5 ਵਜੇ ਗਜ਼ਲ ਹੋਟਲ ਵਿੱਚ ਗੁਰਦੀਪ ਬਾਠ ਨੇ ਸੱਦੀ ਪ੍ਰੈਸ ਕਾਨਫਰੰਸ, ਟਕਸਾਲੀ ਵਰਕਰਾਂ ਨੂੰ ਵੀ ਬੁਲਾਇਆ
ਮੀਤ ਹੇਅਰ ਦੇ ਸੋ ਕਾਲਡ ਮਾਸੀ ਦੇ ਮੁੰਡੇ ਨੂੰ ਦਿੱਤੀ ਟਿਕਟ ਤੋਂ ਬਾਅਦ ਗੁਰਦੀਪ ਬਾਠ ਨੇ ਕੱਢਿਆ ਗੁੱਸਾ
3 ਵਜੇ ਮੀਤ ਹੇਅਰ ਦੀ ਕੋਠੀ ‘ਚ ਅਤੇ ਆਪ ਦੇ ਬਾਗੀ ਧੜੇ ਨੇ ਟਕਸਾਲੀ ਆਗੂ ਦੇ ਘਰ ਸੱਦੀ 4 ਵਜੇ ਮੀਟਿੰਗ
ਹਰਿੰਦਰ ਨਿੱਕਾ, ਬਰਨਾਲਾ 20 ਅਕਤੂਬਰ 2024
ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦੀ ਸੂਚੀ ਜ਼ਾਰੀ ਹੋਣ ਤੋਂ ਕੁੱਝ ਸਮੇਂ ਬਾਅਦ ਵੀ ਆਪ ਦਾ ਗੜ੍ਹ ਸਮਝੇ ਜਾਂਦੇ ਬਰਨਾਲਾ ਹਲਕੇ ਅੰਦਰ ਉਦੋਂ ਵੱਡੀ ਬਗਾਵਤ ਦਾ ਮੁੱਢ ਬੱਝ ਗਿਆ, ਜਦੋਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ,ਐਲਾਨ ਕੀਤਾ ਹੈ ਕਿ ਪਾਰਟੀ ਪਰਿਵਾਰਵਾਦ ਦੇ ਰਾਹ ਤੁਰ ਪਈ ਹੈ। ਜਿਸ ਤੋਂ ਵਰਕਰਾਂ ਵਿੱਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਬਾਠ ਨੇ ਵਰਕਰਾਂ ਅਤੇ ਹਲਕੇ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਹੈ ਕਿ ਅਸੀਂ ਵਰਕਰਾਂ ਅਤੇ ਇਲਾਕਾ ਵਾਸੀਆਂ ਦੀ ਰਾਇ ਨਾਲ ਜਲਦ ਹੀ ਫੈਸਲਾ ਲਵਾਂਗੇ। ਤਾਂਕਿ ਪਾਰਟੀ ਹਾਈਕਮਾਂਡ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਵਿਧਾਨ ਸਭਾ ਚੋਣ ਵਿੱਚ ਕਰਵਾਇਆ ਜਾ ਸਕੇ। ਬਾਠ ਨੇ ਬੜੇ ਭਰੇ ਮਨ ਨਾਲ ਲਾਈਵ ਹੁੰਦਿਆਂ ਕਿਹਾ ਕਿ ਇਹ ਉਮੀਦ ਨਹੀਂ ਸੀ ਕਿ ਪਾਰਟੀ, 8/10 ਸਾਲ ਤੋਂ ਮਿਹਨਤ ਕਰਦੇ ਵਰਕਰਾਂ ਨੂੰ ਨਜ਼ਰਅੰਦਾਜ ਕਰਕੇ,ਪਰਿਵਾਰਵਾਦ ਤੇ ਹੀ ਮੋਹਰ ਲਗਾ ਦੇਵੇਗੀ। ਬਾਠ ਨੇ ਐਮ.ਪੀ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਈਸ਼ਾਨ ਚੱਬੇਵਾਲ ਨੂੰ ਹਲਕਾ ਚੱਬੇਵਾਲ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਉਣ ਅਤੇ ਗਿੱਦੜਬਹਾ ਤੋਂ ਅਕਾਲੀ ਦਲ ਚੋਂ ਕੱਲ੍ਹ ਲਿਆਂਦੇ ਰਹਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟਾਂ ਦੇ ਕੇ, ਪਰਿਵਾਰਵਾਦ ਅਤੇ ਦਲਬਦਲੀਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਹੀ ਕੀਤਾ ਹੈ। ਜਿਹੜਾ ਪਾਰਟੀ ਦੀਆਂ ਨੀਤੀਆਂ ਤੋਂ ਬਿਲਕੁਲ ਉਲਟ ਹੈ।
