ਕਿਸਾਨ ਤੇ ਜਨਤਕ ਜਥੇਬੰਦੀਆਂ ਵੱਲੋਂ ਰਾਏਕੋਟ ਸਦਰ ਦਾ 8 ਅਕਤੂਬਰ ਨੂੰ ਕੀਤਾ ਜਾਊ ਘਿਰਾਓ
ਬੇਅੰਤ ਬਾਜਵਾ, ਰਾਏਕੋਟ 6 ਅਕਤੂਬਰ 2024
ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਬਲਾਕ ਰਾਏਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਅਤੇ ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਬਲਾਕ ਪ੍ਰਧਾਨ ਤਪਿੰਦਰ ਸਿੰਘ ਬਾਵਾ ਦੀ ਪ੍ਰਧਾਨਗੀ ਹੇਠ ਦੋਵਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿੰਡ ਤਲਵੰਡੀ ਰਾਏ ਦੀ ਪੀੜਤ ਲੜਕੀ ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਰਾਏਕੋਟ ਸਦਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਮਨਦੀਪ ਕੌਰ ਜੋ ਲਗਭਗ 15 ਸਾਲ ਪਹਿਲਾਂ ਤਲਵੰਡੀ ਰਾਏ ਵਿਖੇ ਜਗਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਵਿਆਹੀ ਸੀ ਉਸ ਦੇ ਪਤੀ ਵੱਲੋਂ ਦੁਰਵਿਹਾਰ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟ ਮਾਰ ਕਰਕੇ ਘਰੋਂ ਬਾਹਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੀੜਤ ਲੜਕੀ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਐਸ ਐਚ ਓ ਸਦਰ ਰਾਏਕੋਟ ਸਮੇਤ ਵੱਖ ਵੱਖ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਨਸਾਫ਼ ਦੇਣ ਦੀ ਮੰਗ ਕੀਤੀ ਗਈ ਪਰ ਪੀੜਤ ਲੜਕੀ ਨੂੰ ਇਨਸਾਫ਼ ਦੇਣ ਦੀ ਥਾਂ ਐਸ ਐਚ ਓ ਰਾਏਕੋਟ ਸਦਰ ਵੱਲੋਂ ਉਸ ਦੇ ਪਤੀ ਜਗਦੀਪ ਸਿੰਘ ਦੀ ਪੁਸ਼ਤ ਪਨਾਹੀ ਅਤੇ ਵਕਾਲਤ ਕੀਤੀ ਜਾ ਰਹੀ ਹੈ। ਇਸ ਲਈ ਕਿਸਾਨ ਜਥੇਬੰਦੀਆਂ ਵੱਲੋਂ 8 ਅਕਤੂਬਰ ਨੂੰ ਥਾਣਾ ਸਦਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ।ਕਿਸਾਨ ਆਗੂਆਂ ਵੱਲੋਂ ਇਨਸਾਫ਼ ਪਸੰਦ ਲੋਕਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਜਗਰਾਜ ਸਿੰਘ ਹਰਦਾਸਪੁਰਾ ਜ਼ਿਲ੍ਹਾ ਆਗੂ ਬਰਨਾਲਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਅਜਮੇਰ ਸਿੰਘ ਕਾਲਸਾਂ, ਨਿਰਪਾਲ ਸਿੰਘ ਜਲਾਲਦੀਵਾਲ, ਕੁਲਵਿੰਦਰ ਸਿੰਘ ਲੋਹਟਬੱਦੀ, ਸੰਦੀਪ ਸਿੰਘ ਦੱਧਾਹੂਰ, ਮਨੀ ਤੂਰ ਆਦਿ ਆਗੂ ਹਾਜ਼ਰ ਸਨ ।