ਚੜਿਆ ਹੁਕਮ..! ਰਜਿਸਟਰੀ ਵਾਲੇ ਦਿਨ ਰਜਿਸਟਰਾਰ ਦੀ ਨਹੀਂ ਲਾਉਣੀ ਕੋਈ ਹੋਰ ਥਾਂ ਡਿਊਟੀ…
ਡੀਸੀ ਨੂੰ ਕਿਹਾ ! ਹਰ ਦਿਨ ਫੋਨ ਕਰਕੇ, ਚੈਕ ਕਰਿਆ ਕਰੋ ਮਾਲ ਅਫਸਰਾਂ ਦੀ ਦਫਤਰਾਂ ਵਿੱਚ ਹਾਜ਼ਰੀ..
ਹਰਿੰਦਰ ਨਿੱਕਾ, ਚੰਡੀਗੜ੍ਹ 21 ਦਸੰਬਰ 2024
ਪ੍ਰੋਪਰਟੀ ਦੇ ਵਸੀਕੇ ਰਜਿਸਟਰਡ ਕਰਵਾਉਣ ਸਮੇਂ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ, ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕਰਦਿਆਂ ਹੁਕਮ ਜ਼ਾਰੀ ਕੀਤਾ ਹੈ ਕਿ ਰਜਿਸਟਰੀਆਂ ਕਰਨ ਵਾਲੇ ਦਿਨ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਨੂੰ ਆਪੋ-ਆਪਣੇ ਦਫਤਰ ਸਵੇਰੇ 9 ਵਜੇ ਤੋਂ ਹੀ ਹਾਜ਼ਿਰ ਰਹਿਣਾ ਪਵੇਗਾ। ਤਾਂਕਿ ਲੋਕਾਂ ਵਸੀਕਾ ਰਜਿਸਟਰਡ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਸਬੰਧੀ ਸਖਤ ਲਹਿਜੇ ਵਿੱਚ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਦੇ. ਵਧੀਕ ਮੁੱਖ ਸਕੱਤਰ (ਮਾਲ) ਸ੍ਰੀ ਅਨੁਰਾਗ ਵਰਮਾ, ਆਈ.ਏ.ਐੱਸ ਨੇ ਲੰਘੀ ਕੱਲ੍ਹ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਜ ਅਤੇ ਸਮੂਹ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ/ਤਹਿਸੀਲਦਾਰ/ ਨਾਇਬ ਤਹਿਸੀਲਦਾਰ ਲਈ ਜ਼ਾਰੀ ਕੀਤਾ ਗਿਆ ਹੈ।
ਇਹ ਐ ਜ਼ਾਰੀ ਕੀਤੇ ਗਏ ਪੱਤਰ ਦੀ ਇਬਾਰਤ…
1. ਨਿਮਨਹਸਤਾਖਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ/ਤਹਿਸੀਲਦਾਰ/ਨਾਇਬ ਤਹਿਸੀਲਦਾਰ ਸਮੇਂ ਸਿਰ ਵਸੀਕੇ ਤਸਦੀਕ ਕਰਨਾ ਸੁਰੂ ਨਹੀ ਕਰਦੇ, ਜਿਸ ਕਾਰਣ ਆਮ ਪਬਲਿਕ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
2. ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਵੀ ਸਬ- ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ/ਤਹਿਸੀਲਦਾਰ/ਨਾਇਬ ਤਹਿਸੀਲਦਾਰ ਦੀ ਜਿਸ ਦਿਨ ਵਸੀਕੇ ਤਸਦੀਕ ਕਰਨ ਦੀ ਡਿਊਟੀ ਹੈ, ਉਹ ਉਸ ਦਿਨ ਸਵੇਰੇ 9.00 ਵਜੇ ਤੋਂ ਵਸੀਕੇ ਤਸਦੀਕ ਕਰਨ ਲਈ ਆਪਣੇ ਦਫਤਰ ਵਿੱਚ ਉਪਲੱਬਧ ਹੋਵੇ।
3. ਜਿਸ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ/ਤਹਿਸੀਲਦਾਰ/ਨਾਇਬ ਤਹਿਸੀਲਦਾਰ ਦੀ ਜਿਸ ਦਿਨ ਵਸੀਕੇ ਤਸਦੀਕ ਕਰਨ ਦੀ ਡਿਊਟੀ ਹੈ, ਆਪ ਵੱਲੋਂ ਉਸ ਦਿਨ ਕੋਈ ਹੋਰ ਡਿਊਟੀ ਨਾ ਲਗਾਈ ਜਾਵੇ।
4. ਆਪ ਨੂੰ ਇਹ ਵੀ ਆਖਿਆ ਜਾਂਦਾ ਹੈ ਕਿ at random ਤਹਿਸੀਲਾਂ ਵਿੱਚ ਫੋਨ ਕਰਕੇ ਸਵੇਰੇ 9.00 ਵਜੇ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ/ਤਹਿਸੀਲਦਾਰ/ਨਾਇਬ ਤਹਿਸੀਲਦਾਰ ਦੀ ਹਾਜਰੀ ਚੈੱਕ ਕੀਤੀ ਜਾਵੇ।