ਬਰਨਾਲੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਪਾਇਓ: ਮੀਤ ਹੇਅਰ
ਬਰਨਾਲਾ ਹਲਕੇ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ: ਹਰਿੰਦਰ ਸਿੰਘ ਧਾਲੀਵਾਲ
ਆਪ ਵੱਲੋਂ ਚੋਣ ਪ੍ਰਚਾਰ ਨੂੰ ਸਿਖਰਾਂ ਉਤੇ ਲਿਜਾਂਦਿਆ ਆਪਣੇ ਕੰਮਾਂ ਦੇ ਸਿਰ ਉੱਪਰ ਵੋਟਾਂ ਮੰਗੀਆਂ ਗਈਆਂ
ਰਘਵੀਰ ਹੈਪੀ, ਬਰਨਾਲਾ, 18 ਨਵੰਬਰ 2024
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਤੇ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਜ਼ਿਮਨੀ ਚੋਣ ਲਈ ਅੱਜ ਪ੍ਰਚਾਰ ਦੇ ਆਖ਼ਰੀ ਦਿਨ ਪਿੰਡਾਂ ਵਿੱਚ ਵੱਡੇ ਚੋਣ ਜਲਸੇ ਕੀਤੇ ਅਤੇ ਬਰਨਾਲਾ ਸ਼ਹਿਰ ਵਿੱਚ ਡੋਰ ਟੂ ਡੋਰ ਕਰਦਿਆਂ ਹਲਕਾ ਵਾਸੀਆਂ ਕੋਲੋਂ ਵਿਕਾਸ ਦੇ ਨਾਮ ਉੱਪਰ ਵੋਟਾਂ ਮੰਗੀਆਂ। ਅੱਜ ਆਪ ਵੱਲੋਂ ਫਰਵਾਹੀ, ਧਨੌਲਾ, ਹੰਡਿਆਇਆ ਕੈਂਚੀਆਂ, ਸਰਾਂ ਕੋਠੇ, ਠੁੱਲ੍ਹੇਵਾਲ, ਸੰਘੇੜਾ ਤੇ ਭੱਦਲਵੱਢ ਵਿਖੇ ਚੋਣ ਸਭਾਵਾਂ ਕੀਤੀਆਂ ਗਈਆਂ ਉੱਥੇ ਬਰਨਾਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ।
ਦੋਵੇਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਬਰਨਾਲਾ ਹਲਕੇ ਵਿੱਚ ਰਿਕਾਰਡ ਤੋੜ ਕੰਮ ਹੋਏ ਹਨ ਅਤੇ ਆਉਂਦੇ ਢਾਈ ਸਾਲ ਹੋਰ ਵੀ ਵੱਡੇ ਕੰਮ ਹੋਣਗੇ। ਮੀਤ ਹੇਅਰ ਵੱਲੋਂ ਜਿੱਥੇ ਐਮਪੀ ਕੋਟੇ ਦੇ ਵੱਧ ਤੋਂ ਵੱਧ ਫੰਡ ਦੇਣ ਦਾ ਐਲਾਨ ਕੀਤਾ ਉੱਥੇ ਹਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਬਰਨਾਲਾ ਲਈ ਵਿਕਾਸ ਕਾਰਜ ਲਈ ਵੱਧ ਤੋਂ ਵੱਧ ਫੰਡ ਲਏ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਜਾਰੀ ਰੱਖਣ ਲਈ ਹਰਿੰਦਰ ਸਿੰਘ ਧਾਲੀਵਾਲ ਨੂੰ ਵੱਡੇ ਫਰਕ ਨਾਲ ਜਿਤਾਈਏ। ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਹਲਕੇ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।
ਮੀਤ ਹੇਅਰ ਨੇ ਬਰਨਾਲਾ ਤੋਂ ਜ਼ਿਮਨੀ ਚੋਣ ਪ੍ਰਚਾਰ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ ਬਰਨਾਲਾ ਵਾਸੀਆਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਦੇ ਉਹ ਤਹਿ ਦਿਲੋਂ ਸ਼ੁਕਰਗੁਜ਼ਾਰ ਰਹਿਣਗੇ। ਉਹਨਾਂ ਕਿਹਾ ਕਿ ਇਸ ਦੌਰਾਨ ਬਰਨਾਲਾ ਵਾਸੀਆਂ ਨੇ ਉਹਨਾਂ ਨੂੰ ਤੇ ਇੱਥੋਂ ਐਲਾਨੇ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਜੋ ਭਰਵਾਂ ਹੁੰਗਾਰਾ ਦਿੱਤਾ ਉਸ ਨੇ ਉਹਨਾਂ ਦੀ ਹਿੰਮਤ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਤੇ ਯਕੀਨਨ 20 ਨਵੰਬਰ ਨੂੰ ਉਹਨਾਂ ਦੇ ਹੱਕ ਵਿੱਚ ਹੀ ਵੋਟਾਂ ਪੈਣਗੀਆਂ।
ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਨੇ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦਿੱਤੀ ਹੈ ਤੇ ਇਹ ਉਹਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਇਸ ਵਾਰ ਵੀ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ। ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸਨ ਉਹਨਾਂ ਵਿੱਚੋਂ 90% ਵਾਅਦੇ ਪਹਿਲੇ ਢਾਈ ਸਾਲਾਂ ਵਿੱਚ ਹੀ ਪੂਰੇ ਕਰ ਲਏ ਗਏ ਹਨ। ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਆਮ ਲੋਕਾਂ ਦੀਆਂ ਜ਼ਰੂਰਤਾਂ ਤੇ ਉਹਨਾਂ ਦੇ ਮੁੱਦਿਆਂ ਨੂੰ ਤਵੱਜੋ ਦਿੱਤੀ ਤੇ ਅੱਗੇ ਵੀ ਦਿੰਦੇ ਰਹਿਣਗੇ। ਇਹੀ ਕਾਰਣ ਹੈ ਕਿ ਅੱਜ ਵੀ ਪੰਜਾਬ ਵਾਸੀਆਂ ਦਾ ਉਹਨਾਂ ਵਿੱਚ ਵਿਸ਼ਵਾਸ ਕਾਇਮ ਹੈ, ਕਿਉਂਕਿ ਉਹ ਰਵਾਇਤੀ ਪਾਰਟੀਆਂ ਦੀ ਧੱਕੇਸ਼ਾਹੀ ਤੋਂ ਛੁੱਟਕਾਰਾ ਚਾਹੁੰਦੇ ਸਨ ਇਸੇ ਲਈ ਉਹਨਾਂ ਨੇ ਬਦਲਾਅ ਨੂੰ ਚੁਣਿਆ।
ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਪੰਜਾਬ ਦੇ ਇਤਿਹਾਸ ਵਿੱਚ ਸਾਡੀ ਸਰਕਾਰ ਨੇ ਮਹਿਜ਼ ਢਾਈ ਸਾਲਾਂ ਵਿੱਚ 48,000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦੇ ਕੇ ਰਿਕਾਰਡ ਕਾਇਮ ਕੀਤਾ ਹੈ, ਕਿਉਂਕਿ ਉਹਨਾਂ ਦੀ ਸਰਕਾਰ ਦੀ ਨੀਅਤ ਸਾਫ਼ ਸੀ ਤੇ ਟੀਚਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੀ। ਬਰਨਾਲਾ ਹਲਕੇ ਵਿੱਚ ਕਰੋੜਾਂ ਰੁਪਏ ਦੇ ਫੰਡ ਦਿੱਤੇ ਹਨ ਅਤੇ ਪਹਿਲੀ ਵਾਰ ਨਹਿਰੀ ਪਾਣੀ ਪੁੱਜਦਾ ਕੀਤਾ।
ਇਸ ਮੌਕੇ ਬਰਨਾਲਾ ਤੋਂ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਹੁਣ ਤੱਕ ਚੋਣ ਪ੍ਰਚਾਰ ਦੌਰਾਨ ਇਹੀ ਕਿਹਾ ਹੈ ਕਿ ਉਹਨਾਂ ਦਾ ਏਜੰਡਾ ਸਿਰਫ਼ ਤੇ ਸਿਰਫ਼ ਬਰਨਾਲਾ ਦਾ ਵਿਕਾਸ ਹੈ। ਲੋਕਾਂ ਲਈ ਕੰਮ ਕਰਨ ‘ਤੇ ਉਹ ਹਮੇਸ਼ਾ ਜ਼ੋਰ ਦੇਣਗੇ ਤੇ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਵੱਲ ਧਿਆਨ ਲਗਾਉਣਗੇ। ਚੋਣ ਪ੍ਰਚਾਰ ਦੌਰਾਨ ਬਰਨਾਲਾ ਵਾਸੀਆਂ ਨੇ ਆਮ ਆਦਮੀ ਪਾਰਟੀ ‘ਤੇ ਜੋ ਇਹ ਵਿਸ਼ਵਾਸ ਦਿਖਾਇਆ ਉਸਦੇ ਉਹ ਧੰਨਵਾਦੀ ਹਨ ਤੇ ਨਤੀਜੇ ਜੋ ਵੀ ਹੋਣ ਉਹ ਇਸ ਵਿਸ਼ਵਾਸ ਨੂੰ ਉਹ ਸਦਾ ਕਾਇਮ ਰੱਖਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੰਗਲੇ ਪੰਜਾਬ ਬਣਾਉਣ ਦੀ ਸੋਚ ‘ਤੇ ਉਹ ਸਦਾ ਕੰਮ ਕਰਨਗੇ ਤਾਂ ਜੋ ਰਲ ਕੇ ਪੰਜਾਬ ਤੇ ਪੰਜਾਬੀਆਂ ਦਾ ਵਿਕਾਸ ਕੀਤਾ ਜਾ ਸਕੇ।