ਹਰਿੰਦਰ ਨਿੱਕਾ, ਬਰਨਾਲਾ 21 ਦਸੰਬਰ 2024
ਨਗਰ ਪੰਚਾਇਤ ਹੰਡਿਆਇਆ ਦੇ ਕੁੱਲ ਤੇਰਾਂ ਵਾਰਡਾਂ ‘ਚੋਂ 12 ਵਾਰਡਾਂ ਲਈ ਅੱਜ ਹੋ ਰਹੀ ਵੋਟਿੰਗ ਲਈ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਜਦੋਂਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਮਜ਼ੋਰ ਪਕੜ ਕਾਰਣ, ਕਥਿਤ ਤੌਰ ਤੇ ਜਾਲ੍ਹੀ ਵੋਟਾਂ ਭੁਗਤਾਉਣ ਤੇ ਵੀ ਸੱਤਾਧਾਰੀਆਂ ਦਾ ਜ਼ੋਰ ਲੱਗਿਆ ਪਿਆ ਹੈ। ਅਜਿਹੇ ਦੋਸ਼ ਕਾਂਗਰਸ, ਭਾਜਪਾ,ਅਕਾਲੀ ਦਲ ਅਤੇ ਅਜਾਦ ਉਮੀਦਵਾਰਾਂ ਦੇ ਸਮੱਰਥਕ ਲਗਾ ਰਹੇ ਹਨ। ਜਾਲੀ ਵੋਟਾਂ ਭੁਗਤਾਏ ਜਾਣ ਤੋਂ ਰੋਹ ਵਿੱਚ ਆਏ ਲੋਕਾਂ ਵੱਲੋਂ ਪ੍ਰਸ਼ਾਸ਼ਨ ਤੇ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਜਾ ਰਹੀ ਹੈ। ਪੁਲਿਸ ਦੀ ਮੁਸਤੈਦੀ ਇਨ੍ਹੀ ਹੈ ਕਿ ਜਦੋਂ ਵੀ ਕੋਈ ਜਾਲ੍ਹੀ ਵੋਟ ਪਾਉਂਦਾ ਫੜ੍ਹਿਆ ਜਾਂਦਾ ਹੈ ਤਾਂ ਪੁਲਿਸ ਮੁਲਾਜਮ ਉਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਦੱਬੇ ਪੈਰੀਂ ਉੱਥੋਂ ਖਿਸਕਾ ਦਿੰਦੇ ਹਨ। ਹਾਲਤ ਇਹ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਉਲਟ ਨਗਰ ਵਿੱਚ ਬਾਹਰੀ ਵਿਅਕਤੀਆਂ ਦੀ ਭੀੜ, ਜਿਆਦਾ ਹੈ,ਜਿੰਨ੍ਹਾਂ ਨੂੰ ਰੋਕਣ ਦੀ ਬਜਾਏ ਪੁਲਿਸ ਅਧਿਕਾਰੀ ਚੁੱਪ ਧਾਰੀ ਬੈਠੇ ਹਨ। ਪੋਲਿੰਗ ਏਜੰਟਾਂ ਦੀ ਤਰਫੋਂ ਲਾਏ ਜਾਂਦੇ ਇਤਰਾਜਾਂ ਦੇ ਬਾਵਜੂਦ ਵੀ ਜਾਲ੍ਹੀ ਵੋਟਰ, ਵੋਟਾਂ ਪਾਉਣ ਵਿੱਚ ਮਸ਼ਰੂਫ ਹਨ। ਨਗਰ ਅੰਦਰ ਪੁਲਿਸ ਦੇ ਪੱਖਪਾਤੀ ਰਵੱਈਏ ਕਾਰਣ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਇਸ ਕੁੱਝ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਲੋਕਾਂ ਨੇ ਬਾਹਰੀ ਵਿਅਕਤੀ ਨੂੰ ਮੌਕੇ ਤੇ ਫੜਿਆ ਵੀ ਹੈ ਤੇ ਪੁਲਿਸ ਕੋਈ ਕਾਰਵਾਈ ਵੀ ਨਹੀਂ ਕਰ ਰਹੀ। ਇਸੇ ਤਰਾਂ ਜਾਲੀ ਵੋਟਾਂ ਨੂੰ ਲੈ ਕੇ ਪੈਦਾ ਹੋ ਰਹੇ ਤਣਾਅ ਪੂਰਣ ਮਾਹੌਲ ਨਾਲ ਨਜਿੱਠਣ ਲਈ ਡੀਐਸਪੀ ਸਤਵੀਰ ਸਿੰਘ ਬੈਂਸ, ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ। ਹਾਲੇ ਤੱਕ ਮਾਮੂਲੀ ਤਕਰਾਰਬਾਜੀ ਤੋਂ ਇਲਾਵਾ ਮਾਹੌਲ ਸ਼ਾਂਤੀਪੂਰਣ ਹੀ ਬਣਿਆ ਹੋਇਆ ਹੈ। ਉੱਧਰ ਵੋਟਰਾਂ ਦਾ ਉਤਸਾਹ ਇਸੇ ਗੱਲ ਤੋਂ ਹੀ ਪਤਾ ਲੱਗਦਾ ਹੈ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਦੇ ਪਹਿਲੇ ਦੋ ਘੰਟਿਆਂ ਵਿੱਚ 17.8 ਫੀਸਦੀ, ਅਗਲੇ ਦੋ ਘੰਟਿਆਂ ਵਿੱਚ 11 ਵਜੇ ਤੱਕ 38.9 ਫੀਸਦੀ ਵੋਟਾਂ ਪੋਲ ਹੋਈਆਂ। ਫਿਰ 1 ਵਜੇ ਤੱਕ ਹੀ ਪੋਲਿੰਗ 60 ਪ੍ਰਤੀਸ਼ਤ ਤੱਕ ਅੱਪੜ ਗਿਆ, ਜਦੋਂਕਿ 3 ਵਜੇ ਤੱਕ ਪੋਲਿੰਗ 75 ਪ੍ਰਤੀਸ਼ਤ ਦਾ ਅੰਕੜਾ ਪਾਰ ਕਰ ਗਈ। 3 ਵਜੇ ਤੋਂ ਬਾਅਦ ਤੱਕ ਦੀਆਂ ਵੋਟਾਂ ਦਾ ਅੰਕੜਾ ਆਉਣਾ ਹਾਲੇ ਬਾਕੀ ਹੈ।