ਪੰਜਾਬ ਵਿੱਚ ਗੁੰਡਾ ਰਾਜ ਦੇ ਖ਼ਾਤਮੇ ਲਈ ਬੀਜੇਪੀ ਨੂੰ ਜਿਤਾਉਣਾ ਜ਼ਰੂਰੀ : ਕੇਵਲ ਢਿੱਲੋਂ
ਹਲਕੇ ਦੇ ਲੋਕਾਂ ਦਾ ਸਾਥ ਮਿਲਿਆ ਤਾਂ ਲਿਆਵਾਂਗਾ ਵੱਡੇ ਪ੍ਰੋਜੈਕਟ
ਸੋਨੀ ਪਨੇਸਰ, ਬਰਨਾਲਾ 18 ਨਵੰਬਰ 2024
ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਦੇ ਅੰਤਿਮ ਦਿਨ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਜਿਸ ਦੌਰਾਨ ਉਹਨਾਂ ਨੂੰ ਹਲਕੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਹਲਕੇ ਵਿੱਚੋਂ ਮਿਲਿਆ ਸਾਥ ਕੇਵਲ ਢਿੱਲੋਂ ਦੀ ਜਿੱਤ ਉਪਰ ਮੋਹਰ ਲਗਾਉਂਦਾ ਦਿਖਾਈ ਦੇ ਰਿਹਾ ਹੈ।
ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਉਸਨੂੰ ਹਮੇਸ਼ਾ ਮਾਣ ਬਖ਼ਸਿਆ ਹੈ। ਇੱਕ ਵਾਰ ਮੁੜ ਉਹ ਬਰਨਾਲਾ ਦੇ ਲੋਕਾਂ ਤੋਂ ਸਾਥ ਦੀ ਅਪੀਲ ਕਰ ਰਿਹਾ ਹੈ। ਜੇਕਰ ਬਰਨਾਲਾ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਵੱਡੇ ਪ੍ਰੋਜੈਕਟ ਬਰਨਾਲਾ ਵਿੱਚ ਲਿਆਵਾਂਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਗੁੰਡਾਰਾਜ ਹੈ। ਕੋਈ ਵਿਅਕਤੀ ਜਾਂ ਔਰਤ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ। ਸ਼ਰੇਆਮ ਦਿਨ ਦਿਹਾੜੇ ਕਤਲ ਅਤੇ ਲੁੱਟਾਂ ਹੋ ਰਹੀਆਂ ਹਨ। ਇਸ ਗੁੰਡਾ ਸਿਸਟਮ ਨੂੰ ਸਿਰਫ਼ ਭਾਜਪਾ ਸਰਕਾਰ ਹੀ ਖ਼ਤਮ ਕਰ ਸਕਦੀ ਹੈ। ਇਸ ਕਰਕੇ ਬਰਨਾਲਾ ਦੇ ਲੋਕ ਖਾਸ ਕਰਕੇ ਵਪਾਰੀ ਵਰਗ ਆਪਣੀ ਸੁਰੱਖਿਆ ਲਈ ਭਾਜਪਾ ਨੂੰ ਜ਼ਰੂਰ ਵੋਟ ਦੇਣ ਤਾਂ ਕਿ ਇਸ ਗੁੰਡਾ ਰਾਜ ਦਾ ਖ਼ਾਤਮਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਨੇ ਚੋਣ ਪ੍ਰਚਾਰ ਦੌਰਾਨ ਬਹੁਤ ਸਾਥ ਦਿੱਤਾ ਹੈ। ਜਿਸ ਲਈ ਉਹ ਬਰਨਾਲਾ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕ ਮੇਰਾ ਪਰਿਵਾਰ ਹਨ, ਇਸ ਪਰਿਵਾਰ ਲਈ ਉਹ ਦਿਨ ਰਾਤ ਸੇਵਾ ਵਿੱਚ ਹਾਜ਼ਰ ਹਨ। ਮੇਰਾ ਇੱਕੋ ਇੱਕ ਮਕਸਦ ਬਰਨਾਲਾ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਮੁਹੱਈਆ ਕਰਵਾਉਣਾ ਹੈ। ਜਿਸ ਲਈ ਉਹ ਨਿਰੰਤਰ 20 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ। ਉਹਨਾਂ ਬਰਨਾਲਾ ਦੇ ਲੋਕਾਂ ਨੂੰ 20 ਨਵੰਬਰ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾ ਕੇ ਕਮਲ ਦਾ ਫ਼ੁੱਲ ਉਪਰ ਮੋਹਰ ਲਗਾਉਣ ਦੀ ਅਪੀਲ ਕੀਤੀ।