ਹਰਿੰਦਰ ਨਿੱਕਾ, ਬਰਨਾਲਾ 24 ਅਕਤੂਬਰ 2024
ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਮਨੀ ਚੋਣਾਂ ਨਾ ਲੜਨ ਦਾ ਐਲਾਨ ਕਰ ਦੇਣ ਤੋਂ ਬਾਅਦ ਬਰਨਾਲਾ ਹਲਕੇ ਅੰਦਰ ਇਹ ਕਿਆਸਰਾਈਆਂ ਨੇ ਜ਼ੋਰ ਫੜ੍ਹ ਲਿਆ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਕੁਲਵੰਤ ਸਿੰਘ ਕੀਤੂ ਵੀ, ਹੁਣ ਆਪਣੇ ਸਵ: ਪਿਤਾ ਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਵਾਲੀ ਪੌੜੀ ਫੜ੍ਹ ਕੇ ਚੋਣਾਂ ਦੇ ਰਾਜਸੀ ਦੰਗਲ ਵਿੱਚ ਉਤਰ ਸਕਦਾ ਹੈ। ਇਹ ਚਰਚਾ ਦਾ ਆਧਾਰ ਇਹ ਹੈ ਕਿ ਕਾਫੀ ਦਿਨਾਂ ਤੋਂ ਕੁਲਵੰਤ ਸਿੰਘ ਕੀਤੂ ਨੇ ਹਲਕੇ ਅੰਦਰ ਆਪਣੀਆਂ ਚੋਣ ਸਰਗਰਮੀਆਂ ਕਾਫੀ ਤੇਜ਼ ਕੀਤੀਆਂ ਹੋਈਆਂ ਸਨ, ਪਰੰਤੂ ਅਕਾਲੀ ਦਲ ਵੱਲੋਂ ਕਾਗਜ਼ ਭਰੇ ਜਾਣ ਦੇ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਚੋਣ ਅਖਾੜੇ ਤੋਂ ਮੂੰਹ ਫੇਰ ਲਿਆ ਹੈ। ਅਜਿਹੀਆਂ ਪੈਦਾ ਹੋਈਆਂ ਪਰਸਥਿਤੀਆਂ ਕਾਰਣ, ਹੁਣ ਕੁਲਵੰਤ ਸਿੰਘ ਤੇ, ਉਨ੍ਹਾਂ ਦੇ ਹਮਾਇਤੀਆਂ ਦਾ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ ਕਿ ਉਹ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚੋਂ ਲਾਂਭੇ ਹੋ ਜਾਣ ਤੋਂ ਬਾਅਦ ਉਹ ਆਪਣੇ ਪਿਤਾ ਮਲਕੀਤ ਸਿੰਘ ਕੀਤੂ ਦੀ ਤਰਜ਼ ਤੇ ਅਜ਼ਾਦ ਉਮੀਦਵਾਰ ਵਜੋਂ ਹੀ ਚੋਣ ਮੈਦਾਨ ਵਿੱਚ ਉੱਤਰ ਜਾਵੇ। ਵਰਨਣਯੋਗ ਹੈ ਕਿ ਕੁਲਵੰਤ ਸਿੰਘ ਦੇ ਪਿਤਾ ਮਲਕੀਤ ਸਿੰਘ ਕੀਤੂ ਨੇ, ਆਪਣੀ ਪਹਿਲੀ ਚੋਣ ਵਿਧਾਨ ਸਭਾ ਹਲਕਾ ਬਰਨਾਲਾ ਤੋਂ 1992 ਵਿੱਚ ਤੱਕੜੀ ਚੋਣ ਨਿਸ਼ਾਨ ਤੇ ਅਕਾਲੀ ਉਮੀਦਵਾਰ ਦੇ ਤੌਰ ਤੇ ਲੜੀ ਸੀ, ਪਰੰਤੂ ਉਹ ਕਾਂਗਰਸੀ ਉਮੀਦਵਾਰ ਪੰਡਤ ਸੋਮਦੱਤ ਤੋਂ ਹਾਰ ਗਏ ਸਨ। ਫਿਰ ਸਾਲ 1997 ਦੀ ਚੋਣ ਵਿੱਚ ਅਕਾਲੀ ਦਲ ਨੇ, ਕੀਤੂ ਦੀ ਟਿਕਟ , ਬੀਬੀ ਰਜਿੰਦਰ ਕੌਰ ਹਿੰਦ ਮੋਟਰਜ਼ ਨੂੰ ਦੇ ਦਿੱਤੀ ਸੀ। ਅਕਾਲੀ ਦਲ ਦੇ ਅਜਿਹੇ ਫੈਸਲੇ ਤੋਂ ਬਾਅਦ ਮਲਕੀਤ ਸਿੰਘ ਕੀਤੂ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਧੂੜ ਚਟਾਉਂਦਿਆਂ ਵੱਡੀ ਲੀਡ ਨਾਲ ਜਬਰਦਸਤ ਜਿੱਤ ਦਰਜ ਕਰਕੇ, ਬਰਨਾਲਾ ਵਿਧਾਨ ਸਭਾ ਹਲਕੇ ‘ਚ ਨਵਾਂ ਇਤਿਹਾਸ ਸਿਰਜਿਆ ਸੀ। ਹੁਣ ਬਿਲਕੁਲ ਅਜਿਹੇ ਮੋੜ ਤੇ ਹੀ, ਕੁਲਵੰਤ ਸਿੰਘ ਕੀਤੂ ਵੀ ਆ ਕੇ ਖੜ੍ਹ ਗਏ ਹਨ। ਪਹਿਲੀ ਚੋਣ, ਕੁਲਵੰਤ ਸਿੰਘ ਕੀਤੂ ਨੇ ਸਾਲ 2022 ਵਿੱਚ ਅਕਾਲੀ ਦਲ -ਬਸਪਾ ਗਠਜੋੜ ਦੇ ਉਮੀਦਵਾਰ ਦੇ ਤੌਰ ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਲੜੀ ਸੀ, ਪਰ ਉਹ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਭਾਰੀ ਅੰਤਰ ਨਾਲ ਹਾਰ ਗਿਆ ਸੀ । ਇਸ ਵਾਰ ਜਿਮਨੀ ਚੋਣ ਲਈ ਵੀ ਅਕਾਲੀ ਦਲ ਨੇ ਕੁਲਵੰਤ ਸਿੰਘ ਕੀਤੂ ਨੂੰ ਹਰੀ ਝੰਡੀ ਦਿੱਤੀ ਹੋਈ ਸੀ ਤੇ ਉਸ ਨੇ ਆਪਣੀ ਮੁਹਿੰਮ ਵੀ ਪੂਰੀ ਤਰਾਂ ਭਖਾਈ ਹੋਈ ਸੀ, ਚਲਦੀ ਚੋਣ ਪ੍ਰਕਿਰਿਆ ਦੇ ਦੌਰਾਨ ਹੀ ਅੱਜ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਫੈਸਲਾ ਕਰ ਲਿਆ ਕਿ ਅਕਾਲੀ ਦਲ ਸੂਬੇ ਅੰਦਰ ਹੋ ਰਹੀਆਂ ਚਾਰੋਂ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਅਕਾਲੀ ਦਲ ਦੇ ਇਸ ਐਲਾਨ ਤੋਂ ਬਾਅਦ ਕੁਲਵੰਤ ਸਿੰਘ ਕੀਤੂ ਦੇ ਸਮੱਰਥਕਾਂ ਅਤੇ ਉਸ ਦੇ ਪਿਤਾ ਮਲਕੀਤ ਸਿੰਘ ਕੀਤੂ ਦੇ ਹਮਾਇਤੀਆਂ ਨੇ ਕੁਲਵੰਤ ਸਿੰਘ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਅਕਾਲੀ ਦਲ ਦੀ ਬਜਾਏ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਰੂਰ ਲੜਨ। ਹੁਣ ਵੇਖਣਾ ਇਹ ਹੈ ਕਿ ਕੁਲਵੰਤ ਸਿੰਘ ਕੀਤੂ ਆਪਣੀ ਪਾਰਟੀ ਦੇ ਫੈਸਲੇ ਤੇ ਫੁੱਲ ਚੜਾਉਣਗੇ ਜਾਂ ਫਿਰ ਆਪਣੇ ਹਮਾਇਤੀਆਂ ਦੇ ਦਬਾਅ ਅੱਗੇ ਝੁਕ ਕੇ,ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉੱਤਰ ਜਾਵੇਗਾ। ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਯਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਹਰ ਆਉਂਦਿਆਂ ਕਿਹਾ ਕਿ ਕੁਲਵੰਤ ਸਿੰਘ ਕੀਤੂ ਨੂੰ ਅਕਾਲੀ ਦਲ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ, ਅੱਗੇ ਫੈਸਲਾ, ਉਸ ਨੇ ਖੁਦ ਕਰਨਾ ਹੈ। ਕੀਤੂ ਦੇ ਸਮੱਰਥਕ ਕੁਸਮ ਗਰਗ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ, ਕਿਹਾ ਹੈ ਕਿ ਕੁਲਵੰਤ ਸਿੰਘ ਕੀਤੂ ਵੀ ਬਰਨਾਲਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ।