ਹੋ ਸਕਦੀ ਐ ਕੋਰੋਨਾ ਮਹਾਂਮਾਰੀ ਦੌਰਾਨ ਇਕੱਠ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ !
ਹਰਿੰਦਰ ਨਿੱਕਾ ਬਰਨਾਲਾ 6 ਜੁਲਾਈ 2020
ਕਹਿਣ ਲਈ ਭਾਂਵੇ ਕਾਨੂੰਨ ਦੇਸ਼ ਦੇ ਹਰ ਨਾਗਰਿਕ ਤੇ ਲਾਗੂ ਹੁੰਦਾ ਹੈ ਅਤੇ ਕਾਨੂੰਨ ਦੀ ਨਜ਼ਰ ਚ, ਸਾਰੇ ਨਾਗਰਿਕ ਬਰਾਬਰ ਵੀ ਹਨ। ਪਰ ਇਹ ਗੱਲਾਂ ਲੀਡਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਭਾਸ਼ਣਾਂ ਦੌਰਾਨ ਹੀ ਸੁਣਨ ਨੂੰ ਮਿਲਦੀਆਂ ਹਨ। ਜਦੋਂ ਕਿ ਜਮੀਨੀ ਹਕੀਕਤ ਤੇ ਇਹ ਖਰ੍ਹੀਆਂ ਨਹੀਂ ਉਤਰਦੀਆਂ। ਆਮ ਲੋਕਾਂ ਚ, ਬਣੀ ਇਸ ਧਾਰਨਾ ਤੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ , ਸਾਬਕਾ ਉਪ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਵੀ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਲੱਗੀਆਂ ਪਾਬੰਦੀਆਂ ਦੀਆਂ ਧੱਜੀਆਂ ਉਡਾ ਕੇ ਪਿੰਡ ਬੀਹਲਾ ਚ, ਵੱਡੀ ਰਾਜਸੀ ਰੈਲੀ ਕਰਕੇ ਮੋਹਰ ਲਾ ਦਿੱਤੀ। ਦਰਅਸਲ ਪੰਜਾਬੀ ਏਕਤਾ ਪਾਰਟੀ ਦੇ ਯੂਥ ਵਿੰਗ ਦਾ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਬੀਹਲਾ ,ਆਪਣੀ ਪੁਰਾਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਚ, ਸ਼ਾਮਿਲ ਹੋਣ ਮੌਕੇ ਸ਼ਕਤੀ ਪ੍ਰਦਰਸ਼ਨ ਕਰਨ ਚ, ਇੱਨਾਂ ਜਨੂੰਨੀ ਹੋ ਗਿਆ ਕਿ ਉਸ ਨੇ ਨਾ ਕੋਰੋਨਾ ਮਹਾਂਮਾਰੀ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਲਾਗੂ ਪਾਬੰਦੀਆਂ ਤੇ ਸਿਹਤ ਵਿਭਾਗ ਵੱਲੋਂ ਸੁਝਾਏ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਸਮਝਿਆ। ਸਿੱਧੂ ਬੀਹਲਾ ਨੇ ਰਾਜਸੀ ਸਮਾਰੋਹ ਕਰਨ ਦੀ ਨਾ ਕੋਈ ਪ੍ਰਸ਼ਾਸ਼ਨ ਤੋਂ ਮੰਜੂਰੀ ਲਈ ਤੇ ਨਾ ਹੀ ਸ਼ੋਸ਼ਲ ਦੂਰੀ ਬਣਾ ਕੇ ਰੱਖਣਾ ਕੋਈ ਜਰੂਰੀ ਸਮਝਿਆ। ਇੱਥੇ ਹੀ ਬੱਸ ਨਹੀਂ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਜਿੰਮੇਵਾਰ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਨੇ ਵੀ ਦਫਾ 144 ਤੇ ਸ਼ੋਸ਼ਲ ਡਿਸਟੈਂਸ ਦੀਆਂ ਉੱਡ ਰਹੀਆਂ ਧੱਜੀਆਂ ਨੂੰ ਦੇਖ ਕੇ ਅੱਖਾਂ ਮੀਚੀ ਰੱਖੀਆਂ ।
ਇੱਕ ਦੂਜੇ ਤੇ ਹੀ ਸੁੱਟਦੇ ਰਹੇ ਕਾਰਵਾਈ ਕਰਨ ਦੀ ਜਿੰਮੇਵਾਰੀ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਪਿੰਡ ਬੀਹਲਾ ਚ, ਦਵਿੰਦਰ ਸਿੰਘ ਸਿੱਧੂ ਬੀਹਲਾ ਦੇ ਘਰ ਅੰਦਰ ਤੇ ਬਾਹਰ ਭਾਰੀ ਸੰਖਿਆ ਚ, ਪੁਲਿਸ ਡੀਐਸਪੀ ਦੀ ਅਗਵਾਈ ਚ, ਤਾਇਨਾਤ ਕੀਤੀ ਹੋਈ ਸੀ। ਵੱਡੀ ਗਿਣਤੀ ਚ, ਸੁਰੱਖਿਆ ਕਰਮਚਾਰੀ ਸੁਖਬੀਰ ਬਾਦਲ ਦੇ ਕਾਫਿਲੇ ਚ, ਵੀ ਸ਼ਾਮਿਲ ਸਨ। ਦਫਾ 144 ਦੀ ਉਲੰਘਣਾ ਕਰਕੇ ਵੱਡੀ ਭੀੜ ਜਮਾਂ ਕਰਨ ਸਬੰਧੀ ਅਤੇ ਸ਼ੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ ਸਬੰਧੀ ਮੌਕੇ ਤੇ ਮੌਜੂਦ ਪੁਲਿਸ ਵਾਲਿਆਂ ਨੇ ਕਿਹਾ ਕਿ ਸ਼ੋਸ਼ਲ ਦੂਰੀ ਦਾ ਪਾਲਣ ਕਰਵਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ। ਜਦੋਂ ਕਿ ਮੌਕੇ ਤੇ ਤਾਇਨਾਤ ਡਾਕਟਰਾਂ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੋਰੋਨਾ ਸਬੰਧੀ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜਿੰਮੇਵਾਰੀ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਮੋਢਿਆਂ ਤੇ ਸੁੱਟ ਦਿੱਤੀ।
ਲੀਡਰ ਨੇ ਧਾਰੀ ਚੁੱਪ, ਸਿੱਧੂ ਬੀਹਲਾ ਨੇ ਕਿਹਾ ਮਾਸਕ ਤੇ ਸੈਨੇਟਾਈਜਰ ਦਾ ਕੀਤਾ ਪ੍ਰਬੰਧ
ਰੈਲੀ ਚ, ਸ਼ਾਮਿਲ ਹੋਣ ਪਹੁੰਚੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਹੋਰ ਨੇਤਾਵਾਂ ਨੇ ਦਫਾ 144 ਅਤੇ ਸ਼ੋਸ਼ਲ ਦੂਰੀ ਦੀਆਂ ਉਡੀਆਂ ਧੱਜੀਆਂ ਬਾਰੇ ਪੁੱਛਣ ਤੇ ਕੁਝ ਵੀ ਕਹਿਣਾ ਠੀਕ ਨਹੀਂ ਸਮਝਿਆ। ਜਦੋਂ ਕਿ ਸਿੱਧੂ ਬੀਹਲਾ ਵੱਡਾ ਇਕੱਠ ਕਰਨ ਬਾਰੇ ਚੁੱਪ ਰਹੇ। ਪਰੰਤੂ ਉਨ੍ਹਾਂ ਕਿਹਾ ਕਿ ਇਕੱਠ ਚ, ਸ਼ਾਮਿਲ ਹੋਣ ਵਾਲੇ ਬੰਦਿਆਂ ਨੂੰ ਮਾਸਕ ਵੰਡੇ ਗਏ ਅਤੇ ਗੇਟ ਦੇ ਸਾਈਨੇਟਾਈਜਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸ਼ੋਸ਼ਲ ਦੂਰੀ ਨਾ ਰੱਖੇ ਜਾਣ ਅਤੇ ਸਮਾਰੋਹ ਦੀ ਮੰਜੂਰੀ ਲੈਣ ਸਬੰਧੀ ਪੁੱਛੇ ਸੁਆਲ ਦਾ ਜੁਆਬ ਦੇਣ ਤੋਂ ਖੁਦ ਦੇ ਵਿਜੀ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।
ਡੀਸੀ ਫੂਲਕਾ ਨੇ ਕਿਹਾ, 50 ਤੋਂ ਵੱਧ ਬੰਦਿਆਂ ਦੇ ਇਕੱਠ ਲਈ ਮੰਜੂਰੀ ਜਰੂਰੀ
ਡੀਸੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਪਿੰਡ ਬੀਹਲਾ ਚ, ਕੀਤੀ ਰਾਜਸੀ ਰੈਲੀ ਸਬੰਧੀ ਪੁੱਛਣ ਤੇ ਕਿਹਾ ਕਿ ਜਿਲ੍ਹੇ ਅੰਦਰ ਦਫਾ 144 ਲਾਗੂ ਹੈ। 50 ਬੰਦਿਆਂ ਤੋਂ ਵੱਧ ਇਕੱਠ ਕਰਨ ਤੋਂ ਪਹਿਲਾਂ ਮੰਜੂਰੀ ਲੈਣਾ ਜਰੂਰੀ ਹੈ। ਉਹ ਮੰਜੂਰੀ ਲੈਣ ਸਬੰਧੀ ਐਸਡੀਐਮ ਤੋਂ ਜਾਣਕਾਰੀ ਲੈ ਕੇ ਹੀ ਕੁਝ ਕਹਿਣ ਦੇ ਸਮਰੱਥ ਹੋਣਗੇ। ਉਨਾਂ ਕਿਹਾ ਕਿ ਦਫਾ 144 ਦੇ ਉਲੰਘਣ ਨੂੰ ਰੋਕਣ ਦੀ ਜਿੰਮੇਵਾਰੀ ਪੁਲਿਸ ਦੀ ਹੈ। ਉਨਾਂ ਕਿਹਾ ਕਿ ਉਹ ਇਸ ਬਾਰੇ ਪੜਤਾਲ ਕਰ ਰਹੇ ਹਨ।
ਹੁਣ ਐਸ.ਐਸ.ਪੀ ਦੀ ਸਖਤੀ ਕਿੱਥੇ ਗਈ , ਲੋਕ ਚਰਚਾ
ਪਿਛਲੇ ਮਹੀਨੇ ਸ਼ਹਿਰ ਦੇ ਇੱਕ ਰੈਸਟੋਰੈਂਟ ਚ, ਵਿਆਹ ਸਮਾਗਮ ਮੌਕੇ ਕੀਤੇ ਇਕੱਠ ਸਬੰਧੀ ਕੇਸ ਦਰਜ਼ ਕਰਨ , ਖੁਦ ਨੂੰ ਸਖਤੀ ਨਾਲ ਕਾਨੂੰਨ ਦੀ ਪਾਲਣਾ ਕਰਵਾੁੳਣ ਵਾਲਾ ਕਪਤਾਨ ਅਤੇ ਬਿਨਾਂ ਕਿਸੇ ਦਬਾਅ ਦੇ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਐਸਐਸਪੀ ਸੰਦੀਪ ਗੋਇਲ ਅਕਾਲੀ ਦਲ ਦੀ ਰਾਜਸੀ ਰੈਲੀ ਨਾਲ ਦਫਾ 144 ਦੀਆਂ ਉੱਡੀਆਂ ਧੱਜੀਆਂ ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਹੋਈ ਉਲੰਘਣਾ ਬਾਰੇ ਚੁੱਪ ਕਿਉਂ ਹਨ। ਇਸ ਦੀ ਲੋਕ ਚਰਚਾ ਛਿਡੀ ਹੋਈ ਹੈ। ਰੈਲੀ ਤੋਂ ਦੂਰੀ ਬਣਾਈ ਬੈਠੇ ਪਿੰਡ ਬੀਹਲਾ ਦੇ ਬਜੁਰਗਾਂ ਨੇ ਕਿਹਾ ਕਿ ਬਈ ਮੁੰਡਿਉ , ਨਾਲੇ ਕਹਿੰਦੇ ਹੁਣ ਐਸਐਸਪੀ ਬੜਾ ਸਖਤ ਸੁਭਾਅ ਦਾ ਲੱਗਿਆ ਹੋਇਆ ਹੈ। ਉਨਾਂ ਪੁਲਿਸ ਤੇ ਵਿਅੰਗ ਕਰਦਿਆਂ ਕਿਹਾ ਕਿ ਬਈ ਪੁਲਿਸ । ਊਂ ਤਾਂ ਮੁਖਬਰਾਂ ਦੀ ਸੂਚਨਾ ਤੇ ਕਈ ਪਰਚੇ ਕਰ ਦਿੰਦੀ ਹੈ। ਹੁਣ ਪੁਲਿਸ ਆਲਿਆਂ ਨੂੰ ਆਹ ਅਕਾਲੀਆਂ ਦੇ ਐਨੇ ਵੱਡੇ ਕੱਠ ਦਾ ਪਤਾ ਹੀ ਨਹੀਂ ਲੱਗਿਆ। ਇਉਂ ਲੱਗਦੈ ਜਿਵੇਂ ਸਾਰੇ ਪੁਲਿਸ ਵਾਲੇ ਤੇ ਮੁਖਬਰ ਦਿਨ ਦੀਵੀਂ ਘੁਰਾੜੇ ਮਾਰ ਕੇ ਸੌਂ ਹੀ ਗਏ। ਉਨਾਂ ਕਿਹਾ ਕਿ ਹੁਣ ਪਤਾ ਲੱਗੂ, ਸਖਤ ਅਫਸਰੀ ਦਾ, ਬਈ ਉਹ ਵੱਡੇ ਲੀਡਰਾਂ ਤੇ ਵੀ ਸਖਤ ਕਾਨੂੰਨੀ ਕਾਰਵਾਈ ਕਰੂ ਜਾਂ ਐਂਵੇ ਗਰੀਬਾਂ ਤੇ ਹੀ ਰੋਹਬ ਝਾੜਦੈ,। ਇਲਾਕੇ ਦੀ ਏਐਸਪੀ ਪ੍ਰੱਗਿਆ ਜੈਨ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਰਿਸੀਵ ਨਹੀਂ ਕੀਤਾ।
