ਹਰਿੰਦਰ ਨਿੱਕਾ, ਬਰਨਾਲਾ 20 ਅਕਤੂਬਰ 2024
ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਪਾਰਟੀ ਦੇ ਜਿਲਾ ਪ੍ਰਧਾਨ ਦੀ ਅਗਵਾਈ ਵਿੱਚ ਉੱਠੀ ਬਗਾਵਤ ਦੀ ਤਰਾਂ ਕਾਂਗਰਸ ਪਾਰਟੀ ਵਿੱਚ ਵੀ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਵਿੱਚ ਵੀ ਵੱਡੀ ਬਗਾਵਤ ਦੇ ਆਸਾਰ ਬਣੇ ਹੋਏ ਹਨ। ਪਤਾ ਲੱਗਿਆ ਕਿ ਬਰਨਾਲਾ ਹਲਕੇ ਵਿੱਚ ਪਹਿਲਾਂ ਤੋਂ ਹੀ ਗੁੱਟਬਾਜੀ ਕਾਰਣ, ਪਾਣਿਉਂ ਪਤਲੀ ਹਾਲਤ ਵਾਲੀ ਕਾਂਗਰਸ ਪਾਰਟੀ ਵਿੱਚ ਵੀ ਟਿਕਟ ਨੂੰ ਲੈ ਕੇ ਕਾਫੀ ਖਿੱਚੋਤਾਣ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤੱਕ ਪਾਰਟੀ ਦੀ ਟਿਕਟ ਦੇ ਦਾਵੇਦਾਰਾਂ ਵਿੱਚ ਸਾਬਕਾ ਆਈਜੀ ਜਗਦੀਸ਼ ਮਿੱਤਲ, ਹਰਦੀਪ ਗੋਇਲ ਅਤੇ ਮੱਖਣ ਸ਼ਰਮਾ ਆਦਿ ਹਿੰਦੂ ਚਿਹਰੇ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਜਦੋਂਕਿ ਜੱਟ ਸਿੱਖ ਚਿਹਰੇ ਵਜੋਂ ਫਿਲਹਾਲ ਇਕੱਲਾ ਕੁਲਦੀਪ ਸਿੰਘ ਕਾਲਾ ਢਿੱਲੋਂ ਹੀ ਦਾਵੇਦਾਰ ਹੈ।
ਕਾਂਗਰਸ ਪਾਰਟੀ ਦੇ ਕੁੱਝ ਹਿੰਦੂ ਆਗੂਆਂ ਦਾ ਕਹਿਣਾ ਹੈ ਕਿ ਬਰਨਾਲਾ ਵਿਧਾਨ ਸਭਾ ਹਲਕੇ ਅੰਦਰ 75 ਹਜ਼ਾਰ ਦ। ਕਰੀਬ ਹਿੰਦੂ ਵੋਟਰ ਹਨ। ਜਿੰਨ੍ਹਾਂ ਦੀ ਅਣਦੇਖੀ ਕਾਰਣ, ਪਹਿਲਾਂ ਪੰਜਾਬ ਅੰਦਰ ਕਾਂਗਰਸ ਦੀ ਚੱਲੀ ਲਹਿਰ ਦੇ ਬਾਵਜੂਦ ਵੀ ਪਾਰਟੀ ਦੇ ਧੜੱਲੇਦਾਰ ਆਗੂ ਸੁਖਪਾਲ ਸਿੰਘ ਖਹਿਰਾ ਵੀ, ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਕਰਦੇ ਹਿੰਦੂ ਵੋਟਰਾਂ ਦੀ ਬੇਰੁਖੀ ਦਾ ਅਜਿਹਾ ਸ਼ਿਕਾਰ ਹੋ ਗਏ, ਕਿ ਉਨ੍ਹਾਂ ਦੇ ਪੈਰ ਲੋਕ ਸਭਾ ਹਲਕੇ ਦੀ ਸਿਆਸੀ ਪਿੱਚ ਤੇ ਟਿਕ ਹੀ ਨਹੀਂ ਸਕੇ। ਬਰਨਾਲਾ ਜਿਲ੍ਹੇ ਅੰਦਰ ਖਹਿਰਾ ਦੀ ਚੋਣ ਮੁਹਿੰਮ ਦੀ ਕਮਾਂਡ ਵੀ,ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਥ ਹੀ ਰਹੀ ਸੀ। ਪਰੰਤੂ, ਉਹ ਕੋਈ ਕਮਾਲ ਨਹੀਂ ਦਿਖਾ ਸਕੇ। ਹੁਣ ਜੇਕਰ ਕਾਂਗਰਸ ਪਾਰਟੀ ਕਾਲਾ ਢਿੱਲੋਂ ਨੂੰ ਜਿਮਨੀ ਚੋਣ ਲਈ, ਉਮੀਦਵਾਰ ਐਲਾਨ ਕਰਦੀ ਹੈ ਤਾਂ ਹਲਕੇ ਵਿੱਚ ਬਗਾਵਤ ਤਿਆਰ ਬਰ ਤਿਆਰ ਹੈ। ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਚਾਰ ਜਿਮਨੀ ਚੋਣਾਂ ਵਿੱਚ, ਕਿਸੇ ਇੱਕ ਵੀ ਹਿੰਦੂ ਚਿਹਰੇ ਨੂੰ ਵਿਧਾਨ ਸਭਾ ਦੀ ਚੋਣ ਲਈ ਕਿਸੇ ਵੀ ਹਿੰਦੂ ਉਮੀਦਵਾਰ ਨੂੰ ਨਜ਼ਰਅੰਦਾਜ ਟਿਕਟ ਨਾ ਦੇਣ ਦਾ ਅਸਰ, ਇਕੱਲੇ ਬਰਨਾਲਾ ਹਲਕੇ ਵਿੱਚ ਹੀ ਨਹੀਂ,ਸਗੋਂ ਚਾਰੋਂ ਹਲਕਿਆਂ ਵਿੱਚ ਪੈ ਸਕਦਾ ਹੈ। ਕੁੱਝ ਆਗੂਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਬਰਨਾਲਾ ਸ਼ਹਿਰ ਦੇ ਇੱਕ ਕੱਦਾਵਰ ਆਗੂ ਤੇ ਆਪ ਸਰਕਾਰ ਨੇ ਇੱਕ ਝੂਠਾ,ਮਨਘੜਤ ਕਹਾਣੀ ਘੜ ਕੇ ਪਰਚਾ ਦਰਜ ਕੀਤਾ ਸੀ, ਉਦੋਂ ਕਾਲਾ ਢਿੱਲੋਂ ਰਾਜਸਥਾਨ ਪਹੁੰਚੇ ਹੋਏ ਸਨ, ਤੇ ਕਾਂਗਰਸੀਆਂ ਵੱਲੋਂ ਸਰਕਾਰ ਖਿਲਾਫ ਵਿੱਢੇ ਸੰਘਰਸ਼ ਚੋਂ ਵੀ ਕਾਲਾ ਢਿੱਲੋਂ ਨਜ਼ਰਅੰਦਾਜ ਹੀ ਰਹੇ ਸਨ। ਇਹ ਚੀਸ ਹਾਲੇ ਵੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਦਿਲ ਵਿੱਚ ਪੈ ਰਹੀ ਹੈ।