*ਦਵਿੰਦਰ ਸਿੰਘ ਬੀਹਲਾ ਅਤੇ ਗਾਇਕ ਰਣਜੀਤ ਮਣੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਮੁੜ ਸ਼ਾਮਿਲ
ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦੇ ਧੜੇ ਦੀ ਸਮਾਗਮ ਚ ਗੈਰ ਹਾਜਰੀ ਰੜਕੀ
ਗੁਰਸੇਵਕ ਸਹੋਤਾ, ਅਜੇ ਟੱਲੇਵਾਲ, ਡਾ ਮਿੱਠੂ ਮੁਹੰਮਦ, ਰਮਨਦੀਪ ਧਾਲੀਵਾਲ ਮਹਿਲ ਕਲਾਂ /ਟੱਲੇਵਾਲ ( ਬਰਨਾਲਾ )
ਸ਼੍ਰੋਮਣੀ ਅਕਾਲੀ ਦਲ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਸ਼ਹੀਦਾਂ ਦੀ ਜਥੇਬੰਦੀ ਹੈ ,ਸਾਡੇ ਵਾਸਤੇ ਨਾ ਹੀ ਸਰਕਾਰ ਜ਼ਰੂਰੀ ਹੈ ਤੇ ਨਾ ਹੀ ਅਲਾਂਇਸ ਜਰੂਰੀ ਹੈ ,ਪਰ ਸਾਡੇ ਵਾਸਤੇ ਪੰਜਾਬ ਜ਼ਰੂਰੀ ਹੈ । ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੀਹਲਾ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਗਟ ਕੀਤੇ । ਬਾਦਲ ਅੱਜ ਪਿੰਡ ਬੀਹਲਾ ਵਿਖੇ ਪੰਜਾਬੀ ਏਕਤਾ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ, ਗਾਇਕ ਰਣਜੀਤ ਮਣੀ ਨੂੰ ਉਨਾਂ ਦੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਕਰਨ ਲਈ ਪਹੁੰਚੇ ਸੀ । ਦਵਿੰਦਰ ਸਿੰਘ ਬੀਹਲਾ ਅਤੇ ਅਨੇਕਾਂ ਸਾਥੀਆਂ ਨੇ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਏ ਹਨ । ਸਰਦਾਰ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਹੋਏ ਕਿਸਾਨਾਂ – ਮਜ਼ਦੂਰਾਂ ਨੂੰ ਲੋੜੀਂਦੀਆ ਸਹੂਲਤਾਂ ਤੋਂ ਇਲਾਵਾ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਚ ਸੇਵਾ ਕੇਂਦਰ ਖੋਲ੍ਹਣ ਅਤੇ ਓਵਰਬ੍ਰਿਜ ਤੇ ਸੜਕਾਂ ਦੇ ਜਾਲ ਵਿਛਾਏ ਸੀ, ਜਿਹੜੀਆਂ ਕਿ ਬੰਬ ਨਾਲ ਵੀ ਨਹੀਂ ਟੁਟਦੀਆ । ਪਰ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਸੰਭਾਲਦੇ ਹੋਏ ਸਾਰੇ ਕੰਮ ਬੰਦ ਕਰਕੇ ਨਿਕੰਮਾ ਮੁੱਖ ਮੰਤਰੀ ਸਾਬਤ ਹੋਇਆ ਹੈ ।
ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿ ਕੇ ਬਦਨਾਮ ਕੀਤਾ ਕਿ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ । ਪਰ ਕੈਪਟਨ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕੀ ਉਹ ਬੇਅਦਬੀ ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਅਕਾਲੀ ਦਲ ਦਾ ਰਹੇਗਾ, ਉਨਾਂ ਚਿਰ ਐਮਐਸਪੀ ਦੀ ਖਰੀਦ ਜਾਰੀ ਰਹੇਗੀ । ਉਨ੍ਹਾਂ ਨੇ ਦਵਿੰਦਰ ਸਿੰਘ ਬੀਹਲਾ ਦੇ ਪਾਰਟੀ ਚ ਮੁੜ ਸ਼ਾਮਿਲ ਹੋਣ ਤੇ ਕਿਹਾ ਕਿ ਹਲਕੇ ਦੇ ਜ਼ਿਲ੍ਹਾ ਬਰਨਾਲਾ ਅੰਦਰ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ। ਇਸ ਮੌਕੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਦਵਿੰਦਰ ਸਿੰਘ ਬੀਹਲਾ ਨੌਜਵਾਨ ਆਗੂ ਹੈ ਇਸ ਦੇ ਪਾਰਟੀ ਚ ਮੁੜ ਸ਼ਾਮਿਲ ਹੋਣ ਤੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹੋਣਗੇ, ਉੱਥੇ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਵਧੇਰੇ ਬਲ ਮਿਲੇਗਾ। ਇਸ ਮੌਕੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਨੇ ਕਿਹਾ ਕਿ ਮੈਂ ਫੇਸਬੁੱਕ ਤੇ ਧੜੇਬੰਦੀ ਚ ਵਿਸ਼ਵਾਸ ਨਹੀਂ ਰੱਖਦਾ । ਪਰ ਗਰਾਊਂਡ ਲੇਵਲ ਤੇ ਕੰਮ ਕਰਨਾ ਪਸੰਦ ਕਰਦਾ ਹਾਂ ।
ਆਪ ਤੇ ਪੀਈਪੀ ਚ,ਰਿਹਾ, ਪਰ ਬਿਨਾਂ ਮੈਂਬਰਸ਼ਿਪ- ਸਿੱਧੂ
ਦਵਿੰਦਰ ਸਿੱਧੂ ਨੇ ਕਿਹਾ ਕਿ ਮੇਰੀ ਨਾ ਆਮ ਆਦਮੀ ਪਾਰਟੀ ਤੇ ਨਾ ਹੀ ਪੰਜਾਬੀ ਏਕਤਾ ਪਾਰਟੀ ਚ ਮੈਂਬਰਸ਼ਿਪ ਸੀ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਚ ਹੀ ਮੈਂਬਰਸਿਪ ਸੀ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚ ਟਿਕਟਾਂ ਦੀ ਵਿਕਰੀ ਹੋ ਰਹੀ ਸੀ ਤੇ ਪੰਜਾਬ ਚ ਕੋਈ ਇਨਕਲਾਬ ਨਹੀਂ ਆਇਆ , ਇਸ ਕਰਕੇ ਮੈਂ ਦੋਨੋਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸਾਥੀਆਂ ਸਮੇਤ ਸ਼ਾਮਿਲ ਹੋਇਆ ਹਾਂ । ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ , ਐਮ ਐਲ ਏ ਮਨਪ੍ਰੀਤ ਸਿੰਘ ਇਆਲੀ , ਸਾਬਕਾ ਐਮਐਲਏ ਗਗਨਦੀਪ ਸਿੰਘ ਬਰਨਾਲਾ’, ਰਿੰਕਾ ਬਾਹਮਣੀਆਂ, ਹਰਬੰਸ ਸਿੰਘ ਸ਼ੇਰਪੁਰ ‘,ਅਮਨਦੀਪ ਸਿੰਘ ਕਾਂਝਲਾ, ਤਰਨਜੀਤ ਸਿੰਘ ਦੁੱਗਲ ,ਮੱਖਣ ਸਿੰਘ ਧਨੌਲਾ’, ਇੰਜੀ. ਗੁਰਜਿੰਦਰ ਸਿੰਘ ਸਿੱਧੂ, ਉੱਘੇ ਗਾਇਕ ਰਣਜੀਤ ਮਨੀ, ਐਡਵੋਕੇਟ ਸਤਨਾਮ ਸਿੰਘ ਰਾਹੀ ,ਤੇਜਿੰਦਰਦੇਵ ਮਿੰਟੂ ,ਗੋਰਖਾ ਸੋਹੀਆ , ਜਥੇਦਾਰ ਬਚਿੱਤਰ ਸਿੰਘ ਰਾਏਸਰ, ਗੁਰਸੇਵਕ ਸਿੰਘ ਗਾਗੇਵਾਲ ,ਇਸਤਰੀ ਆਗੂ ਪਰਮਜੀਤ ਕੌਰ ਠੁੱਲੀਵਾਲ ‘,ਬੇਅੰਤ ਕੌਰ ਖਹਿਰਾ”, ਪਰਮਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਗੋਗੀ, ਜਸਵਿੰਦਰ ਸਿੰਘ ਪੀ ਏ ,ਜਗਦੇਵ ਸਿੰਘ ਸੰਧੂ ਗਹਿਲਾ, ਜਸਵਿੰਦਰ ਸਿੰਘ ਦੀਦਾਰਗੜ੍ਹ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਲੋਕਾਂ ਦੇ ਹਰਮਨ ਪਿਆਰੇ ਮਰਹੂਮ ਨੇਤਾ ਮਲਕੀਤ ਸਿੰਘ ਕੀਤੂ ਦੇ ਪੁੱਤਰ ਅਤੇ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ ਤੇ ਉਸਦੇ ਧੜੇ ਦਾ ਕੋਈ ਵੀ ਵਿਅਕਤੀ ਇਸ ਸਮਾਗਮ ਵਿੱਚ ਨਹੀਂ ਆਇਆ । ਪੁੱਛਣ ਤੇ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਉਹ ਕਿਸੇ ਜਰੂਰੀ ਕੰਮ ਹਾਈਕੋਰਟ ਚ, ਆਇਆ ਹੋਇਆ ਹੈ।