ਅਸ਼ੋਕ ਵਰਮਾ, ਗਿੱਦੜਬਾਹਾ 23 ਅਕਤੂਬਰ 2024
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਦੌਰਾਨ ਭਾਜਪਾ ਸਮੂਹ ਚਾਰਾਂ ਹਲਕਿਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਣ ਤੋਂ ਅਗਲੇ ਦਿਨ ਰੁਪਾਣੀ ਗਿੱਦੜਬਾਹਾ ਹਲਕੇ ’ਚ ਸਿਆਸੀ ਵਿਉਂਤਬੰਦੀ ਕਰਨ ਪੁੱਜੇ ਸਨ। ਅੱਜ ਗਿੱਦੜਬਾਹਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪਾਰਟੀ ਸਮੂਹ ਚੌਂਹਾਂ ਹਲਕਿਆਂ ਦੀ ਚੋਣ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਿਮਨੀ ਚੋਣਾਂ ਦੇ ਨਤੀਜੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਰਗੇ ਹੋਣਗੇ।
ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਪਾਰਟੀ ਆਪਣੇ ਵੱਡੇ ਭਾਈ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਚੋਣਾਂ ਲੜਿਆ ਕਰਦੀ ਸੀ ਪਰ ਹੁਣ ਭਾਜਪਾ ਇਕੱਲਿਆਂ ਹੀ ਚੋਣ ਲੜ ਰਹੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਨੂੰ ਅਕਾਲੀ ਦਲ ਦੇ ਮੁਕਾਬਲੇ ਜਿਆਦਾ ਵੋਟਾਂ ਪਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਵੀ ਆਮ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਝੋਨੇ ਦੀ ਲਿਫਟਿੰਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਰੁਪਾਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਮੱਸਿਆ ਦਾ ਠੀਕਰਾ ਕੇਂਦਰ ਸਰਕਾਰ ਦੇ ਸਿਰ ਭੰਨ ਰਹੀ ਹੈ ਜਦੋਂਕਿ ਖਰੀਦ ਪ੍ਰਬੰਧ ਪੰਜਾਬ ਸਰਕਾਰ ਨੇ ਕਰਨੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ ਹੈ ਅਤੇ ਇਸ ਦੇ ਮੁਕਾਬਲੇ ’ਚ ਕੇਂਦਰ ਸਰਕਾਰ ਨੇ ਕਣਕ ਦੇ ਭਾਅ ’ਚ ਵਾਧਾ ਕਰਨ ਤੋਂ ਇਲਾਵਾ ਕਿਸਾਨਾਂ ਦੇ ਹਿੱਤ ’ਚ ਹੋਰ ਵੀ ਅਹਿਮ ਫੈਸਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈਕੇ ਪਾਰਟੀ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਹੀ ਬਲਕਿ ਆਪ ਸਰਕਾਰ ਇਸ ਮੁੱਦੇ ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਧਾਰਮਿਕ ਮਾਮਲਿਆਂ ’ਚ ਰਾਜਨੀਤੀ ਕਰਨ ਦੀ ਗੱਲ ਨੂੰ ਵੀ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਲੈਕੇ ਬੇਵਜ੍ਹਾ ਗੱਲਾਂ ਬਣਾਈਆਂ ਜਾ ਰਹੀਆਂ ਹਨ। ਸ੍ਰੀ ਰੁਪਾਣੀ ਨੇ ਊੁੱਤਰ ਪ੍ਰਦੇਸ਼ ’ਚ ਅਦਿੱਤਿਆਨਾਥ ਯੋਗੀ ਸਰਕਾਰ ਵਰਗਾ ਰਾਜ ਲਿਆਉਣ ਲਈ ਭਾਜਪਾ ਨੂੰ ਜਿਤਾਉਣ ਦਾ ਸੱਦਾ ਵੀ ਦਿੱਤਾ।
ਅੰਤ ਵਿੱਚ ਉਨ੍ਹਾਂ ਇੱਕ ਵਾਰ ਫਿਰ ਜਿਮਨੀ ਚੋਣਾਂ ’ਚ ਭਾਜਪਾ ਦੀ ਬੰਪਰ ਜਿੱਤ ਦੀ ਪੇਸ਼ੀਨਗੋਈ ਕੀਤੀ। ਵਿਜੇ ਰੁਪਾਣੀ ਨੇ ਅੱਜ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਅਤੇ ਚੋਣ ਰਣਨੀਤੀ ਸਬੰਧੀ ਵਿਚਾਰਾਂ ਕੀਤੀਆਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਜਿਮਨੀ ਚੋਣ ’ਚ ਗਿੱਦੜਬਾਹਾ ਹਲਕੇ ਤੋਂ ਉਮੀਦਵਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਦਲ ਨੂੰ ਸਫਲ ਬਨਾਉਣ ਲਈ ਪੂਰੀ ਤਾਕਤ ਝੋਕਣ ਅਤੇ ਦਿਨ ਰਾਤ ਇੱਕ ਕਰ ਦੇਣ। ਮੀਟਿੰਗ ਨੂੰ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੋਂ ਇਲਾਵਾ ਗਿੱਦੜਬਾਹਾ ਹਲਕੇ ਦੇ ਇੰਚਾਰਜ ਸਾਬਕਾ ਐਮਪੀ ਅਵਿਨਾਸ਼ ਰਾਏ ਖੰਨਾ, ਪਾਰਟੀ ਦੇ ਸੂਬਾ ਜਰਨਲ ਸਕੱਤਰ ਦਿਆਲ ਸਿੰਘ ਸੋਢੀ, ਭਾਜਪਾ ਪੰਜਾਬ ਦੇ ਬੁਲਾਰੇ ਅਨਿਲ ਸਰੀਨ ਅਤੇ ਹੋਰ ਵੀ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤਾ।