ਕੇਸ ਦੇ ਫੈਸਲੇ ਤੋਂ ਪਹਿਲਾਂ ਇੱਕ ਦੋਸ਼ੀ ਦੀ ਹੋ ਚੁੱਕੀ ਹੈ ਮੌਤ ਤੇ ਦੂਜੇ ਨੂੰ ਅਦਾਲਤ ਨੇ ਕਰਿਆ ਬਰੀ
ਰਘਵੀਰ ਹੈਪੀ, ਬਰਨਾਲਾ 30 ਨਵੰਬਰ 2024
29 ਲੱਖ ਤੋਂ ਵਧੇਰੇ ਰਕਮ ਦਾ ਗਬਨ, ਮਾਨਯੋਗ ਅਦਾਲਤ ਵਿੱਚ 7 ਸਾਲ ਅਤੇ 3 ਮਹੀਨੇ 26 ਦਿਨ ਦੋ ਜਣਿਆਂ ਖਿਲਾਫ ਕੇਸ ਚੱਲਿਆ, ਪੁਲਿਸ ਵੱਲੋਂ ਦਰਜ਼ ਕੇਸ ਦੀ ਕਹਾਣੀ ਨੂੰ ਸਾਬਿਤ ਕਰਨ ਲਈ, ਕਰੀਬ 25 ਗਵਾਹਾਂ ਨੇ ਗਵਾਹੀਆਂ ਦਿੱਤੀਆਂ। ਅਦਾਲਤੀ ਪ੍ਰਕਿਰਿਆ ਦੌਰਾਨ ਹੀ,ਇੱਕ ਨਾਮਜ਼ਦ ਦੋਸ਼ੀ ਦੀ ਮੌਤ ਹੋ ਗਈ,ਜਦੋਂਕਿ ਦੂਜੇ ਦੋਸ਼ੀ ਗੁਰਪਿਆਰ ਸਿੰਘ ਵਾਸੀ ਬੁਰਜ ਫਤਿਹਗੜ੍ਹ ਨੂੰ ਮਾਨਯੋਗ ਜੱਜ ਅਨੂਪਮ ਗੁਪਤਾ ਪੀ.ਸੀ.ਐਸ. ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ ਦਰਜਾ ਪਹਿਲਾ ਬਰਨਾਲਾ ਦੀ ਅਦਾਲਤ ਨੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ- ਇੱਜਤ ਬਰੀ ਕਰ ਦਿੱਤਾ।
29,28,869 ਰੁਪਏ ਦੇ ਗਬਨ ਦੇ ਸਬੰਧ ਵਿੱਚ ਇਹ ਮੁਕੱਦਮਾ ਨੰਬਰ 54 ਮਿਤੀ 03-08-2017 ਨੂੰ ਜੇਰ ਧਾਰਾ 420, 409, 120-ਬੀ. ਆਈ.ਪੀ.ਸੀ ਥਾਣਾ ਸਹਿਣਾ ਵਿਖੇ ਗੁਰਪਿਆਰ ਸਿੰਘ ਵਾਸੀ ਬੁਰਜ ਫਤਿਹਗੜ੍ਹ ਅਤੇ ਇਕ ਹੋਰ ਮੁਲਜਮ ਦੇ ਖਿਲਾਫ ” ਦੀ ਸ਼ਹਿਣਾ ਬਲਾਕ ਰੂਰਲ ਸਹਿਕਾਰੀ ਮਕਾਨ ਉਸਾਰੀ ਸਭਾ ਲਿਮ: ਸਹਿਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਐਸ.ਐਸ.ਪੀ. ਬਰਨਾਲਾ ਦੇ ਦਿੱਤੀ ਦੁਰਖਾਸਤ ਤੇ ਪੁਲਿਸ ਤਫਤੀਸ਼ ਤੋਂ ਬਆਦ ਦਰਜ ਕੀਤਾ ਗਿਆ ਸੀ । ਪਰ ਇੱਕ ਦੋਸ਼ੀ ਦੀ ਬਆਦ ਵਿੱਚ ਮੌਤ ਹੋ ਗਈ ਸੀ ਤੇ ਇਹ ਕੇਸ ਸਿਰਫ ਗੁਰਪਿਆਰ ਸਿੰਘ ਦੇ ਖਿਲਾਫ ਹੀ ਚੱਲਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਮੁਦਈ ਧਿਰ ਨੇ ਆਪਣਾ ਕੇਸ ਮਾਨਯੋਗ ਅਦਾਲਤ ਵਿੱਚ ਸਾਬਿਤ ਕਰਨ ਲਈ ਕਰੀਬ 25 ਗਵਾਹ ਪੇਸ਼ ਕੀਤੇ । ਪਰ ਫੇਰ ਵੀ ਉਹ ਆਪਣਾ ਕੇਸ ਅਦਾਲਤ ਵਿੱਚ ਸਾਬਿਤ ਕਰਨ ‘ਚ ਸਫਲ ਨਹੀਂ ਹੋ ਸਕੇ । ਇਸ ਕੇਸ ਵਿੱਚ ਐਡਵੋਕੇਟ ਬੀਵੰਸ਼ੂ ਗੋਇਲ ਨੇ ਅਦਾਲਤ ਵਿੱਚ ਦਲੀਲ ਦਿੰਦੇ ਹੋਏ ਕਿਹਾ ਕਿ ਮੁਦਈ ਧਿਰ ਵੱਲੋਂ ਜਾਹਿਰ ਕਰਦਾ ਦੋਸ਼ੀਆਂ ਖਿਲਾਫ ਲਾਏ ਸਾਰੇ ਦੋਸ਼ ਝੂਠੇ ਤੇ ਬੇ ਬੁਨਿਆਦ ਹਨ । ਉਨ੍ਹਾਂ ਆਪਣੇ ਮੁਲਾਜਮਾਂ ਨੂੰ ਬਚਾਉਣ ਲਈ ਕਰਮਚਾਰੀਆਂ ਨਾਲ ਸਾਜ-ਬਾਜ ਕਰਕੇ ਸਾਰੇ ਰਿਕਾਰਡ ਵਿੱਚ ਥਾਂ ਥਾਂ ਕਟਿੰਗ ਕਰਕੇ ਰਿਕਾਰਡ ਨਾਲ ਟੈਂਪਰਿੰਗ ਕੀਤੀ ਹੋਈ ਹੈ । ਜਿਸ ਦੇ ਅਧਾਰ ਤੇ ਸਾਰੀਆਂ ਆਡਿਟ ਰਿਪੋਰਟਾਂ ਵੀ ਝੂਠੀਆਂ ਤਿਆਰ ਕੀਤੀਆਂ ਗਈਆਂ ਤੇ ਗਵਾਹਾਂ ਮੁਤਾਬਿਕ ਵੀ ਉਨ੍ਹਾਂ ਨੂੰ ਥਾਣੇ ਬੁਲਾਕੇ ਝੂਠੇ ਬਿਆਨ ਦਰਜ ਕਰਕੇ ਸਾਰਾ ਕੇਸ ਝੂਠਾ ਤਿਆਰ ਕੀਤਾ ਹੋਇਆ ਹੈ । ਇਸੇ ਕਰਕੇ ਗਵਾਹਾਂ ਦੇ ਬਿਆਨ ਮਾਨਯੋਗ ਅਦਾਲਤ ਵਿੱਚ ਆਪਸ ਵਿੱਚ ਮੇਲ ਹੀ ਨਹੀਂ ਖਾਂਦੇ ਤੇ ਜਾਹਰ ਕਰਦਾ ਦੋਸ਼ੀਆਂ ਦੇ ਖਿਲਾਫ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਸ ਕੇਸ ਵਿੱਚ ਝੂਠੇ ਤੌਰ ਤੇ ਫਸਾਇਆ ਗਿਆ ਹੈ ਤੇ ਨਾਮਜ਼ਦ ਦੋਸ਼ੀ ਬੇਕਸੂਰ ਹੈ।
ਮਾਨਯੋਗ ਜੱਜ ਅਨੂਪਮ ਗੁਪਤਾ ਪੀ.ਸੀ.ਐਸ. ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ ਦਰਜਾ ਪਹਿਲਾ ਬਰਨਾਲਾ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਗੁਰਪਿਆਰ ਸਿੰਘ ਵਾਸੀ ਬੁਰਜ ਫਤਿਹਗੜ੍ਹ ਨੂੰ 29,28,869 ਰੁਪਏ ਦੇ ਗਬਨ ਦੇ ਕੇਸ ਵਿੱਚੋਂ ਬਾ- ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ।