Barnala-ਚੋਣ ਤੋਂ ਪਿੱਛੇ ਹਟੇ ਕਾਂਗਰਸੀ-ਹੋ ਗਿਆ ਮੈਚ ਫਿਕਸ…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 24 ਸਤੰਬਰ 2024

    ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਦੀ ਅੱਜ ਸਾਢੇ ਗਿਆਰਾਂ ਵਜੇ, ਕੌਂਸਲ ਦੇ ਲਾਇਬਰੇਰੀ ਹਾਲ ਵਿੱਚ  ਹੋਣ ਵਾਲੀ ਚੋਣ ਲਈ, ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਚੋਣ ਤੋਂ ਪਹਿਲਾਂ ਹੀ ਲੰਘੀ ਕੱਲ੍ਹ ਮੈਚ ਫਿਕਸ ਹੋ ਗਿਆ ਹੈ। ਜਿਸ ਦਾ ਨਤੀਜਾ, ਹੁਣ ਸਰਬਸੰਮਤੀ ਦੇ ਰੂਪ ਵਿੱਚ ਹਾਊਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁੱਝ ਹੀ ਮਿੰਟਾਂ ਬਾਅਦ ਸਾਹਮਣੇ ਆ ਜਾਵੇਗਾ। ਦੋਵਾਂ ਧਿਰਾਂ ਵਿਚਕਾਰ, ਹੋਣ ਵਾਲਾ ਸੰਭਾਵਿਤ ਗਹਿਗੱਚ ਮੁਕਾਬਲਾ, ਹੁਣ ਇੱਕ ਵਾਰ ਟਲ ਗਿਆ ਹੈ। ਭਾਂਵੇ ਹਿਸ ਗੱਲ ਦੀ ਅਧਿਕਾਰਤ ਪੁਸ਼ਟੀ ਹਾਲੇ ਕਿਸੇ ਵੀ ਧਿਰ ਨੇ ਨਹੀਂ ਕੀਤੀ। ਪਰ ਕੁੱਝ ਕਾਂਗਰਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਹਾਲਤ ਵਿੱਚ ਹਿਹ ਖੁਲਾਸਾ ਕੀਤਾ ਹੈ।                                                                                                            ਕਾਂਗਰਸੀਆਂ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਚੋਣ ਮੈਦਾਨ ਵਿੱਚ ਆਪਣਾ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕਰ ਲਿਆ ਹੈ। ਤੇਜ਼ੀ ਨਾਲ ਵਾਪਰੇ ਇਹ ਰਾਜਸੀ ਘਟਨਾਕ੍ਰਮ ਦੀ ਨੀਂਹ, ਨਗਰ ਕੌਂਸਲ ਦੇ ਹਾਈਕੋਰਟ ਵਲੋਂ ਮੁੜ ਬਹਾਲ ਕੀਤੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੀ ਰੱਖ ਦਿੱਤੀ ਗਈ ਸੀ। ਦੋਵਾਂ ਧਿਰਾਂ ਵਿੱਚ ਟਕਰਾਅ ਟਾਲਣ ਲਈ ਯਤਨਸ਼ੀਲ ਵਿਅਕਤੀਆਂ ਦੀ ਸਰਗਰਮੀ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਇਸ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਨੂੰ ਅਤੇ ਕਾਂਗਰਸੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਲੋਂ ਕੋਂਸਲਰ ਜਗਜੀਤ ਸਿੰਘ ਜੱਗੂ ਮੋਰ ਆਪੋ-ਆਪਣਾ ਉਮੀਦਵਾਰ ਐਲਾਨਿਆ ਹੋਇਆ ਸੀ। ਦੋਵੇਂ ਹੀ ਧਿਰਾਂ ਵਿਚਕਾਰ ਗਹਿਗੱਚ ਤੇ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਸੀ, ਬਲਕਿ ਸੱਤਾਧਾਰੀ ਧਿਰ ਦੇ ਮੁਕਾਬਲੇ ਕਾਂਗਰਸੀ ਉਮੀਦਵਾਰ ਜੱਗੂ ਮੋਰ ਦਾ ਪੱਲੜਾ ਕੁੱਝ ਭਾਰੀ ਜਾਪਦਾ ਸੀ, ਇਸੇ ਲਈ ਹੀ ਸੱਤਾਧਾਰੀਆਂ ਨੇ ਸੱਤਾ ਦਾ ਦਬਕੇ ਨਾਲ, 17 ਸਤੰਬਰ ਨੂੰ ਹੋਣ ਵਾਲੀ ਚੋਣ ਨੂੰ ਪੋਸਟਪੌਨ ਕਰਕੇ,24 ਸਤੰਬਰ ਨੂੰ ਕਰਵਾ ਦਿੱਤਾ ਸੀ। ਇਸੇ ਦੌਰਾਨ ਕੌਂਸਲ ਦੀ ਸੱਤਾ ਤੇ ਕਾਬਿਜ ਹੋਣ ਲਈ ਤਰਲੋਮੱਛੀ ਹੋ ਰਹੀ, ਆਮ ਆਦਮੀ ਪਾਰਟੀ ਨੇ ਕੌਂਸਲ ਪ੍ਰਧਾਨ ਰਾਮਣਵਾਸੀਆ ਨੂੰ ਹੀ ਆਪ ‘ਚ ਸ਼ਾਮਿਲ ਕਰਕੇ,ਅਜਿਹਾ ਮਾਸਟਰ ਸਟ੍ਰੋਕ ਖੇਡਿਆ ਕਿ ਕਾਂਗਰਸੀਆਂ ਦੀਆਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਕੌਂਸਲ ਦੇ ਹਾਊਸ ਵਿੱਚ ਵਿਰੋਧੀ ਧਿਰ ,ਮਜਬੂਤ ਦੀ ਬਜਾਏ ਸਿਰਫ ਬਾਹਰੀ ਤੌਰ ਤੇ ਤਕੜੀ ਦਿਖਣ ਲੱਗੀ। ਜਦੋਂਕਿ ਨੈਕ ਟੂ ਨੈਕ ਫਾਈਟ ਹੋਣ ਕਾਰਣ, ਦੋਵੇਂ ਧਿਰਾਂ ਨੂੰ ਹੀ ਅੰਦਰੋਂ- ਅੰਦਰੀ ਹਾਰ ਦਾ ਡਰ ਵੀ ਸਤਾ ਰਿਹਾ ਸੀ। 

