10 ਮਹੀਨਿਆਂ ਦੌਰਾਨ 156 ਐਨਡੀਪੀਐਸ ਕੇਸ ਦਰਜ, 276 ਮੁਲਜ਼ਮ ਗ੍ਰਿਫ਼ਤਾਰ
ਕਿਹਾ, ਮਾਪੇ – ਅਧਿਆਪਕ ਮਿਲਣੀਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ
ਰਘਵੀਰ ਹੈਪੀ, ਬਰਨਾਲਾ 23 ਅਕਤੂਬਰ 2024
ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਦਾ ਅਸਰ ਇਹ ਹੈ ਕਿ ਲੱਗਭੱਗ ਹਰ ਦਿਨ ਹੀ ਪੁਲਿਸ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਵਿੱਚ ਸੁੱਟਿਆ ਜਾ ਰਿਹਾ ਹੈ। ਪੁਲਿਸ ਨੇ ਪਿਛਲੇ ਕਰੀਬ10 ਮਹੀਨਿਆਂ ਦੌਰਾਨ ਐਨਡੀਪੀਐਸ ਐਕਟ ਤਹਿਤ 156 ਕੇਸ ਦਰਜ ਕਰਕੇ 276 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇੱਨਾਂ ਕੇਸਾਂ ਚੋਂ 174 ਚਲਾਨ ਵੀ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਮੀਡੀਆ ਨੂੰ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਦੀ ਅਗਵਾਈ ਹੇਠ ਹੋਈ ਐਨਕਾਰਡ (ਨੈਸ਼ਨਲ ਨਾਰਕੋਟਿਕਸ ਕੋਆਰਡੀਨੇਸ਼ਨ ਪੋਰਟਲ) ਦੀ ਮੀਟਿੰਗ ਦੌਰਾਨ ਪੁਲੀਸ ਵਿਭਾਗ ਵਲੋਂ ਸਾਂਝੀ ਕੀਤੀ ਗਈ।
ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਸਾਲ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਕੈਪਸੂਲ, ਭੁੱਕੀ, ਹੈਰੋਇਨ, ਅਫੀਮ ਆਦਿ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ 2024 ਤੋਂ 21 ਅਕਤੂਬਰ 2024 ਤੱਕ ਪੁਲਿਸ ਨੇ 1,15,939 ਪ੍ਰੈਗਾਬਲਿਨ ਕੈਪਸੂਲ ਬਰਾਮਦ ਕਰਕੇ 40 ਕੇਸ ਦਰਜ ਕੀਤੇ ਹਨ ਅਤੇ 76 ਮੁਲਜ਼ਮ ਗ੍ਰਿਫਤਾਰ ਕੀਤੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੋਂ ਨਸ਼ਾ ਛੁਡਾਊ ਇਲਾਜ ਅਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿਚ ਜਿੱਥੇ ਨਸ਼ਿਆਂ ਵਿਰੁੱਧ ਸਲੋਗਨ ਲਗਾਏ ਜਾਣ ਓਥੇ ਮਾਪੇ ਅਧਿਆਪਕ ਮਿਲਣੀ ਵਿਚ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ। ਓਹਨਾਂ ਖੇਡ ਵਿਭਾਗ ਨੂੰ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਦੇ ਯਤਨ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਐਸਡੀਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ, ਐਸਡੀਐਮ ਤਪਾ ਰਿਸ਼ਭ ਬਾਂਸਲ, ਡੀਐਸਪੀ (ਐਨ ਡੀ ਪੀ ਐੱਸ) ਕਮਲਜੀਤ ਸਿੰਘ, ਗੁਰਬਿੰਦਰ ਸਿੰਘ ਡੀਐਸਪੀ ਤਪਾ, ਬਲਦੇਵ ਸਿੰਘ ਡੀਐਸਪੀ (ਆਈਐਨਟੀ) ਬਰਨਾਲਾ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।