ਪਿੰਡ ਪੱਧਰ ਤੇ ਲੋਕਾਂ ਨਾਲ ਸੰਪਰਕ ਕਰਕੇ ਕੋਰੋਨਾ ਮਹਾਂਮਾਰੀ ਬਾਰੇ ਦੱਸਿਆ ਜਾਵੇਗਾ-ਸਾਹਿਲ ਪੁਰੀ
ਅਸ਼ੋਕ ਵਰਮਾ ਬਰਨਾਲਾ 6 ਜੁਲਾਈ 2020
ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਦੇ ਮੰਤਵ ਨਾਲ਼ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕੋਰੋਨਾ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਜਿੱਥੇ ਆਸ਼ਾ ਵਰਕਰਾਂ ਵੱਲੋ ਘਰ ਘਰ ਸਰਵੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਓਥੇ ਹੀ ਸਮੂਹ ਪੈਰਾ ਮੈਡੀਕਲ ਅਤੇ ਮੈਡੀਕਲ ਸਟਾਫ਼ ਦੀ ਟੀਮਾਂ ਵੱਲੋ ਹਸਪਤਾਲ ਅਤੇ ਪਿੰਡ ਪੱਧਰ ਤੇ ਲੋਕਾਂ ਨਾਲ ਸੰਪਰਕ ਕਰਕੇ ਕੋਰੋਨਾ ਮਹਾਂਮਾਰੀ ਬਾਰੇ ਦੱਸਿਆ ਜਾਵੇਗਾ।
ਸਾਹਿਲ ਪੁਰੀ ਬਲਾਕ ਹੈਲਥ ਐਜੁਕੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਨੂੰ ਸਫ਼ਲ ਬਨਾਉਣ ਲਈ ਪਿੰਡ ਦੇ ਵਸਨੀਕਾਂ ਲਈ ਇਕ ਵਿਸ਼ੇਸ਼ ਕੰਟੈਕਟ ਪ੍ਰੋਗਰਾਮ ਚਲਾਇਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਵਿਭਾਗ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਟੀਮਾਂ ਵੱਲੋਂ ਕੋਰੋਨਾਵਾਇਰਸ ਦੀ ਲਾਗ ਤੋਂ ਬਚਾਅ ਬਾਰੇ ਆਮ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੁਕ ਕੀਤਾ ਜਾਵੇਗਾ। ਇਸ ਦੀ ਸ਼ੁਰੁਆਤ ਅੱਜ ਕਮਿਉਨਿਟੀ ਹੈਲਥ ਸੈਂਟਰ ਸੰਗਤ ਤੋਂ ਕੀਤੀ ਗਈ, ਜਿੱਥੇ ਡਾ ਇਸ਼ਾਂਤ ਬਾਂਸਲ, ਡਾ ਸਿਮਰਨ ਮਾਨ ਅਤੇ ਸਾਹਿਲ ਪੁਰੀ ਬੀਈਈ ਵੱਲੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਦੱਸਿਆ ਗਿਆ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਜੜੋਂ ਖਤਮ ਕਰਕੇ ਇਸ ਉੱਤੇ ਫ਼ਤਿਹ ਪਾਊਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਸ਼ੁਰੂ ਕੀਤਾ ਗਿਆ ਹੈ, ਇਸ ਲਈ ਸਾਰੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਅਤੇ ਇਸ ਸਬੰਧ ਵਿਚ ਵਿਭਾਗ ਦੇ ਪੈਰਾ ਮੈਡੀਕਲ ਵੱਲੋਂ ਮਹੱਤਵਪੂਰਣ ਰੋਲ ਨਿਭਾਇਆ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਬੁਖਾਰ, ਖੰਘ, ਜ਼ੁਕਾਮ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਵਿਚ ਰਾਬਤਾ ਕਰਕੇ ਆਪਣੀ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ । ਇਸ ਤੋਂ ਬਿਨਾ ਲੋਕਾਂ ਨੂੰ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨ, ਸਮੇਂ ਸਮੇਂ ਤੇ ਸਾਬਣ ਨਾਲ ਘੱਟੋ-ਘੱਟ 20 ਸੈਕਿੰਡ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਕੇ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ।ਟੀਮ ਵੱਲੋਂ ਲੋਕਾਂ ਨੂੰ ਮਿਸ਼ਨ ਫ਼ਤਿਹ ਸਬੰਧੀ ਜਾਗਰੂਕਤਾ ਪੈਂਫ਼ਲੈਟ ਵੀ ਵੰਡੇ ਜਾ ਰਹੇ ਹਨ ਅਤੇ ਕੋਵਾ ਐਪ ਡਾਊਨਲੋਡ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਾ ਇਸ਼ਾਂਤ ਬਾਂਸਲ ਅਤੇ ਡਾ ਸਿਮਰਨ ਮਾਨ ਨੇ ਕਿਹਾ ਕਿ ਮਿਸ਼ਨ ਫ਼ਤਿਹ ਪੰਜਾਬ ਵਾਸੀਆਂ ਦੀ ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਦੀ ਇੱਕ ਕੋਸ਼ਿਸ਼ ਹੈ । ਇਹ ਮੁਹਿੰਮ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਹੈ । ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਅਤੇ ਸਰਕਾਰ ਨੂੰ ਆਪਣਾ ਪੂਰਣ ਸਹਿਯੋਗ ਦੇਣ ।