ਬੇਅੰਤ ਬਾਜਵਾ ਦੁਆਰਾ ਗੋਰਕੀ ਦੀਆਂ ਕਹਾਣੀਆਂ ਦੀ ਅਨੁਵਾਦ ਪੁਸਤਕ “ ਛੱਬੀ ਮਰਦ ਤੇ ਇੱਕ ਕੁੜੀ ” ਲੋਕ ਅਰਪਣ
ਰਘਬੀਰ ਹੈਪੀ, ਬਰਨਾਲਾ 6 ਅਕਤੂਬਰ 2024
ਗਲਪਕਾਰ ਰਾਮ ਸਰੂਪ ਅਣਖੀ ਹਾਊਸ ਬਰਨਾਲਾ ਵਿਖੇ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਦੇ ਨੌਜਵਾਨ ਲੇਖਕ ਅਤੇ ਕੇਂਦਰੀ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਖੋਜਾਰਥੀ ਬੇਅੰਤ ਸਿੰਘ ਬਾਜਵਾ ਦੁਆਰਾ ਅਨੁਵਾਦ ਕੀਤੀਆਂ ਗਈਆਂ ਮੈਕਸਿਮ ਗੋਰਕੀ ਦੀਆਂ ਕਹਾਣੀਆਂ ਦੀ ਪੁਸਤਕ “ਛੱਬੀ ਮਰਦ ਤੇ ਇੱਕ ਕੁੜੀ” ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ. ਕਰਾਂਤੀ ਪਾਲ, ਡਾ. ਭੁਪਿੰਦਰ ਸਿੰਘ ਬੇਦੀ, ਗੁਰਸੇਵਕ ਸਿੰਘ ਧੌਲਾ, ਲਛਮਣ ਦਾਸ ਮੁਸਾਫਿਰ, ਮੁਬਾਰਕ ਅਣਖੀ ਆਦਿ ਨੇ ਸਾਂਝੇ ਤੌਰ ਤੇ ਲੋਕ ਅਰਪਣ ਕੀਤੀ।ਲੋਕ ਅਰਪਣ ਦੀ ਰਸਮ ਮੌਕੇ ਬੋਲਦਿਆਂ ਡਾ. ਕਰਾਂਤੀ ਪਾਲ ਨੇ ਕਿਹਾ ਕਿ ਅੱਜ ਦੇ ਕਿਰਤੀ ਵਰਗ ਦਾ ਸਭ ਤੋਂ ਵੱਡਾ ਰਚਨਾਕਾਰ ਮੈਕਸਿਮ ਗੋਰਕੀ ਹੈ।ਉਨ੍ਹਾਂ ਦੀਆਂ ਅਨੁਵਾਦ ਕੀਤੀਆਂ ਕਹਾਣੀਆਂ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਹੋ ਕੇ ਆਉਣਾ ਵੱਡੀ ਗੱਲ ਹੈ।
ਗੋਰਕੀ ਦੇ ਸਾਹਿਤ ਤੋਂ ਪੰਜਾਬੀ ਸਾਹਿਤ ਦੇ ਵੱਡੇ ਲੇਖਕ ਪ੍ਰਭਾਵਿਤ ਹੋਏ ਹਨ।ਸਾਡੀਆਂ ਆਪਣੀਆਂ ਭਾਰਤੀ ਭਾਸ਼ਾਵਾਂ ਤੇ ਵਿਦੇਸ਼ੀ ਭਾਸ਼ਾਵਾਂ ਦੀਆਂ ਲਿਖਤਾਂ ਦਾ ਅਨੁਵਾਦ ਪੰਜਾਬੀ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਕਿਉਂਕਿ ਸਾਡੇ ਆਪਣੇ ਲੋਕਾਂ ਦੀ ਸਮੱਸਿਆ ਕਰਕੇ ਇਹ ਸਾਹਿਤ ਸਾਨੂੰ ਹਮੇਸ਼ਾਂ ਹੀ ਨਵੀਂ ਦਿਸ਼ਾ ਦਿੰਦਾ ਹੈ।ਲੇਖਕ ਤੇ ਆਲੋਚਕ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਬੇਅੰਤ ਸਿੰਘ ਬਾਜਵਾ ਦੁਆਰਾ ਗੋਰਕੀਆਂ ਦੀ ਬਾਕਮਾਲ ਕਹਾਣੀਆਂ ਦਾ ਅਨੁਵਾਦ ਕੀਤਾ ਹੈ, ਜਿਸ ਨਾਲ ਗੋਰਕੀਆਂ ਦੀਆਂ ਕਹਾਣੀਆਂ ਮਜ਼ਦੂਰ ਵਰਗ ਤੱਕ ਪੁੱਜਣਗੀਆਂ, ਜਿਸ ਨਾਲ ਉਨ੍ਹਾਂ ਨੂੰ ਇੱਕ ਨਵੀਂ ਸੇਧ ਮਿਲੇਗੀ।
ਗੁਰਸੇਵਕ ਸਿੰਘ ਧੌਲਾ ਨੇ ਲੇਖਕ ਬਾਜਵਾ ਨੂੰ ਪੁਸਤਕ ਲੋਕ ਅਰਪਣ ਦੀ ਵਧਾਈ ਦਿੰਦਿਆਂ ਸਾਹਿਤ ਵਿੱਚ ਹੋਰ ਚੰਗੇ ਸਾਹਿਤ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ।ਸਮਾਗਮ ਦੌਰਾਨ ਕੈਨੇਡਾ ਤੋਂ ਉਚੇਚੇ ਤੌਰ ਤੇ ਪੁੱਜੇ ਮੁਬਾਰਕ ਅਣਖੀ ਅਤੇ ਲੇਖਕ ਲਛਮਣ ਦਾਸ ਮੁਸਾਫਿਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਲੇਖਕ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਉਸ ਵੱਲੋਂ ਵਿਸ਼ਵ ਦੇ ਪ੍ਰਸਿੱਧ ਲੇਖਕ ਮੈਕਸਿਮ ਗੋਰਕੀ ਦੀਆਂ ਕਹਾਣੀਆਂ ਦੀ ਪਹਿਲੀ ਅਨੁਵਾਦਕ ਪੁਸਤਕ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੀਆਂ ਕਹਾਣੀਆਂ ਦਾ ਕੇਂਦਰ ਬਿੰਦੂ ਮਨੁੱਖ ਦੇ ਮਨੋਵਿਗਿਆਨ ਪ੍ਰਵਿਰਤੀ ਨਾਲ ਸੰਬੰਧਤ ਹੈ।ਜਿਕਰਯੋਗ ਹੈ ਕਿ ਬੇਅੰਤ ਸਿੰਘ ਬਾਜਵਾ ਇਸ ਤੋਂ ਪਹਿਲਾਂ ਸਾਹਿਤ ਦੀ ਝੋਲੀ 8 ਪੁਸਤਕਾਂ ਪਾ ਚੁੱਕੇ ਹਨ।ਜਿਸ ਵਿੱਚ ਨਾਵਲ, ਕਹਾਣੀ ਸੰਗ੍ਰਹਿ, ਸੰਪਾਦਨਾ, ਵਾਰਤਕ ਅਤੇ ਖੋਜ ਪੁਸਤਕਾਂ ਸ਼ਾਮਲ ਹਨ।