ਕੋਰੋਨਾ ਦੇ ਖਤਰੇ ਚ, ਇਕੱਠ ਕਰਨਾ ਮਹਾਂਮਾਰੀ ਨੂੰ ਸੱਦਾ ਦੇਣ ਦੇ ਬਰਾਬਰ-ਸਿਵਲ ਸਰਜ਼ਨ
ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਪਿੰਡ ਬੀਹਲਾ ਚ,ਸੋਮਵਾਰ ਨੂੰ ਹੋਏ ਵੱਡੇ ਇਕੱਠ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦਰਅਸਲ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦਾ ਇਕੱਠ ਕਰਨਾ ਮਹਾਂਮਾਰੀ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਕੱਠ ਤੇ ਇਸੇ ਕਰਕੇ ਹੀ ਜਿਲ੍ਹਾ ਪ੍ਰਸ਼ਾਸ਼ਨ ਨੇ ਪਾਬੰਦੀ ਵੀ ਲਾਈ ਹੋਈ ਹੈ। ਪਰੰਤੂ ਲੋਕਾਂ ਦੀ ਸਿਹਤ ਨੂੰ ਧਿਆਨ ਚ, ਰੱਖ ਕੇ ਲਾਈ ਪਾਬੰਦੀ ਤੇ ਸ਼ੋਸ਼ਲ ਦੂਰੀ ਬਣਾ ਕੇ ਰੱਖਣ ਦੀਆਂ ਹਿਦਾਇਤਾਂ ਦੀ ਉਲੰਘਣਾ ਨੂੰ ਰੋਕਣਾ ਪੁਲਿਸ ਪ੍ਰਸ਼ਾਸ਼ਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਲੀਡਰਾਂ ਨੂੰ ਵੀ ਅਜਿਹੇ ਇਕੱਠ ਕਰਨਾ ਸ਼ੋਭਾ ਨਹੀਂ ਦਿੰਦਾ ਅਤੇ ਵੱਡੇ ਇਕੱਠਾ ਚ, ਵੱਡੇ ਲੀਡਰਾਂ ਦਾ ਸ਼ਾਮਿਲ ਹੋਣਾ ਉਨਾਂ ਦੇ ਖੁਦ ਦੇ ਲਈ ਦੇ ਆਮ ਲੋਕਾਂ ਦੀ ਸਿਹਤ ਲਈ ਵੀ ਬੇਹੱਦ ਖਤਰਨਾਕ ਹੈ।
ਜੇ ਕੋਰੋਨਾ ਵਾਇਰਸ ਫੈਲ ਗਿਆ, ਤਾਂ ਜਿੰਮੇਵਾਰ ਕੌਣ ?
ਮਹਿਲ ਕਲਾਂ ਇਲਾਕੇ ਦੇ ਕਾਫੀ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਮਾਰ ਦਾ ਸ਼ਿਕਾਰ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਜਿਲ੍ਹੇ ਦੀ ਪਹਿਲੀ ਮੌਤ ਵੀ ਮਹਿਲ ਕਲਾਂ ਕਸਬੇ ਦੀ ਔਰਤ ਦੀ ਹੀ ਹੋਈ ਹੈ। ਹੁਣ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਕੱਠ ਤੇ ਪਾਬੰਦੀ ਵੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹੀ ਲਾਈ ਗਈ ਹੈ। ਪਿੰਡ ਬੀਹਲਾ ਚ, ਹੋਈ ਅਕਾਲੀ ਰੈਲੀ ਚ, ਵੱਖ ਵੱਖ ਜਿਲ੍ਹਿਆਂ ਦੇ ਐਨਆਰਆਈ ਤੇ ਬਾਹਰੀ ਜਿਲ੍ਹਿਆਂ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਜੇਕਰ ਰੱਬ ਨਾ ਕਰੇ, ਇਸ ਪਿੰਡ ਜਾਂ ਇਕੱਠ ਚ, ਸ਼ਾਮਿਲ ਹੋਇਆ ਕੋਈ ਵਿਅਕਤੀ ਆਉਣ ਵਾਲੇ ਦਿਨਾਂ ਚ, ਕੋਰੋਨਾ ਪੌਜੇਟਿਵ ਨਿੱਕਲ ਆਇਆ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ।