ਗੁਰਦੀਪ ਸਿੰਘ ਬਾਠ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਭਾਂਪਕੇ ਆਪਣੀ ਪੱਕੀ ਸੀਟ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੀ ਐ ” ਆਪ “
ਹਰਿੰਦਰ ਨਿੱਕਾ, ਬਰਨਾਲਾ 4 ਨਵੰਬਰ 2024
ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ, ਲੀਡਰਾਂ ਦੇ ਐਧਰੋਂ-ਓਧਰ ਜਾਣ ਯਾਨੀ ਦਲਬਦਲੀਆਂ ਦੀਆਂ ਕਨਸੋਆਂ ਮਿਲ ਰਹੀਆਂ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਬਰਨਾਲਾ ਆਮਦ ਮੌਕੇ ਭਾਰਤੀ ਜਨਤਾ ਪਾਰਟੀ ਦੇ ਦੋ ਵੱਡੇ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ। ਪਤਾ ਲੱਗਿਆ ਹੈ ਕਿ ਭਾਜਪਾ ਦਾ ਇੱਕ ਵੱਡੇ ਕੱਦ ਦਾ ਸੂਬਾ ਪੱਧਰੀ ਆਗੂ , ਜਿਸ ਦੀ ਕਾਰਜ਼ਸ਼ੈਲੀ ਤੋਂ ਸ਼ਹਿਰ ਦੇ ਲੋਕ ਭਲੀਭਾਂਤ ਵਾਕਿਫ ਹਨ, ਆਪ ਦਾ ਝਾੜੂ ਫੜ੍ਹਨ ਲਈ ਆਪਣਾ ਮਨ ਬਣਾ ਚੁੱਕਿਆ ਹੈ। ਇਸੇ ਤਰਾਂ ਹੀ ਭਾਜਪਾ ਦੇ ਯੂਥ ਵਿੰਗ ਦਾ ਸੂਬਾਈ ਸੀਨੀਅਰ ਯੂਥ ਆਗੂ ਵੀ ਝਾੜੂ ਚੁੱਕਣ ਲਈ ਕਾਹਲਾ ਹੋਇਆ ਫਿਰਦਾ ਹੈ। ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਲਈ ਇੱਕ ਅਜ਼ਾਦ ਕੌਂਸਲਰ ਨੇ ਵੀ ਹਾਮੀ ਭਰ ਦਿੱਤੀ ਹੈ। ਇਸ ਤੋਂ ਇਲਾਵਾਂ ਵੀ ਕੁੱਝ ਅਕਾਲੀ ਤੇ ਭਾਜਪਾ ਅਤੇ ਕਾਂਗਰਸੀ ਆਗੂ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ। ਕਨਸੋਅ ਇਹ ਵੀ ਮਿਲੀ ਹੈ ਕਿ ਭਾਜਪਾ ਦੇ ਆਪ ‘ਚ ਸ਼ਾਮਿਲ ਹੋ ਰਹੇ ਵੱਡੇ ਆਗੂ ਨੂੰ ਪਲਾਨਿੰਗ ਬੋਰਡ ਦਾ ਚੇਅਰਮੈਨ ਅਤੇ ਦੂਜੇ ਯੂਥ ਆਗੂ ਨੂੰ ਵੀ ਸਰਕਾਰ ਵਿੱਚ ਚੰਗੀ ਪੁਜ਼ੀਸ਼ਨ ਦੇਣ ਲਈ ਸੌਦਾ ਤੈਅ ਹੋ ਗਿਆ ਹੈ। ਇੱਨ੍ਹਾਂ ਆਗੂਆਂ ਨੂੰ ਆਪ ਵਿੱਚ ਸ਼ਾਮਿਲ ਕਰਨ ਲਈ, ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਵਿਖੇ ਪ੍ਰੋਗਰਾਮ ਤੈਅ ਕੀਤਾ ਗਿਆ ਸੀ,ਪਰੰਤੂ ਸੰਗਰੂਰ ਪ੍ਰਦਰਸ਼ਨਕਾਰੀਆਂ ਦੇ ਘਿਰਾਉ ਹੋਣ ਦੀਆਂ ਸੰਭਾਵਨਾਵਾਂ ਕਾਰਣ,ਉੱਥੇ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ। ਹੁਣ ਦਲਬਦਲੀ ਕਰਵਾਉਣ ਲਈ ਬਰਨਾਲਾ ਦੇ ਇੱਕ ਵੱਡੇ ਹੋਟਲ ਵਿੱਚ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਅੱਜ ਬਾਅਦ ਦੁਪਿਹਰ ਮੁੱਖ ਮੰਤਰੀ ਭਗਵੰਤ ਮਾਨ ਬਰਨਾਲਾ ਸ਼ਹਿਰ ਅੰਦਰ ਸੰਕੇਤਕ ਯਾਨੀ ਛੋਟੇ ਜਿਹੇ ਰੂਟ ਦਾ ਰੋਡ ਸ਼ੋਅ ਕੱਢਣ ਲਈ ਪਹੁੰਚ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣ ਮੈਦਾਨ ਵਿੱਚ ਮੋਰਚਾ ਸੰਭਾਲ ਲੈਣ ਤੋਂ ਸਾਫ ਹੋ ਰਿਹਾ ਹੈ ਕਿ ਸੱਤਾਧਾਰੀ ਧਿਰ , ਆਪਣੇ ਬਾਗੀ ਅਜਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਭਾਂਪਕੇ ਆਪਣੀ ਪੱਕੀ ਬਰਨਾਲਾ ਸੀਟ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੀ ਹੈ। ਅਜਿਹੀ ਹਾਲਤ ਵਿੱਚ ਆਪ ਲੀਡਰਸ਼ਿਪ ਕੋਈ ਵੀ ਜੋਖਿਮ ਲੈਣ ਅਤੇ ਜਿੱਤ ਨੂੰ ਪੱਕਿਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਰਾਜਸੀ ਪੰਡਿਤਾਂ ਨੂੰ ਹੈਰਾਨਗੀ ਹੋ ਰਹੀ ਹੈ ਕਿ ਆਖਿਰ ਆਮ ਆਦਮੀ ਪਾਰਟੀ ਆਪਣੇ ਗੜ੍ਹ ਵਿੱਚ ਵੀ ਆਪਣੇ ਵਾਲੰਟੀਅਰਾਂ ਤੇ ਭਰੋਸਾ ਕਰਨ ਦੀ ਬਜਾਏ, ਦਲਬਦਲੂਆਂ ਤੇ ਟੇਕ ਕਿਉਂ ਰੱਖ ਰਹੀ ਹੈ। ਜਿਕਰਯੋਗ ਹੈ ਕਿ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਪਰਮਜੀਤ ਸਿੰਘ ਜੌਂਟੀ ਮਾਨ ਅਤੇ ਨਗਰ ਕੌਂਸਲ ਦੇ ਸੰਭਾਵਿਤ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੂ ਮੋਰ ਸਣੇ ਕਾਫੀ ਕੌਂਸਲਰ ਕਾਂਗਰਸ ਅਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ, ਝਾੜੂ ਚੁੱਕੀ ਫਿਰਦੇ ਹਨ।