ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਬਾਠ ਨੇ ਵਿਅੰਗਮਈ ਅੰਦਾਜ਼ ‘ਚ ਦੱਸੀ ਆਪ ਉਮੀਦਵਾਰ ਹਰਿੰਦਰ ਧਾਲੀਵਾਲ ਦੀ ਪਛਾਣ
ਹਰਿੰਦਰ ਨਿੱਕਾ, ਬਰਨਾਲਾ 20 ਅਕਤੂਬਰ 2024
ਲੋਕ ਸਭਾ ਹਲਕਾ ਸੰਗਰੂਰ ਦੇ ਆਪ ਦੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਦੀ ਕਥਿਤ ਮਾਸੀ ਦੇ ਮੁੰਡੇ ਵਜੋਂ ਵਿਚਰਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਮੀਦਵਾਰ ਐਲਾਨ ਜਾਣ ਤੋਂ ਬਾਅਦ ਹਲਕੇ ਅੰਦਰ ਆਪ ਦਾ ਕਾਟੋ-ਕਲੇਸ਼ ਹਰ ਪਲ ਵੱਧਦਾ ਹੀ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਬਰਨਾਲਾ ਹਲਕੇ ਤੋਂ ਟਿਕਟ ਦੀ ਪਹਿਲੀ ਪਸੰਦ ਤੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਾਫੀ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਬਾਠ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ ਕਿ ਕੌਣ ਐ,ਜੀ ਹਰਿੰਦਰ ਧਾਲੀਵਾਲ, ਮੀਤ ਹੇਅਰ ਦਾ ਦੋਸਤ ਐ,ਉਹਦੇ ਨਾਲ ਪੜ੍ਹਿਆ ਹੈ, ਉਹਦਾ ਕਰੀਬੀ ਰਿਸ਼ਤੇਦਾਰ ਹੈ,ਮੈਨੂੰ ਸਮਝ ਨਹੀਂ ਆਉਂਦੀ ਕਿ ਪਾਰਟੀ ਦੀ ਟਿਕਟ ਲਈ, ਇਹੋ ਯੋਗਤਾ ਚਾਹੀਂਦੀ ਹੈ। ਜੇ ਇਹੋ ਯੋਗਤਾ ਹੈ ਤਾਂ ਫਿਰ ਸਾਡੇ ਹੱਥ ਖੜ੍ਹੇ ਐ,ਇਹੋ ਜਿਹੀ ਪਾਰਟੀ ਤੋਂ। ਉੱਧਰ ਮੀਤ ਹੇਅਰ ਨੇ ਬਾਠ ਦੇ ਬਾਗੀ ਤੇਵਰਾਂ ਬਾਰੇ ਬੜੀ ਹਲੀਮੀ ਵਾਲੇ ਅੰਦਾਜ ਵਿੱਚ ਕਿਹਾ,ਬਾਠ ਮੇਰਾ ਵੱਡਾ ਭਰਾ ਹੈ,ਮੈਂ ਉਸ ਕੋਲ ਖੁਦ ਜਾਵਾਂਗਾ, ਸਭ ਠੀਕ ਹੋ ਜਾਵੇਗਾ, ਪਾਰਟੀ ਨੇ ਉਸ ਨੂੰ ਲਗਾਤਾਰ ਜਿਲ੍ਹਾ ਪ੍ਰਧਾਨ ਬਣਾਇਆ ਤੇ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਹਾਈਕਮਾਨ ਦਾ ਫੈਸਲਾ ਮੰਨਕੇ, ਪਾਰਟੀ ਦੀ ਜਿੱਤ ਲਈ ਕੰਮ ਕਰਨਾ ਚਾਹੀਦਾ ਹੈ।
ਮੀਤ ਗੁਰੂ ਘਰ ਜਾ ਕੇ ਸੌਂਹ ਖਾ ਜਾਵੇ ਤਾਂ ਫਿਰ ਮੈਂ….
ਗੁਰਦੀਪ ਬਾਠ ਨੇ ਮੀਤ ਹੇਅਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਹਰਿੰਦਰ ਧਾਲੀਵਾਲ ਦੇ ਆਪਣੀ ਮਾਸੀ ਦਾ ਮੁੰਡਾ ਹੋਣ ਦਾ ਖੰਡਨ ਕੀਤੇ ਜਾਣ ਦੇ ਜੁਆਬ ਵਿੱਚ ਕਿਹਾ ਕਿ 2017 ਦੀ ਚੋਣ ਸਮੇਂ, ਜਦੋਂ ਕਿਸੇ ਪਿੰਡ ਵਿੱਚ ਮੀਤ ਹੇਅਰ ਨਹੀਂ ਜਾਂਦਾ ਸੀ ਤਾਂ ਉਹ ਖੁਦ ਹਰਿੰਦਰ ਨੂੰ ਆਪਣੀ ਮਾਸੀ ਦਾ ਮੁੰਡਾ ਕਹਿ ਕੇ ਹੀ ਇੰਟਰੋਡਿਊਜ ਕਰਵਾ ਕੇ ਭੇਜਦਾ ਸੀ, ਅੱਜ ਉਹ ਦੇ ਮੁੱਕਰ ਜਾਣ ਦੀ ਗੱਲ ਨਹੀਂ, ਪਿੰਡਾਂ ਅਤੇ ਸ਼ਹਿਰ ਦੇ ਲੋਕ ,ਹਰਿੰਦਰ ਧਾਲੀਵਾਲ ਦੀ ਪਹਿਚਾਣ ਕਿਸੇ ਪਾਰਟੀ ਦੇ ਅਹੁਦੇਦਾਰ ਵਜੋਂ ਨਹੀਂ,ਸਿਰਫ ਉਸਦੀ ਮਾਸੀ ਦੇ ਮੁੰਡੇ ਵਜੋਂ ਹੀ ਜਾਣਦੇ ਹਨ। ਬਾਠ ਨੇ ਇਸ ਮੁੱਦੇ ਤੇ ਮੀਤ ਨੂੰ ਚੈਲੇਂਜ ਕੀਤਾ ਕਿ ਉਹ ਗੁਰੂ ਘਰ ਜਾ ਕੇ, ਸੌਂਹ ਖਾ ਜਾਵੇ ਕਿ ਹਰਿੰਦਰ ਨੂੰ ਉਹ ਆਪਣੀ ਮਾਸੀ ਦਾ ਮੁੰਡਾ ਨਹੀਂ ਕਹਿੰਦਾ।
ਬਾਠ ਨੇ ਕਿਹਾ ਕਿ ਜੇ ਮੰਨ ਵੀ ਲਉ ਕਿ ਉਹ ਉਸ ਦੀ ਮਾਸੀ ਦਾ ਮੁੰਡਾ ਨਹੀਂ ਤਾਂ ਫਿਰ ਉਹ ਹਰਿੰਦਰ ਧਾਲੀਵਾਲ ਦੀ ਪਾਰਟੀ ਵਿੱਚ ਕੋਈ ਅਹੁਦੇਦਾਰੀ ਦੱਸ ਦੇਵੇ ਜਾਂ ਫਿਰ ਉਸ ਦਾ ਪਾਰਟੀ ਵਰਕਰ ਹੋਣਾ ਹੀ ਸਾਬਿਤ ਕਰ ਦੇਵੇ ਕਿ ਉਸ ਨੇ ਮੀਤ ਦੀ ਗੱਡੀ ਚਲਾਉਣ ਤੋਂ ਸਿਵਾਏ ਪਾਰਟੀ ਲਈ ਹੋਰ ਕੀ ਕੰਮ ਕੀਤਾ ਹੈ। ਬਾਠ ਨੇ ਕਿਹਾ ਕਿ ਪਾਰਟੀ ਨੇ ਚੱਬੇਵਾਲ ਹਲਕੇ ਤੋਂ ਐਮ.ਪੀ. ਰਾਜ ਕੁਮਾਰ ਚੱਬੇਵਾਲਾ ਦੇ ਪੁੱਤ ਨੂੰ ਅਤੇ ਬਰਨਾਲਾ ਤੋਂ ਐਮਪੀ ਦੀ ਮਾਸੀ ਦੇ ਮੁੰਡੇ/ਦੋਸਤ ਨੂੰ ਟਿਕਟ ਦੇ ਕੇ,ਪਾਰਟੀ ਵਰਕਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ,ਜਿਸ ਨੂੰ ਬਰਨਾਲਾ ਇਲਾਕੇ ਦੇ ਇਨਕਲਾਬੀ ਲੋਕ ਕਦੇ ਸਵੀਕਾਰ ਨਹੀਂ ਕਰਨਗੇ। ਬਾਠ ਨੇ ਕਿਹਾ ਕਿ ਉਹ ਤੇ ਪਾਰਟੀ ਦੇ ਵਰਕਰ ਪਿੰਡਾਂ/ਸ਼ਹਿਰਾਂ ਵਿੱਚ ਜਾ ਕੇ, ਵਰਕਰਾਂ ਤੇ ਲੋਕਾਂ ਦੀ ਰਾਇ ਜਾਣਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰਨਗੇ ਤਾਂ ਜੋ ਅਗਲਾ ਫੈਸਲਾ ਲਿਆ ਜਾ ਸਕੇ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਮਾਸਟਰ ਪ੍ਰੇਮ ਕੁਮਾਰ, ਸੰਜੀਵ ਕੁਮਾਰ ਹਰੀ ਓਮ, ਐਡਵੋਕੇਟ ਪਰਵਿੰਦਰ ਸਿੰਘ ਝਲੂਰ, ਸੰਦੀਪ ਸ਼ਰਮਾ,ਰਜਤ ਬਾਂਸਲ ਲੱਕੀ, ਸੈਨਿਕ ਵਿੰਗ ਦੇ ਸੂਬਾਈ ਜਰਨਲ ਸਕੱਤਰ ਸੂਬੇਦਾਰ ਮਹਿੰਦਰ ਸਿੰਘ, ਮਲਕੀਤ ਸਿੰਘ ਸੰਘੇੜਾ, ਕਿਰਨਜੀਤ ਕੌਰ ਆਦਿ ਨੇ ਕਿਹਾ ਕਿ ਅਸੀਂ ਸਾਰੇ ਹਲਕੇ ਦੇ ਵਰਕਰ ਹਰਿੰਦਰ ਧਾਲੀਵਾਲ ਨੂੰ ਦਿੱਤੀ ਟਿਕਟ ਦਾ ਵਿਰੋਧ ਕਰਦੇ ਹਾਂ ਤੇ ਪੂਰੀ ਤਰਾਂ ਗੁਰਦੀਪ ਬਾਠ ਦੇ ਨਾਲ ਖੜ੍ਹੇ ਹਾਂ, ਜੇ ਪਾਰਟੀ ਨੇ ਟਿਕਟ ਦਾ ਫੈਸਲਾ ਵਰਕਰਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਨਾ ਬਦਲਿਆ ਤਾਂ ਮੀਤ ਹੇਅਰ ਇਸ ਦਾ ਨਤੀਜਾ ਖੁਦ ਦੇਖੇਗਾ ਕਿ ਪਾਰਟੀ ਦੇ ਵਰਕਰਾਂ ਦੀ ਤਾਕਤ ਕੀ ਹੈ।