ਵਰਨਣਯੋਗ ਹੈ ਕਿ ਸਾਲ 2014 ਦੀ ਲੋਕ ਸਭਾ ਚੋਣ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ 2 ਲੱਖ ਤੋਂ ਵਧੇਰੇ ਵੋਟਾਂ ਦੀ ਲੀਡ ਨਾਲ ਜਿਤਾ ਕੇ, ਸੁਖਦੇਵ ਸਿੰਘ ਢੀਂਡਸਾ,ਵਿਜੇਇੰਦਰ ਸਿੰਗਲਾ, ਸਿਮਰਨਜੀਤ ਸਿੰਘ ਮਾਨ ਨੂੰ ਪਟਖਣੀ ਦੇ ਕੇ,ਆਪ ਦਾ ਅਜਿਹਾ ਬੀਜ ਬੀਜਿਆ ਕਿ ਉਦੋਂ ਤੋਂ ਹੀ ਵਿਧਾਨ ਸਭਾ ਚੋਣ 2017, ਫਿਰ ਲੋਕ ਸਭਾ 2019 ਅਤੇ ਵਿਧਾਨ ਸਭਾ 2022 ਅਤੇ ਹੁਣ ਲੋਕ ਸਭਾ 2024 ਵਿੱਚ ਲਗਾਤਾਰ ਜਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬਰਨਾਲਾ,ਮਹਿਲ ਕਲਾਂ ਅਤੇ ਭਦੌੜ ਤੋਂ ਵੱਡੀਆਂ ਜਿੱਤਾ ਦਰਜ ਕੀਤੀਆਂ ਸਨ। ਪਰੰਤੂ ਹੁਣ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਉੇਸੇ ਜਿਲ੍ਹੇ ਵਿੱਚੋਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੋਂ ਪਾਰਟੀ ਦੀ ਨਿਉਂ ਜੜ੍ਹ ਲੱਗੀ ਸੀ। ਅਜਿਹੀ ਬਗਾਵਤ ਕਦੇਂ ਵੀ ਹਲਕੇ ਅੰਦਰ ਵੇਖਣ ਨੂੰ ਨਹੀਂ ਮਿਲੀ। ਇਸ ਬਗਾਵਤ ਦਾ ਅਸਰ ਜਿਮਨੀ ਚੋਣ ਦੇ ਨਤੀਜੇ ਤੋਂ ਪੈਣ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਅੱਜ ਬਰਨਾਲਾ ਹਲਕੇ ਤੋਂ ਆਪ ਦੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਦੀ ਮੁੱਛ ਦਾ ਵਾਲ ਸਮਝੇ ਜਾਂਦੇ,ਉਸ ਦੀ ਗੱਡੀ ਦਾ ਹਰ ਸਮੇਂ ਸ਼ਿੰਗਾਰ ਬਣੇ ਰਹਿਣ ਵਾਲੇ,ਉਸ ਦੀ ਕਥਿਤ ਮਾਸੀ ਦੇ ਮੁੰਡੇ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇ ਦਿੱਤੀ ਹੈ। ਅਜਿਹੀਆਂ ਕਨਸੋਆਂ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ ਕਿ ਮੀਤ ਹੇਅਰ, ਆਪਣੇ ਖਾਸਮ-ਖਾਸ ਹਰਿੰਦਰ ਸਿੰਘ ਨੂੰ ਹੀ ਟਿਕਟ ਦਿਵਾਏਗਾ ਤਾਂਕਿ ਪੰਜਾਬ ਦੀ ਸੱਤਾ ਵਿੱਚ ਹੋਣ ਵਾਲੀ ਸੰਭਾਵਿਤ ਉਠਾਪਟਕ ਤੋਂ ਬਾਅਦ, ਉਹ ਬਰਨਾਲਾ ਸੀਟ ਤੋਂ ਚੁਣੇ ਆਪਣੇ ਕਰੀਬੀ ਤੋਂ ਅਸਤੀਫਾ ਦਿਵਾ ਕੇ, ਖੁਦ ਫਿਰ ਚੋਣ ਮੈਦਾਨ ਵਿੱਚ ਆ ਸਕਣ। ਆਖਿਰ ਗਾਹੇ-ਬਗਾਹੇ ਚੱਲਦੀ ਚਰਚਾ ਸਹੀ ਸਾਬਿਤ ਹੋ ਗਈ। ਪਤਾ ਲੱਗਿਆ ਹੈ ਕਿ ਮੀਤ ਹੇਅਰ ਦੀ ਕੋਠੀ , ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਜਸ਼ਨ ਮਨਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਜਦੋਂਕਿ ਬਾਠ ਦੇ ਸਮੱਰਥਕਾਂ ਵੱਲੋਂ ਵੀ ਅਗਲੀ ਰਣਨੀਤੀ ਘੜ੍ਹਨ ਲਈ, ਇੱਕ ਸੀਨੀਅਰ ਪਾਰਟੀ ਆਗੂ ਦੇ ਘਰ ਮੀਟਿੰਗ ਰੱਖੀ ਗਈ ਹੈ। ਆਪ ਆਦਮੀ ਪਾਰਟੀ ਦੇ ਇੱਕ ਆਗੂ ਨੇ ਮੀਤ ਹੇਅਰ ਅਤੇ ਹਰਿੰਦਰ ਧਾਲੀਵਾਲ ਦੀ ਰਿਸ਼ਤੇਦਾਰੀ ਤੇ ਤੰਜ ਕਰਦਿਆਂ ਕਿਹਾ,,ਕਿ ਜੀ ਹਾਂ ..– .. ਮਸੇਰੇ ਭਾਈ। ਅੱਗੇ ਹੁਣ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਸ਼ੁਰੂ ਹੋਈ ਲੜਾਈ।