਕਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਧਰਮ ਅਤੇ ਭਾਸ਼ਾ ਦੀਆਂ ਸਮਾਜ ਵਿੱਚ ਸੌੜੀਆਂ ਵੰਡੀਆਂ ਖੜੀਆਂ ਕਰਦੇ ਰਹੇ।
ਉਹਨਾਂ ਕਿਹਾ ਕਿ ਸਿੱਟੇ ਵਜੋਂ ਦੁਨੀਆਂ ਵਿੱਚ ਗੈਰ ਕੁਦਰਤੀ ਵੰਡਾਂ ਅਤੇ ਹਿੰਸਾਂ ਦਾ ਸਾਹਮਣਾ ਮਜ਼ਲੂਮ ਲੋਕਾਂ ਨੂੰ ਕਰਨਾ ਪਿਆ। ਇਸ ਤੋਂ ਪਹਿਲਾਂ ਸਵਰਨ ਸਿੰਘ ਦੀ ਅਗਵਾਈ ਵਿੱਚ ਰਸੂਲਪੁਰ ਕਵੀਸ਼ਰੀ ਜੱਥੇ ਵੱਲੋਂ ਇਨਕਲਾਬੀ ਕਵੀਸ਼ਰੀ ਦੀ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਸ਼ੈਸ਼ਨ ਦਾ ਸੰਚਾਲਨ ਡਾ. ਨੀਤੂ ਵੱਲੋਂ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ ਤਰਲੋਕ ਬੰਧੂ ਨੇ ਕਿਹਾ ਕਿ ਅਜਿਹੇ ਲਿਟਰੇਰੀ ਫੈਸਟੀਵਲ ਲੋਕ ਚੇਤਨਾ ਨੂੰ ਪੈਦਾ ਕਰਨ ਵਿੱਚ ਵੱਡਾ ਰੋਲ ਨਿਭਾਉਂਦੇ ਹਨ। ਇਸ ਮੌਕੇ ਕੇਂਦਰੀ ਲੇਖਕ ਸਭਾ ਸਿਰਸਾ ਅਤੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦਾ ਲੋਕ ਪੱਖੀ ਕਾਰਜਾਂ ਲਈ ਸਨਮਾਨ ਕੀਤਾ ਗਿਆ।
ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਖਰੀ ਸ਼ੈਸ਼ਨ ਡਾ. ਸਾਹਿਬ ਸਿੰਘ ਵੱਲੋਂ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਪੇਸ਼ਕਾਰੀ ਨਾਲ ਆਪਣੇ ਸਿਖਰ ਪਹੁੰਚਿਆ । ਅਦਾਕਾਰੀ ਦੇ ਸ਼ਿਖਰ ਅਤੇ ਮਜ਼ਬੂਤ ਸਕਰਿਪਟ ਨੇ ਦਰਸ਼ਕਾਂ ਨੂੰ ਆਪਣੇ ਨਾਲ ਵਹਾ ਲਿਆ। ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਲੱਗੀ ਪੁਸਤਕ ਪ੍ਰਦਰਸ਼ਨੀ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਉਂਦਿਆਂ ਸੈਂਕੜੈ ਮਨਪਸੰਦ ਪੁਸਤਕਾਂ ਦੀ ਖਰਦੀਦਾਰੀ ਕੀਤੀ। ਫੋਟੋਗ੍ਰਾਫਰ ਵਰਿੰਦਰ ਸ਼ਰਮਾ ‘ਰੰਗ ਕੁਦਰਤ ਦੇ’ ਸਿਰਲੇਖ ਅਧੀਨ ਪੰਛੀਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਫੈਸਟੀਵਲ ਦੌਰਾਨ ਲੋਕਾਂ ਨੇ ਸ਼ਹਿਦ ਅਤੇ ਗੁੜ ਦੀਆਂ ਸਟਾਲਾਂ ਵਿੱਚ ਦਿਲਚਸਪੀ ਦਿਖਾਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੰਮੀ ਸਮਾਰੀਆ, ਹਰਵਿੰਦਰ ਸਿਰਸਾ, ਜਸਪਾਲ ਮਾਨਖੇੜਾ, ਸੁਰਜੀਤ ਸਿਰੜੀ, ਗੁਰਪ੍ਰੀਤ ਸਹਿਜੀ, ਗੁਰਬਿੰਦਰ ਬਰਾੜ, ਗੁਰਪ੍ਰੀਤ ਸਿੱਧੂ, ਅਮਰਜੀਤ ਢਿੱਲੋਂ, ਰਾਜਪਾਲ ਸਿੰਘ, ਅਜੇਪਾਲ ਸਿੰਘ, ਪ੍ਰੋ. ਹਰਵਿੰਦਰ ਘੁੱਦਾ, ਡਾ. ਗੁਰਮੇਲ ਸਿੰਘ ਮੌਜੀ ਹਾਜ਼ਰ ਸਨ।