ਸੋਨੀ ਪਨੇਸਰ, ਬਰਨਾਲਾ 26 ਸਤੰਬਰ 2024
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਕਰਕੇ ਪੰਥਕ ਖੇਮਿਆਂ ਵਿੱਚ ਰੋਸ ਅਤੇ ਰੋਹ ਪੈਦਾ ਹੋ ਰਿਹਾ ਹੈ। ਹਰ ਰੋਜ਼ ਵੱਖ ਵੱਖ ਜਥੇਬੰਦੀਆਂ ਦੇ ਬਿਆਨ ਆ ਰਹੇ ਹਨ ਕਿ ਜੇ ਲੋਕਸਭਾ, ਵਿਧਾਨ ਸਭਾਵਾਂ, ਮਿਉਂਸਿਪਲ ਕਮੇਟੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਸਮੇਂ ਸਿਰ ਕਰਵਾਈਆਂ ਜਾ ਸਕਦੀਆਂ ਹਨ ਤਾਂ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਅਜਿਹਾ ਕਰਨਾ ਸਿੱਖਾਂ ਨਾਲ ਧੱਕੇਸ਼ਾਹੀ ਹੈ, ਜਿਹੜੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ।
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਤਾਲਮੇਲ ਵਿੰਗ ਵੱਲੋਂ ਨੇ 28 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਤਰਕਸ਼ੀਲ ਭਵਨ ਬਰਨਾਲਾ ਵਿਖੇ ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜ਼ਰੂਰੀ ਕਿਉਂ ” ,ਵਿਸ਼ੇ ਤੇ ਇੱਕ ਸੈਮੀਨਾਰ ਅਜੋਜਤ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੈਮੀਨਾਰ ਦੇ ਪ੍ਰਬੰਧਕ ਸ. ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਸ.ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋ ਰਹੇ ਇਸ ਸੈਮੀਨਾਰ ਵਿੱਚ ਭਾਈ ਹਰਸਿਮਰਨ ਸਿੰਘ ਮੁਖੀ ਭਾਈ ਗੁਰਦਾਸ ਇੰਸਟੀਚਿਊਟ ਆਫ਼ ਅਡਵਾਂਸ ਸਿੱਖ ਸਟੱਡੀਜ਼ ਪੇਪਰ ਪੜ੍ਹਨਗੇ ਅਤੇ ਪੰਥਕ ਬੁਲਾਰੇ ਪ੍ਰੋ.ਜਗਮੋਹਨ ਸਿੰਘ,ਸ.ਈਮਾਨ ਸਿੰਘ ਮਾਨ, ਪ੍ਰੋ. ਮੋਹਿੰਦਰ ਪਾਲ ਸਿੰਘ,ਪਹਿਰੇਦਾਰ ਦੇ ਕਾਰਜਾਕਰੀ ਸੰਪਾਦਕ ਗੁਰਿੰਦਰਪਾਲ ਸਿੰਘ ਧਨੌਲਾ,ਡਾ. ਹਰਜਿੰਦਰ ਸਿੰਘ ਜੱਖੂ ਆਪਣੇ ਵਿਚਾਰ ਰੱਖਣਗੇ। ਸ.ਗੋਬਿੰਦ ਸਿੰਘ ਸੰਧੂ ਸੰਗਤ ਅਤੇ ਮਹਿਮਾਨਾਂ ਦਾ ਧੰਨਵਾਦ ਕਰਨਗੇ। ਇਸ ਸਮਾਗਮ ਵਿੱਚ ਪਹਿਰੇਦਾਰ ਦੇ ਬਾਨੀ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦਾ “ਸਿਰਦਾਰ ਕਪੂਰ ਸਿੰਘ ਦਾ ਵਾਰਿਸ” ਖਿਤਾਬ ਨਾਲ ਸਨਮਾਨ ਕੀਤਾ ਜਾਵੇਗਾ।