Advertisement

ਜੌਂਟੀ ਬਣੂ ਮੀਤ ਪ੍ਰਧਾਨ ਤੇ ਜੱਗੂ ਮੋਰ ਨੂੰ ਮਿਲਿਆ ਸੀ.ਮੀਤ ਪ੍ਰਧਾਨ ਬਣਾਉਣ ਦਾ ਲਾਰਾ 

      ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 31 ਮੈਂਬਰੀ ਹਾਊਸ ਵਿੱਚ ਸੱਤਾ ਅਤੇ ਵਿਰੋਧੀ ਧਿਰ ਵਿੱਚ ਇੱਕ ਜਾਂ ਦੋ ਵੋਟ ਦਾ ਹੀ ਅੰਤਰ ਸਾਹਮਣੇ ਆ ਰਿਹਾ ਸੀ। ਦੋਵਾਂ ਪਾਸੇ ਵੋਟ ਦਾ ਭਰੋਸਾ ਦੇ ਰਹੇ 1/2 ਕੌਂਸਲਰਾਂ ਦੇ ਹੱਥ ਗੇਮ ਸੀ, ਆਖਿਰ ਦੋਵਾਂ ਧਿਰਾਂ ਨੇ ਹੀ ਆਪੋ-ਆਪਣੀ ਹਾਰ ਦਾ ਡਰ ਦੂਰ ਕਰਨ ਅਤੇ ਸ਼ਹਿਰ ਅੰਦਰੋਂ ਤਲਖੀ ਅਤੇ ਵਿਕਾਸ ਕੰਮਾਂ ਵਿੱਚੋਂ ਪਾਰਟੀਬਾਜੀ ਖਤਮ ਕਰਨ ਦੀ ਮੰਸ਼ਾ ਨਾਲ, ਫੈਸਲਾ ਕਰ ਲਿਆ ਕਿ ਅੱਜ ਹੋਣ ਵਾਲੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੌਂਟੀ ਮਾਨ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣ ਲਿਆ ਜਾਵੇ, ਦੂਜੀ ਧਿਰ ਦੇ ਮੀਤ ਪ੍ਰਧਾਨ ਲਈ ਡਟੇ ਉਮੀਦਵਾਰ ਜੱਗੂ ਮੋਰ ਨੂੰ ਬਾਅਦ ਵਿੱਚ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਕ ਨਵੀਂ ਸੀਨੀਅਰ ਮੀਤ ਪ੍ਰਧਾਨ ਦੀ ਪੋਸਟ ਕਾਇਮ ਕਰਕੇ,ਸੀਨੀਅਰ ਮੀਤ ਪ੍ਰਧਾਨ ਵੀ ਸਰਬਸੰਮਤੀ ਨਾਲ ਬਣਾਉਣ ਤੇ ਸਹਿਮਤੀ ਦੇ ਦਿੱਤੀ। ਬਾਹਰ ਹੋਈ ਰਾਜਸੀ ਸੌਦੇਬਾਜੀ ਦੀ ਇਬਾਰਤ ਨੂੰ  ਅੱਜ ਹੋਣ ਵਾਲੀ ਚੋਣ ਵਿੱਚ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਸੂਬੇ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਅਤੇ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਕਾਂਗਰਸ ਦਰਮਿਆਨ , ਸਮਝੌਤੇ ਦੀ ਰਿੰਨੀ ਖਿਚੜੀ ਨੂੰ ਬਹਿ ਕੇ ਕਿਵੇਂ ਖਾਧਾ ਜਾਵੇਗਾ, ਇਹ ਤਾਂ ਆਉਣ ਵਾਲੇ ਸਮੇਂ ਦੇ ਗਰਭ ਵਿੱਚ ਪਲ ਰਿਹਾ ਸਵਾਲ ਹੈ। ਕਿਹਾ ਜਾਂਦਾ ਹੈ ਕਿ ਮਜਬੂਤ ਧਿਰ ਨਹੀਂ,ਬਲਕਿ ਮਜਬੂਰ ਧਿਰਾਂ ਦੀ ਸਮਝੌਤਾ ਕਰਨ ਲਈ ਕੋਈ ਨਾ ਕੋਈ ਆਨਾ ਬਹਾਨਾ ਲੱਭ ਹੀ ਲੈਂਦੀਆਂ ਹਨ। 

Advertisement
Advertisement
Advertisement
Advertisement
Advertisement
error: Content is protected !!