ਹਰਿੰਦਰ ਨਿੱਕਾ, ਬਰਨਾਲਾ 29 ਨਬੰਵਰ 2024
ਜਿਲ੍ਹੇ ਦੀ ਤਪਾ ਤਹਿਸੀਲ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਲੰਘੇ ਦਿਨੀਂ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥ ਫੜ੍ਹੇ ਜਾਣ ਤੋਂ ਬਾਅਦ ਤਹਿਸੀਲਦਾਰ ਦੇ ਪੱਖ ਵਿੱਚ ਨਿੱਤਰੀ ਰੈਵਨਿਊ ਆਫੀਸਰ ਐਸੋਸੀਏਸ਼ਨ ਦੇ ਮੁਕਾਬਲੇ ਲਈ ਹੁਣ ਜਿਲ੍ਹੇ ਦੀਆਂ ਮਜਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅੱਜ ਮਜਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਕਥਿਤ ਰਿਸਵਤਖੋਰ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਤੇ ਸਖਤ ਕਾਰਵਾਈ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਂ ਉੱਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਭੇਜਿਆ ਹੈ।
ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਗੁਰਪ੍ਰੀਤ ਰੂੜੇਕੇ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ,ਬੀ ਕੇ ਯੂ ਡਕੌਦਾ ਦੇ ਸਿਕੰਦਰ ਸਿੰਘ ਭੂਰੇ,ਸੀ ਆਈ ਟੀ ਯੂ ਦੇ ਸੇਰ ਸਿੰਘ ਫਰਵਾਹੀ,ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਜਗਰਾਜ ਸਿੰਘ ਟੱਲੇਵਾਲ ਆਦਿ ਆਗੂਆਂ ਨੇ ਕਿਹਾ ਕਿ ਅਮਰੀਕ ਸਿੰਘ ਬੀਹਲਾ ਦੀ ਸ਼ਕਾਇਤ ਦੇ ਅਧਾਰ ਤੇ ਇੱਕ ਕਿਸਾਨ ਤੋਂ ਤਹਿਸੀਲਦਾਰ ਤਪਾ ਨੂੰ 20,000 ਹਜਾਰ ਰੁਪਏ ਰਿਸਵਤ ਲੈਂਦੇ ਹੋਏ ਵਿਜੀਲੈਂਸ ਵਿਭਾਗ ਬਰਨਾਲਾ ਨੇ ਰੰਗੇ ਹੱਥੀਂ ਫੜਿਆ ਸੀ।
ਆਗੂਆਂ ਨੇ ਕਿਹਾ ਕਿ ਗ੍ਰਿਫਤਾਰ ਦੋਸ਼ੀ ਨੂੰ ਬਚਾਉਣ ਅਤੇ ਦਰਜ ਕੀਤਾ ਪਰਚਾ ਰੱਦ ਕਰਵਾਉਣ ਲਈ ਰੈਵਨਿਉ ਅਫਸਰ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਹੈ। ਜਿਸ ਨਾਲ ਆਮ ਜਨਤਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਆਗੂਆਂ ਨੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਕਰੜੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰਿਸ਼ਵਤਖੋਰ ਤਹਿਸੀਲਦਾਰ ਉੱਤੇ ਸਖਤ ਤੋ ਸਖਤ ਕਾਰਵਾਈ ਨਾ ਕੀਤੀ ਅਤੇ ਦਰਜ਼ ਪਰਚੇ ਤੋਂ ਬਚਾਉਣ ਲਈ ਕੋਈ ਵੀ ਕੁਤਾਹੀ ਕੀਤੀ ਗਈ ਤਾਂ ਬਰਨਾਲਾ ਜਿਲ੍ਹੇ ਦੀਆਂ ਮਜਦੂਰ ਤੇ ਕਿਸਾਨ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਤਰਸੇਮ ਸਿੰਘ,ਸਿੰਦਰ ਸਿੰਘ ਭੁੱਲਰ,ਮਲਕੀਤ ਸਿੰਘ,ਆਦਿ ਆਗੂ ਵੀ ਹਾਜ਼ਰ ਸਨ।