ਸ਼੍ਰੋਮਣੀ ਅਕਾਲੀ ਦਲ (ਅ) ਨੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਸਿੱਖੀ ਨਾਲ ਜੋੜਣ ਲਈ ਕਰਵਾਏ ਸਮਾਗਮ
ਬੱਚਿਆਂ ਨੂੰ ਕੁਰੀਤੀਆਂ ਤੋਂ ਬਚਾ ਕੇ ਗੁਰੂ ਲੜ ਲਾਉਣ ਲਈ ਚਲਾਈ ‘ਆਪਣਾ ਮੂਲੁ ਪਛਾਣੁ’ ਲਹਿਰ ਬੇਹੱਦ ਸ਼ਲਾਘਾਯੋਗ: ਸੰਤ ਬਾਬਾ ਈਸ਼ਰ ਸਿੰਘ
ਹਰਿੰਦਰ ਨਿੱਕਾ, ਬਰਨਾਲਾ, 4 ਨਵੰਬਰ 2024
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸੰਤ ਬਾਬਾ ਡਾ. ਈਸ਼ਰ ਸਿੰਘ ਜੀ ਸੇਵਾਦਾਰ ਬੂੰਗਾ ਮਸਤੂਆਣਾ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ‘ ਆਪਣਾ ਮੂਲੁ ਪਛਾਣੁ ‘ ਲਹਿਰ ਤਹਿਤ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਕੁਰਾਹੇ ਪੈ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾ ਕੇ ਸਿੱਖੀ ਨਾਲ ਜੋੜਣ ਲਈ ਪਿੰਡ ਭੂਰੇ, ਬਡਬਰ, ਉਪਲੀ, ਸੇਖਾ ਅਤੇ ਸੰਘੇੜਾ ਵਿੱਚ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਵਿੱਚ ਸੰਤ ਬਾਬਾ ਡਾ. ਈਸ਼ਰ ਸਿੰਘ ਜੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਬਰਨਾਲਾ ਤੋਂ ਪੰਥਕ ਜਥੇਬੰਦੀਆਂ ਦੇ ਸਰਬ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਤੋਂ ਇਲਾਵਾ ਹੋਰ ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸੰਤ ਡਾ. ਈਸ਼ਰ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਸਿੱਖੀ ਨਾਲ ਜੋੜਣ ਲਈ ਜੋ ਇਹ ਮੁਹਿੰਮ ਚਲਾਈ ਗਈ ਹੈ, ਉਹ ਬੇਹਦ ਸ਼ਲਾਘਾਯੋਗ ਹੈ। ਉਹਨਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸ. ਗੋਵਿੰਦ ਸਿੰਘ ਸੰਧੂ ਸਿੱਖ ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਵੰਸ਼ ਵਿੱਚੋਂ ਹਨ। ਉਹਨਾਂ ਨੂੰ ਖੁਸ਼ੀ ਹੈ ਕਿ ਉਹ ਵੀ ਆਪਣੇ ਪੂਰਵਜਾਂ ਦੀ ਤਰ੍ਹਾਂ ਸੰਗਤ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਸਿੱਖੀ ਨਾਲ ਜੋੜਣ ਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਬੁਰੀ ਆਦਤ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਜੇਕਰ ਅਸੀਂ ਗੁਰੂ ਵਾਲੇ ਬਣ ਕੇ ਗੁਰਬਾਣੀ ਨਾਲ ਜੁੜਜਾਂਦੇ ਹਾਂ ਤਾਂ ਕੋਈ ਮੁਸ਼ਕਿਲ ਨਹੀਂ ਆਉਂਦੀ। ਉਹਨਾਂ ਕਿਹਾ ਕਿ ਸਾਨੂੰ ਆਪਣੇ ਮੂਲੁ ਨੂੰ ਪਛਾਣੁ ਕੇ ਨਸ਼ਿਆਂ ਵਰਗੀਆਂ ਕਰੀਤੀਆਂ ਤੋਂ ਗਰੇਜ ਕਰਦੇ ਹੋਏ ਗੁਰੂ ਵਾਲੇ ਬਣਨਾ ਚਾਹੀਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਗੋਵਿੰਦ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਚਾਰੇ ਪਾਸੇ ਨਸ਼ਿਆਂ ਦਾ ਬੋਲਬਾਲਾ ਹੈ। ਆਏ ਦਿਨ ਮਾਵਾਂ ਦੇ ਨੌਜਵਾਨ ਪੁੱਤ ਨਸ਼ੇ ਦੀ ਬਲੀ ਚੜ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ ਸਹਿਯੋਗ ਕਰੀਏ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਪਿੰਡ ਜਾਂ ਆਸ ਪਾਸ ਕੋਈ ਵੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਤਾਂ ਉਸਨੂੰ ‘ਆਪਣਾ ਮੂਲੁ ਪਛਾਣੁ’ ਲਹਿਰ ਦੇ ਨਾਲ ਜੋੜੋ ਤਾਂ ਜੋ ਉਸ ਦੀ ਨਸ਼ਿਆਂ ਦੀ ਲੱਤ ਛੁਡਾ ਕੇ ਉਸਨੂੰ ਗੁਰੂ ਦੇ ਲੜ ਲਾਇਆ ਜਾ ਸਕੇ, ਤਾਂ ਜੋ ਉਸਦੀ ਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਜੇਕਰ ਅਸੀਂ ਆਪਣਾ ਆਪਣਾ ਫਰਜ਼ ਸਮਝ ਕੇ ਸਾਰੇ ਇਹ ਜਿੰਮੇਵਾਰੀ ਨਿਭਾਈਏ ਤਾਂ ਪੰਜਾਬ ਨੂੰ ਨਸ਼ਾ ਮੁਕਤ ਹੋਣ ਵਿੱਚ ਜਿਆਦਾ ਦੇਰ ਨਹੀਂ ਲੱਗੇਗੀ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸ. ਹਰਬੰਸ ਸਿੰਘ ਬਲੇਰ, ਬੀਬੀ ਨਵਜੋਤ ਕੌਰ ਲੰਬੀ, ਜਥੇਦਾਰ ਹਰਬੰਸ ਸਿੰਘ ਸਲੇਮਪੁਰ ਪ੍ਰਧਾਨ ਟਰਾਂਸਪੋਰਟ ਵਿੰਗ, ਸੀਨੀਅਰ ਆਗੂ ਸ. ਗੁਰਜੰਟ ਸਿੰਘ ਕੱਟੂ, ਜਤਿੰਦਰ ਸਿੰਘ ਥਿੰਦ ਸੂਬਾ ਸਕੱਤਰ ਯੂਥ ਵਿੰਗ, ਪ੍ਰਬੰਧਕ ਸਕੱਤਰ ਹਰਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਖੁੱਡੀ,ਹਰਿੰਦਰ ਸਿੰਘ ਦਿਓਲ, ਮਨਜੀਤ ਸਿੰਘ ਜੈਮਲਸਿੰਘ ਵਾਲਾ ,ਰਫਤਾਰ ਰਾਏ, ਮੌਤਾ ਸਿੰਘ ਨਾਈਵਾਲ ਤੋਂ ਇਲਾਵਾ ਸੰਬੰਧਿਤ ਪਿੰਡਾਂ ਦੀਆਂ ਇਕਾਈਆਂ ਦੇ ਜਥੇਦਾਰ ਅਤੇ ਆਗੂ ਸਾਹਿਬਾਨ ਹਾਜ਼ਰ ਸਨ।