ਮੱਠੀ ਰਹੀ ਵੋਟਿੰਗ ਦੀ ਰਫਤਾਰ,ਕਿਹੜੇ ਹਲਕੇ ‘ਚ ਹੋਈ ਸਭ ਤੋਂ ਘੱਟ ਤੇ ਵੱਧ ਵੋਟਿੰਗ….
ਹਰਿੰਦਰ ਨਿੱਕਾ, ਚੰਡੀਗੜ੍ਹ 20 ਨਵੰਬਰ 2024
ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅੱਜ ਹੋਈਆਂ ਜਿਮਨੀ ਚੋਣਾਂ ਵਿੱਚ ਗਿੱਦੜਬਹਾ ਅਤੇ ਡੇਰਾ ਬਾਬਾ ਨਾਨਕ ਹਲਕੇ ਨੂੰ ਛੱਡ , ਬਾਕੀ ਦੋ ਹਲਕਿਆਂ ਬਰਨਾਲਾ ਅਤੇ ਚੱਬੇਵਾਲ ਵਿੱਚ ਵੋਟਿੰਗ ਦੀ ਰਫਤਾਰ ਮੱਠੀ ਹੀ ਰਹੀ। ਗਿੱਦੜਬਹਾ ਹਲਕੇ ਦੇ ਵੋਟਰਾਂ ਨੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ-ਚੜ੍ਹਕੇ ਹਿੱਸਾ ਲਿਆ,ਜਦੋਂਕਿ ਡੇਰਾ ਬਾਬਾ ਨਾਨਕ ਹਲਕੇ ਦੇ ਅੱਧਿਓਂ ਵੱਧ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਉਤਸ਼ਾਹ ਨਾਲ ਕੀਤੀ। ਸ਼ਾਮ 6 ਵਜੇ,ਵੋਟਿੰਗ ਦਾ ਸਮਾਂ ਸਮਾਪਤ ਹੁੰਦਿਆਂ ਹੀ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਗਈ ਅਤੇ ਹੁਣ ਚੋਣਾਂ ਦਾ ਨਤੀਜਾ 23 ਨਵੰਬਰ ਨੂੰ ਆਵੇਗਾ। ਉਦੋਂ ਤੱਕ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੀ ਰਹਿਣਗੀਆਂ। ਚੋਣਾਂ ਖਤਮ ਹੁੰਦਿਆਂ ਦਾਅਵਿਆਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਵਾਅਦਿਆਂ ਨੂੰ ਵਿਰਾਮ ਲੱਗ ਗਿਆ। ਚੋਣ ਪਿੜ ਵਿੱਚ ਕਿਸਮਤ ਅਜਮਾਈ ਕਰ ਰਹੇ, ਸਾਰੇ ਹੀ ਉਮੀਦਵਾਰਾਂ ਵੱਲੋਂ ਵਾਅਦਿਆਂ ਨੂੰ ਛੱਡ ਕੇ, ਆਪੋ-ਆਪਣੀ ਜਿੱਤ ਦੇ ਦਾਅਵੇ ਸ਼ੁਰੂ ਕਰ ਦਿੱਤੇ ਹਨ। ਚੋਣ ਕਮਿਸ਼ਨ ਵੱਲੋਂ ਜ਼ਾਰੀ ਅੰਕੜਿਆਂ ਮੁਤਾਬਿਕ ਸ਼ਾਮ 6 ਵਜੇ ਤੱਕ ਚਾਰੇ ਸੀਟਾਂ ‘ਤੇ ਕੁੱਲ 63 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਗਿੱਦੜਬਾਹਾ ਵਿੱਚ ਸਭ ਤੋਂ ਵੱਧ 81 ਫੀਸਦੀ, ਡੇਰਾ ਬਾਬਾ ਨਾਨਕ ਵਿੱਚ 63 ਫੀਸਦੀ, ਬਰਨਾਲਾ ਵਿੱਚ 54 ਫੀਸਦੀ ਅਤੇ ਚੱਬੇਵਾਲ ਵਿੱਚ 53 ਫੀਸਦੀ ਵੋਟਿੰਗ ਹੋਈ। ਇਹ ਅੰਕੜੇ ਅੰਤਿਮ ਨਹੀਂ, ਇਨ੍ਹਾਂ ਵਿੱਚ ਬਦਲਾਅ ਆਉਣਾ ਵੀ ਸੰਭਵ ਹੈ। ਕਿਉਂਕਿ ਕੁੱਝ ਪੋਲਿੰਗ ਕੇਂਦਰਾਂ ਤੇ ਹਾਲੇ ਵੋਟਿੰਗ ਚੱਲ ਰਹੀ ਸੀ। ਕਿਉਂਕਿ ਨਿਯਮਾਂ ਅਨੁਸਾਰ ਜਿਹੜੇ ਵੋਟਰ 6 ਵਜੇ ਤੱਕ ਪੋਲਿੰਗ ਬੂਥ ਤੇ ਪਹੁੰਚ ਚੁੱਕੇ ਹੋਣ,ਉਨ੍ਹਾਂ ਦੀ ਵੋਟਿੰਗ ਕਰਵਾਉਣਾ ਲਾਜ਼ਿਮੀ ਹੁੰਦਾ ਹੈ। ਡੇਰਾ ਬਾਬਾ ਨਾਨਕ ‘ਚ ਵੋਟਿੰਗ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਸਮਰਥਕਾਂ ‘ਚ ਝੜਪ ਹੋ ਗਈ। ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਗੁੰਡਾਗਰਦੀ ਕਰ ਰਹੀ ਹੈ।
ਉਧਰ ਬਰਨਾਲਾ ਹਲਕੇ ਦੇ ਬਰਨਾਲਾ ਸ਼ਹਿਰ ਅੰਦਰ ਕਾਂਗਰਸੀ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਤੇ ਵਰਕਰਾਂ ਵਿੱਚ ਪੈਸੇ ਵੰਡੇ ਜਾਣ ਦੇ ਸ਼ੱਕ ਕਾਰਣ, ਤਿੱਖੀ ਨੋਕ ਝੋਕ ਵੇਖਣ ਨੂੰ ਮਿਲੀ, ਖਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ਵਿੱਚ ਤਣਾਅ ਬਰਕਰਾਰ ਹੈ,ਪਰੰਤੂ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੇ ਯਤਨ ਜ਼ਾਰੀ ਹਨ। ਮੌਕਾ ਪਰ, ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਗੋਵਿੰਦ ਸਿੰਘ ਸੰਧੂ ਵੀ ਪਹੁੰਚ ਗਏ। ਦੋਵਾਂ ਨੇ ਇੱਕ ਦੂਜੇ ਤੇ ਦੋਸ਼ ਲਾਏ ਹਨ ਤੇ ਅਕਾਲੀਆਂ ਵਰਕਰਾਂ ਤੇ ਆਗੂਆਂ ਨੇ ਕਾਂਗਰਸੀ ਉਮੀਦਵਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਦੋਵੇਂ ਹੀ ਧਿਰਾਂ ਵੱਲੋਂ ਇੱਕ ਦੂਜੇ ਤੇ ਗੁੰਡਾਗਰਦੀ ਦੇ ਦੋਸ਼ ਲਾ ਕੇ,ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਤ ਤੇ ਕਾਬੂ ਪਾਉਣ ਲਈ ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਡੀਐਸਪੀ ਬਲਜੀਤ ਸਿੰਘ ਢਿੱਲੋਂ ਵੀ ਪੁਲਿਸ ਟੀਮ ਸਣੇ ਤਾਇਨਾਤ ਹਨ।