ਨਗਰ ਕੌਂਸਲਾਂ/ਨਗਰ ਪੰਚਾਇਤਾਂ ’ਚ ਸਿੱਧੀ ਭਰਤੀ ਲਈ ਕਾਇਮ ਪੰਜਾਬ ਪੱਧਰੀ ਚੋਣ ਕਮੇਟੀ ‘ਚ ਦਿੱਤੀ ਢਿੱਲੋਂ ਨੂੰ ਥਾਂ…
ਹਰਿੰਦਰ ਨਿੱਕਾ, ਬਰਨਾਲਾ 4 ਨਵੰਬਰ 2024
ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਨੂੰ ਅਲਵਿਿਦਾ ਆਖ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਪਰਮਜੀਤ ਸਿੰਘ ਢਿੱਲੋਂ ਨੂੰ ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਵਿੱਚ ਵੱਡੀ ਜਿੰਮੇਵਾਰੀ ਦੇ ਕੇ, ਨਿਵਾਜਿਆ ਗਿਆ ਹੈ। ਪਰਮਜੀਤ ਢਿੱਲੋਂ ਦੀ ਨਿਯੁਕਤੀ ਨਾਲ ਬਰਨਾਲਾ ਸ਼ਹਿਰ ਨੂੰ ਅਹਿਮ ਨੁਮਾਇੰਦਗੀ ਮਿਲੀ ਹੈ। ਪੰਜਾਬ ਸਰਕਾਰ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਅਨੁਸਾਰ 10 ਮੈਂਬਰੀ ਇਹ ਕਮੇਟੀ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਡਰ ਵਿਚ ਪ੍ਰਾਂਤੀਕਰਨ ਕਾਡਰ ਦੀ ਸਿੱਧੀ ਭਰਤੀ ਕੋਟੇ ਦੀਆਂ ਖ਼ਾਲੀ ਅਸਾਮੀਆਂ, ਜਿੰਨਾਂ ‘ਚ ਕਾਰਜ ਸਾਧਕ ਅਫਸਰ ਦਰਜਾ ਇਕ ਅਤੇ ਦਰਜਾ ਦੋ ਦੀਆਂ ਅਸਾਮੀਆਂ ਸ਼ਾਮਿਲ ਹਨ, ਨੂੰ ਭਰਨ ਲਈ ਗਠਿਤ ਕੀਤੀ ਗਈ ਹੈ। ਪਰਮਜੀਤ ਸਿੰਘ ਢਿੱਲੋਂ ਨੂੰ ਸੂਬਾ ਪੱਧਰੀ ਅਸਾਮੀਆਂ ਦੀ ਭਰਤੀ ਲਈ ਚੋਣ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਆਈ.ਏ.ਐਸ. ਵਲੋਂ ਜਾਰੀ ਨੋਟੀਫ਼ਿਕੇਸ਼ਨ ’ਚ ਕਮੇਟੀ ਦੇ 10 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਕਮੇਟੀ ਦਾ ਚੇਅਰਮੈਨ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਅਤੇ ਮੈਂਬਰ ਸਕੱਤਰ ਸੰਯੁਕਤ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨੂੰ ਬਣਾਇਆ ਗਿਆ ਹੈ। ਚੋਣ ਕਮੇਟੀ ’ਚ ਦੋ ਨਾਨ-ਆਫਿਸ਼ਅਲ ਮੈਂਬਰ ਵੀ ਲਏ ਗਏ ਹਨ ਜਿਨ੍ਹਾਂ ’ਚ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਅਤੇ ਅਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਇਸ ਚੋਣ ਕਮੇਟੀ ’ਚ ਨਾਨ-ਆਫਿਸ਼ਅਲ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਦੇ ਬਾਕੀ 7 ਮੈਂਬਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਨਮਾਇੰਦੇ ਸ਼ਾਮਿਲ ਕੀਤੇ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਮੈਂਬਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਇਹ ਜ਼ਿੰਮੇਵਾਰੀ ਨੂੰ ਮੈਂ ਤਨਦੇਹੀ,ਮਿਹਨਤ ਤੇ ਇਮਾਨਦਾਰੀ ਨਾਲ ਪੂਰੀ ਕਰਾਂਗਾ। ਢਿੱਲੋਂ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਭਗਵੰਤ ਮਾਨ,ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲੋਕ ਸਭਾ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਪਰਮਜੀਤ ਸਿੰਘ ਢਿੱਲੋਂ ਦੀ ਨਿਯੁਕਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਢਿੱਲੋਂ ਦੀ ਨਿਯੁਕਤੀ ਨਾਲ ਸ਼ਹਿਰ ਦਾ ਮਾਣ ਵਧਿਆ ਹੈ। ਵਰਨਣਯੋਗ ਹੈ ਕਿ ਪਰਮਜੀਤ ਸਿੰਘ ਢਿੱਲੋਂ ਦਾ ਪੁੱਤਰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਪਟਿਆਲਾ ਸ਼ਹਿਰ ਦੇ ਥਾਣਾ ਕੋਤਵਾਲੀ ਵਿਖੇ ਐਸਐਚਓ ਦੇ ਤੌਰ ਤੇ ਚੰਗੀਆਂ ਸੇਵਾਵਾਂ ਨਿਭਾ ਕੇ ਨਾਮਣਾ ਖੱਟ ਰਿਹਾ ਹੈ।