103- ਬਰਨਾਲਾ ਵਿਧਾਨ ਸਭਾ ਉਪ ਚੋਣ ਲਈ 56.3 ਫ਼ੀਸਦੀ ਵੋਟਿੰਗ: ਜ਼ਿਲ੍ਹਾ ਚੋਣ ਅਫ਼ਸਰ
ਹਰਿੰਦਰ ਨਿੱਕਾ, ਬਰਨਾਲਾ, 21 ਨਵੰਬਰ 2024
ਵਿਧਾਨ ਸਭਾ ਹਲਕਾ ਬਰਨਾਲਾ ‘ਚ ਲੰਘੀ ਕੱਲ੍ਹ ਹੋਈ ਵੋਟਿੰਗ ਦੇ ਅੱਜ ਜਿਲਾ ਚੋਣ ਅਫਸਰ ਵੱਲੋਂ ਜ਼ਾਰੀ ਤਾਜ਼ਾ ਅੰਕੜੇ ਵਿੱਚ 2 .3 ਫੀਸਦੀ ਦਾ ਵਾਧਾ ਸਾਹਮਣੇ ਆਉਣ ਨਾਲ ਬਰਨਾਲਾ ਹਲਕੇ ਤੋਂ ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਤੇ ਉਨਾਂ ਦੇ ਸਪੋਰਟਰਾਂ ਦਾ ਗਣਿਤ ਗੜਬੜਾ ਗਿਆ ਹੈ। ਕਿਉਂਕਿ ਸਾਰੇ ਹੀ ਉਮੀਦਵਾਰਾਂ ਵੱਲੋਂ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਦੁਆਰਾ ਲੰਘੀ ਕੱਲ ਜ਼ਾਰੀ ਵੋਟਿੰਗ ਦੇ ਅੰਕੜੇ 54 ਪ੍ਰਤੀਸ਼ਤ ਦੇ ਹਿਸਾਬ ਨਾਲ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ। ਪਰੰਤੂ ਹੁਣ ਜ਼ਾਰੀ ਹਾਲੀਆ ਅੰਕੜੇ ਨੇ ਫਿਰ ਤੋਂ ਸਾਰਿਆਂ ਨੂੰ ਆਪੋ-ਆਪਣੀਆਂ ਗਿਣਤੀਆਂ ਮਿਣਤੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਬਰਨਾਲਾ ਹਲਕੇ ਅੰਦਰ ਕੀ ਆਇਆ ਨਵਾਂ ਅੰਕੜਾ,,
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੌਰਾਨ 56.3 ਫੀਸਦੀ ਵੋਟਿੰਗ ਹੋਈ। ਉਹਨਾਂ ਮੁਕੰਮਲ ਤੌਰ ’ਤੇ ਸ਼ਾਂਤਮਈ ਢੰਗ ਨਾਲ ਵੋਟਿੰਗ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਵੋਟਿੰਗ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਤਾਇਨਾਤ ਚੋਣ ਅਮਲੇ ਅਤੇ ਸੁਰੱਖਿਆ ਕਰਮੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 23 ਨਵੰਬਰ (ਸ਼ਨੀਵਾਰ) ਨੂੰ ਸਥਾਨਕ ਐੱਸ ਡੀ ਕਾਲਜ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਵਿਖੇ ਲੋੜੀਂਦੇ ਇੰਤਜ਼ਾਮਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਵੋਟਾਂ ਦੀ ਗਿਣਤੀ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।
ਉਹਨਾਂ ਦੱਸਿਆ ਕਿ ਹਲਕੇ ਦੇ ਕੁੱਲ 212 ਪੋਲਿੰਗ ਬੂਥਾਂ ’ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ। ਵੋਟਾਂ ਪਾਉਣ ਦਾ ਸਮਾਂ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤਕ ਸੀ, ਜਿਸ ਦੌਰਾਨ 56.3 ਫ਼ੀਸਦੀ ਵੋਟਿੰਗ ਹੋਈ। ਉਹਨਾਂ ਦੱਸਿਆ ਕਿ ਕੁੱਲ 99956 ਵੋਟਾਂ ਪਈਆਂ, ਜਿਨ੍ਹਾਂ ਵਿੱਚ 53489 ਪੁਰਸ਼, 46465 ਔਰਤਾਂ, 2 ਹੋਰ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਉਨ੍ਹਾਂ ਦੱਸਿਆ ਕਿ ਚੋਣਾਂ ਦਾ ਅਮਲ ਸੁਤੰਤਰ ਤਰੀਕੇ ਨਾਲ ਅਤੇ ਅਮਨ – ਅਮਾਨ ਨਾਲ ਸਿਰੇ ਚੜ੍ਹਾਉਣ ਲਈ 1064 ਦੇ ਕਰੀਬ ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਸੀ।
ਉਹਨਾਂ ਜਿੱਥੇ ਚੋਣ ਅਮਲੇ, ਸੁਰੱਖਿਆ ਅਮਲੇ ਤੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ, ਓਥੇ ਸਮੂਹ ਵੋਟਰਾਂ ਅਤੇ ਰਾਜਨੀਤਕ ਪਾਰਟੀਆਂ ਦਾ ਸ਼ਾਂਤਮਈ ਵੋਟਿੰਗ ਲਈ ਧੰਨਵਾਦ ਕੀਤਾ।