CM ਨੇ ਗੁਰਦੀਪ ਬਾਠ ਲਈ ਚੁੱਪ ਵੱਟ ਲਈ, ਵਿਰੋਧੀਆਂ ਤੇ ਵਰ੍ਹਿਆ ਭਗਵੰਤ ਮਾਨ…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 4 ਨਵੰਬਰ 2024

       ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ‘ਚ ਦੇਰ ਸ਼ਾਮ ਸਦਰ ਬਜ਼ਾਰ ਬਰਨਾਲਾ ‘ਚ ਕੱਢੇ ਰੋਡ ਸ਼ੋਅ ਵਿੱਚ ਆਪ ਤੋਂ ਬਾਗੀ ਹੋ ਕੇ, ਚੋਣ ਦੰਗਲ ਵਿੱਚ ਅਜ਼ਾਦ ਉਮੀਦਵਾਰ ਵਜੋਂ ਨਿੱਤਰੇ ਗੁਰਦੀਪ ਸਿੰਘ ਬਾਠ (ਚੋਣ ਨਿਸ਼ਾਨ ਟਰੱਕ) ਬਾਰੇ ਕੁੱਝ ਵੀ ਬੋਲਣ ਤੋਂ ਚੁੱਪ ਹੀ ਵੱਟ ਲਈ,ਜਦੋਂਕਿ ਬਹੁਤੇ ਲੋਕ, ਰੋਡ ਸ਼ੋਅ ਵਿੱਚ ਮੁੱਖ ਮੰਤਰੀ ਦੇ ਮੂੰਹੋਂ, ਉਨ੍ਹਾਂ ਧੜੇ ਵਜ਼ੋਂ ਜਾਣੇ ਜਾਂਦੇ ਗੁਰਦੀਪ ਬਾਠ ਬਾਰੇ,ਕੁੱਝ ਬੋਲਣ ਦਾ ਭਾਸ਼ਣ ਦੇ ਅੰਤ ਤੱਕ ਇੰਤਜ਼ਾਰ ਕਰਦੇ ਰਹੇ। ਮੁੱਖ ਮੰਤਰੀ ਦੇ ਅਜਿਹੇ ਰੁੱਖ ਨੇ, ਇਲਾਕੇ ਅੰਦਰ ਮੂੰਹੋਂ ਮੂੰਹ ਚੱਲ ਰਹੀ, ਉਸ ਚਰਚਾ ਨੂੰ ਹੋਰ ਬਲ ਬਖਸ਼ਿਆ ਕਿ ਦਰਅਸਲ ਗੁਰਦੀਪ ਬਾਠ ਨੂੰ ਮੁੱਖ ਮੰਤਰੀ ਦਾ ਥਾਪੜਾ ਹੀ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਪੁਰਾਣੇ ਅੰਦਾਜ਼ ਦੇ ਮੁਤਾਬਿਕ ਬਰਨਾਲਾ ਇਲਾਕੇ ਨੂੰ ਆਪਣਾ ਇਲਾਕਾ ਦੱਸਦੇ ਹੋਏ ਹੀ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਮਾਨ ਨੇ ਸਭ ਤੋਂ ਵੱਧ ਭਾਜਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਹੀ ਰਾਜਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਤਾਂ ਹਾਰਨ ਦਾ ਆਦੀ ਹੋ ਚੁੱਕਿਆ ਹੈ,ਪਹਿਲਾਂ ਇਸ ਨੂੰ ਵਿਧਾਨ ਸਭਾ ਚੋਣ 2017 ਵਿੱਚ ਗੁਰਮੀਤ ਸਿੰਘ ਮੀਤ ਹੇਅਰ ਨੇ, ਫਿਰ ਲੋਕ ਸਭਾ ਚੋਣ 2019 ਵਿੱਚ ਮੈਂ ਹਰਾਇਆ। ਮਾਨ ਆਪਣੇ ਤੇਵਰ ਵਿੱਚ ਇੱਥੋਂ ਤੱਕ ਕਹਿ ਗਏ ਕਿ ਮੀਤ ਨੇ ਦੂਜੀ ਵਾਰ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਹਰਾਇਆ,ਮੁੱਖ ਮੰਤਰੀ ਦੇ ਮੂੰਹੋਂ ਇਹ ਸੁਣ ਕੇ, ਲੋਕ ਘੁਸਰ-ਮੁਸਰ ਕਰਨ ਲੱਗ ਪਏ, ਬਾਈ ਜੀ, ਜਰਾ ਸਮਝੋ, 2022 ਦੀਆਂ ਚੋਣਾਂ ਵਿੱਚ ਤਾਂ ਢਿੱਲੋਂ ਨੇ ਚੋਣ ਹੀ ਨਹੀਂ ਲੜੀ ਸੀ।            ਮੁੱਖ ਮੰਤਰੀ ਮਾਨ ਨੇ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵੱਲ ਇਸ਼ਾਰਾ ਕਰਕੇ, ਦਾਅਵਾ ਕੀਤਾ ਕਿ ਇਸ ਵਾਰ, ਆਹ ਛੋਟਾ ਜਿਹਾ ਜੁਆਕ ਇਸ ਨੂੰ ਹਰਾਉਣ ਲਈ ਤਿਆਰ ਹੈ। ਭਗਵੰਤ ਮਾਨ , ਅਕਾਲੀ ਦਲ ਦਾ ਚਾਰੇ ਜਿਮਨੀ ਚੋਣਾਂ ਵਿੱਚ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਾ ਹੋਣ ਦੇ ਬਾਵਜੂਦ ਵੀ, ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਣ ਤੋਂ ਨਹੀਂ ਖੁੰਜਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਸਭ ਤੋਂ ਪੁਰਾਣੀ ਪਾਰਟੀ, ਅਕਾਲੀ ਦਲ ਨੂੰ ਚੋਣ ਲੜਾਉਣ ਲਈ ਚਾਰ ਉਮੀਦਵਾਰ ਵੀ ਨਹੀਂ ਲੱਭੇ। ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਇਹ ਹਾਲਤ, ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਾਰਣ ਹੀ ਵਾਹਿਗੁਰੂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਵਾਅਦਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾ ਕੇ ਹੀ ਦਮ ਲਵਾਂਗਾ। ਮਾਨ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਹੋਣ ਵਿੱਚ ਹੋ ਰਹੀ ਦੇਰੀ ਦਾ ਠੀਕਰਾ ਵੀ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਸਿਰ ਹੀ ਭੰਨਿਆ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਦੋਵੇਂ ਮਿਲੇ ਹੀ ਹੋਏ ਹਨ, ਇਹ ਗੱਲ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਤੇ ਵਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਵਿਧਾਨ ਸਭਾ ਹਲਕਾ ਗਿੱਦੜਬਹਾ ਤੋਂ ਪ੍ਰਕਾਸ਼ ਸਿੰਘ ਬਾਦਲ ਖੁਦ ਪੰਜ ਵਾਰ ਚੋਣ ਜਿੱਤਿਆ, ਹੁਣ ਉਸ ਹਲਕੇ ਦੀ ਚੋਣ ਵਿੱਚ ਤੱਕੜੀ ਚੋਣ ਨਿਸ਼ਾਨ ਹੀ ਨਹੀਂ ਹੋਵੇਗਾ। 

Advertisement

        ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ ਆਗੂਆਂ ਰਾਜਾ ਵੜਿੰਗ ਤੇ ਨਿਸ਼ਾਨਾ ਤਾਂ ਲਾਇਆ,ਪਰੰਤੂ ਉਨ੍ਹਾਂ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸ੍ਰੋਮਣੀ ਆਕਲੀ ਦਲ ਅਮ੍ਰਿਤਸਰ ਅਤੇ ਉਨਾਂ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦਾ ਜਿਕਰ ਤੱਕ ਨਹੀਂ ਕੀਤਾ। ਮੁੱਖ ਮੰਤਰੀ ਨੇ ਆਪਣੇ ਕਰੀਬ ਅੱਧੇ ਘੰਟੇ ਦੇ ਭਾਸ਼ਣ ਵਿੱਚ ਲੋਕਾਂ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਤੱਕ ਦੀ ਅਪੀਲ ਵੀ ਨਹੀਂ ਕੀਤੀ,ਉਨਾਂ ਇੱਨ੍ਹਾਂ ਹੀ ਕਿਹਾ ਕਿ ਮੈਂਨੂੰ ਲੋਕਾਂ ਦਾ ਜੋਸ਼ ਦੇਖ ਕੇ,ਅੰਦਾਜਾ ਲੱਗ ਗਿਆ ਕਿ ਤੁਸੀਂ ਇਸ ਵਾਰ ਵੀ ਆਮ ਆਦਮੀ ਪਾਰਟੀ ਤੇ ਉਮੀਦਵਾਰ ਨੂੰ ਹੀ ਜਿਤਾਉਂਗੇ। ਉਨ੍ਹਾਂ ਚੋਣਾਂ ਦੀ ਤਾਰੀਖ ਬਦਲੇ ਜਾਣ ਦੀ ਜਿਕਰ ਵੀ ਆਪਣੇ ਅੰਦਾਜ਼ ਵਿੱਚ ਇਉਂ ਕੀਤਾ ਕਿ ਹਫਤਾ ਹੋਰ ਵਧ ਜਾਣ ਦਾ ਅਸਰ ਇਹ ਹੋਊ ਕਿ ਸਾਡਾ ਉਮੀਦਵਾਰ ਪਹਿਲਾਂ 20 ਹਜਾਰ ਤੇ ਜਿੱਤਣਾ ਸੀ,ਹੁਣ ਜਿੱਤ ਦਾ ਅੰਤਰ 30 ਹਜ਼ਾਰ ਤੇ ਪਹੁੰਚ ਜਾਵੇਗਾ। ਮੁੱਖ ਮੰਤਰੀ ਬੇਸ਼ੱਕ ਪੁਰਾਣੇ ਲਹਿਜੇ ਵਿੱਚ ਭਾਸ਼ਣ ਦੇ ਕੇ ਚਲੇ ਗਏ,ਪਰੰਤੂ ਰੋਡ ਸ਼ੋਅ ਵਿੱਚ, ਉਨ੍ਹਾਂ ਦੇ ਵਾਲੰਟੀਅਰ ਭਮੱਕੜਾਂ ਦੀ ਲੱਗਭੱਗ ਅਣਹੋਂਦ ਹੀ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਭਾਜਪਾ ਦੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰ ਰਹੇ ਭਾਜਪਾ ਆਗੂ ਧੀਰਜ ਦੱਧਾਹੂਰ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਨੀਰਜ ਜਿੰਦਲ ਅਤੇ ਉਨ੍ਹਾਂ ਦੀ ਕੌਂਸਲਰ ਮਾਂ ਸਰੋਜ ਰਾਣੀ ਜਿੰਦਲ ਨੂੰ ਵੀ ਪਾਰਟੀ ਚਿੰਨ ਦਾ ਮਫਲਰ ਪਾ ਕੇ, ਆਪ ਵਿੱਚ ਸ਼ਾਮਿਲ ਕੀਤਾ। ਭਾਜਪਾ ਆਗੂਆਂ ਦੀ ਸ਼ਮੂਲੀਅਤ ਦਾ ਕੋਈ ਖਾਸ ਅਸਰ ਸ਼ਹਿਰੀਆਂ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕੁੱਝ ਚੁਨਿੰਦਾ ਸ਼ਹਿਰੀਆਂ ਤੋਂ ਇਲਾਵਾ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ,ਦੁਕਾਨ ਤੋਂ ਬਾਹਰ ਨਹੀਂ ਨਿੱਕਲਿਆ। ਰੋਡ ਸ਼ੋਅ ਵਿੱਚ ਪੇਂਡੂ ਖੇਤਰਾਂ ਤੋਂ ਲੋਕ ਹੀ ਜਿਆਦਾ ਪਹੁੰਚੇ ਹੋਏ ਸਨ। ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਬਦਲੇ ਜਾਣ ਦਾ ਦੁੱਖ ਵੀ ਵਪਾਰੀਆਂ ਦੇ ਚਿਹਰਿਆਂ ਤੋਂ ਸਾਫ ਝਲਕਦਾ ਰਿਹਾ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ, ਮੁੱਖ ਮੰਤਰੀ ਦਾ ਇਲਾਕੇ ਦੇ ਵਿਕਾਸ ਕੰਮਾਂ ਲਈ ਜ਼ਾਰੀ ਕੀਤੇ ਕਰੋੜਾਂ ਰੁਪਏ ਦੇ ਫੰਡਾਂ ਲਈ ਧੰਨਵਾਦ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਮੁੱਖ ਮੰਤਰੀ ਹਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਲਾਕੇ ਲਈ ਹੋਰ ਵੀ ਜਿਆਦਾ ਫੰਡ ਦੇਣਗੇ। ਇਸ ਮੌਕੇ ਮਾਨਸਾ ਤੋਂ ਵਿਧਾਇਕ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਕੈਬਨਿਟ ਤੋਂ ਕੱਢੇ ਸਾਬਕਾ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਮੰਚ ਤੇ ਮੌਜੂਦਗੀ ਨੇ ਵੀ ਕਈ ਤਰਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ। ਰੋਡ ਸ਼ੋਅ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜ਼ਰਾ, ਵਿਧਾਇਕ ਅਜੀਤਪਾਲ ਕੋਹਲੀ,ਕੁਲਵੰਤ ਸਿੰਘ ਪੰਡੋਰੀ, ਲਾਭ ਸਿੰਘ ਉੱਗੋਕੇ, ਗੁਰਪ੍ਰੀਤ ਸਿੰਘ ਬਣਾਂਵਾਲੀ,ਜਮੀਲ ਉਰ ਰਹਿਮਾਨ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਆਪ ਦੇ ਵਿਧਾਇਕ,ਚੇਅਰਮੈਨ, ਨਗਬ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਪਰਮਜੀਤ ਜੌਂਟੀ ਮਾਨ, ਜਗਜੀਤ ਸਿੰਘ ਜੱਗੂ ਮੋਰ, ਸਥਾਨਕ ਸਰਕਾਰਾਂ ਵਿਭਾਗ ਦੀ ਭਰਤੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਸ਼ੀਤਲ ਉਰਫ ਬੰਟੀ ਤੇ ਹੋਰ ਕੌਂਸਲਰ ਵੀ ਮੌਜੂਦ ਰਹੇ।

Advertisement
Advertisement
Advertisement
Advertisement
Advertisement
error: Content is protected !!