ਜ਼ਿਮਨੀ ਚੋਣਾਂ ਦੌਰਾਨ ਫੜੀ ਗਈ ਸ਼ੱਕੀ ਨਕਦੀ ਖ਼ਿਲਾਫ਼ ਅਪੀਲ ਲਈ ਟੀਮ ਮੈਂਬਰੀ ਕਮੇਟੀ ਗਠਿਤ: ਜ਼ਿਲ੍ਹਾ ਚੋਣ ਅਫ਼ਸਰ
ਕਮੇਟੀ ਅੱਗੇ ਨਕਦੀ ਸਬੰਧੀ ਲੋੜੀਂਦੀ ਦਸਤਾਵੇਜ਼ ਪੇਸ਼ ਕਰਨੇ ਲਾਜ਼ਮੀ
ਰਘਵੀਰ ਹੈਪੀ, ਬਰਨਾਲਾ, 24 ਅਕਤੂਬਰ 2024
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 103- ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਬਿਨਾਂ ਸਬੂਤਾਂ ਦੇ 50,000 ਰੁਪਏ ਤੋਂ ਵੱਧ ਦੀ ਨਗਦੀ ਲੈ ਕੇ ਜਾਣ ਦੀ ਮਨਾਹੀ ਹੈ। ਜੇਕਰ ਕੋਈ ਵਿਅਕਤੀ 50000 ਰੁਪਏ ਤੋਂ ਵੱਧ ਦੀ ਨਕਦੀ ਆਪਣੇ ਨਾਲ ਲਿਜਾਂਦਾ ਹੈ ਤਾਂ ਨਾਲ ਲੋੜੀਂਦੇ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਨਕਦੀ/ ਕੀਮਤੀ ਵਸਤਾਂ ਲਿਜਾਣ – ਲਿਆਉਣ ਸਬੰਧੀ ਚੈਕਿੰਗ ਪੁਲੀਸ, ਉੱਡਣ ਦਸਤਿਆਂ, ਐੱਸ ਐੱਸ ਟੀ ਟੀਮਾਂ ਵਲੋਂ ਲਗਾਤਾਰ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ 50,000 ਤੋਂ ਵੱਧ ਸ਼ੱਕੀ ਨਕਦੀ ਫੜੇ ਜਾਣ ਦੇ ਮਾਮਲੇ ਵਿਚ ਘੋਖ ਕਰਨ ਅਤੇ ਸਬੰਧਤ ਸ਼ਿਕਾਇਤਾਂ ਦੇ ਨਿਬੇੜੇ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਤਹਿਤ ਤਿੰਨ ਮੈਂਬਰੀ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀ ਈ ਓ ਜ਼ਿਲ੍ਹਾ ਪਰਿਸ਼ਦ ਬਰਨਾਲਾ ਸ. ਸਤਵੰਤ ਸਿੰਘ , ਡਿਪਟੀ ਸੀ ਈ ਓ ਜ਼ਿਲ੍ਹਾ ਪਰਿਸ਼ਦ ਬਰਨਾਲਾ ਜਗਤਾਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਲਵੰਤ ਸਿੰਘ ਸਿੱਧੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 50 ਹਜ਼ਾਰ ਤੋਂ ਉੱਪਰ ਅਤੇ 10 ਲੱਖ ਤੱਕ ਫੜੀ ਗਈ ਸ਼ੱਕੀ ਨਕਦੀ ਦੇ ਮਾਮਲੇ ਵਿਚ ਸਬੰਧਤ ਵਿਅਕਤੀ ਵਲੋਂ ਕਮੇਟੀ ਅੱਗੇ ਢੁਕਵੇਂ ਸਬੂਤ ਪੇਸ਼ ਕਰਨ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਤਿਉਹਾਰਾਂ, ਵਿਆਹਾਂ ਤੇ ਵਾਢੀ ਦੇ ਸੀਜ਼ਨ ਕਾਰਨ ਲੋਕ ਆਮ ਤੌਰ ‘ਤੇ ਵੱਧ ਨਕਦੀ ਲੈ ਕੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਣ ਲਈ ਲੋਕ ਲੋੜੀਂਦੇ ਦਸਤਾਵੇਜ਼ਾਂ ਆਪਣੇ ਨਾਲ ਲਾਜ਼ਮੀ ਰੱਖਣ।