ਇੱਕ ਕਾਂਗਰਸੀ ਕੌਂਸਲਰ ਪ੍ਰਕਾਸ਼ ਕੌਰ ਪੱਖੋ ਨੇ ਕਿਹਾ NO, ਮੈਂ ਨਹੀਂ ਸਰਬਸੰਮਤੀ ‘ਚ ਸ਼ਾਮਿਲ, ਦਸਤਖਤ ਕਰਨ ਤੋਂ ਵੀ ਦਿੱਤਾ ਜੁਆਬ..
ਇਹ ਸਰਬਸੰਮਤੀ ਨਹੀਂ, ਬਲਕਿ ਬਹੁਸੰਮਤੀ ਕੌਂਸਲਰਾਂ ਨੇ ਚੁਣਿਆ ਜੌਂਟੀ ਮਾਨ ਨੂੰ ਮੀਤ ਪ੍ਰਧਾਨ
ਹਰਿੰਦਰ ਨਿੱਕਾ, ਬਰਨਾਲਾ 24 ਸਤੰਬਰ 2024
ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਨਿਯੁਕਤ ਕਨਵੀਨਰ- ਕਮ- ਉਪ ਮੰਡਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ ਦੀ ਦੇਖ ਰੇਖ ਵਿੱਚ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਲਈ ਅੱਜ ਸਾਢੇ ਗਿਆਰਾਂ ਵਜੇ,ਲਾਇਬਰੇਰੀ ਹਾਲ ਵਿੱਚ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ ਤਾਂ ਹਾਊਸ ਦੇ ਅਜਾਦ ਕੌਂਸਲਰ ਹੇਮਰਾਜ ਗਰਗ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਦਾ ਨਾਂ ਪ੍ਰਪੋਜ਼ ਕੀਤਾ, ਜਿਸ ਦੀ ਤਾਈਦ ਭਾਜਪਾ ਕੌਂਸਲਰ ਨਰਿੰਦਰ ਗਰਗ ਨੀਟਾ ਅਤੇ ਕਾਂਗਰਸੀ ਕੌਂਸਲਰ ਅਜ਼ੇ ਕੁਮਾਰ ਨੇ ਕੀਤੀ। ਹਾਊਸ ਵਿੱਚ ਮੌਜੂਦ ਕਾਂਗਰਸੀ,ਭਾਜਪਾ ,ਅਕਾਲੀ ਅਤੇ 3 ਹੋਰ ਅਜ਼ਾਦ ਕੌਂਸਲਰਾਂ ‘ਚੋਂ ਕਿਸੇ ਵੀ ਕੌਂਸਲਰ ਨੇ ਮੀਤ ਪ੍ਰਧਾਨ ਲਈ ਕਿਸੇ ਹੋਰ ਉਮੀਦਵਾਰ ਦਾ ਨਾਮ ਪੇਸ਼ ਨਹੀਂ ਕੀਤਾ। ਕੋਈ ਹੋਰ ਨਾਮ ਪੇਸ਼ ਨਾ ਹੋਣ ਕਾਰਣ, ਹਾਊਸ ਦੀ ਮੀਟਿੰਗ ਵਿੱਚ ਹਾਜ਼ਿਰ 31 ਕੌਂਸਲਰਾਂ ਵਿੱਚੋਂ 30 ਨੇ ਬਹੁਸੰਮਤੀ ਨਾਲ ਪਰਮਜੀਤ ਸਿੰਘ ਜੌਂਟੀ ਮਾਨ ਨੂੰ ਮੀਤ ਪ੍ਰਧਾਨ ਚੁਣ ਲਿਆ। ਜਦੋਂਕਿ ਇੱਕ ਕਾਂਗਰਸੀ ਕੌਂਸਲਰ ਪ੍ਰਕਾਸ਼ ਕੌਰ ਪੱਖੋਂ ਨੇ, ਜ਼ੌਂਟੀ ਮਾਨ ਦਾ ਸਮੱਰਥਨ ਕਰਨ ਤੋਂ ਨਾਹ ਕਰ ਦਿੱਤੀ। ਉਨਾਂ ਜ਼ੌਂਟੀ ਦੇ ਹੱਕ ਵਿੱਚ ਪਾਸ ਕੀਤੇ ਪ੍ਰਸਤਾਵ ਉੱਤੇ ਦਸਤਖਤ ਕਰਨੋਂ ਵੀ ਕੋਰਾ ਜੁਆਬ ਦੇ ਦਿੱਤਾ। ਇਸ ਤਰਾਂ ਮੀਤ ਪ੍ਰਧਾਨ ਦੀ ਚੋਣ ਵਿੱਚ ਇੱਕ ਕਾਂਗਰਸੀ ਕੌਂਸਲਰ ਨੂੰ ਛੱਡ ਕੇ,ਬਾਕੀ ਸਾਰੇ ਕਾਂਗਰਸੀ, ਭਾਜਪਾ ਦੇ 4 ਅਤੇ ਅਕਾਲੀ ਦਲ ਦੇ 2 ਤੇ 4 ਅਜਾਦ ਕੌਂਸਲਰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭੁਗਤੇ। ਕਾਂਗਰਸੀ ਅਤੇ ਹੋਰ ਵਿਰੋਧੀ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ, ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੰਦਿਆਂ ਸੂਬੇ ਦੀ ਸੱਤਾ ਤੇ ਕਾਬਿਜ ਧਿਰ ਦੇ ਉਮੀਦਵਾਰ ਦਾ ਸਾਥ ਦਿੱਤਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਅੱਜ ਹੋਈ ਚੋਣ ਨੂੰ ਹਾਜ਼ਿਰ ਮੈਂਬਰਾਂ ਦਾ ਬਹੁਮਤ ਪ੍ਰਾਪਤ ਹੋਇਆ ਹੈ, ਪਰੰਤੂ ਇਸ ਨੂੰ ਸਰਬਸੰਮਤੀ ਨਾਲ ਹੋਈ ਚੋਣ ਨਹੀਂ ਕਿਹਾ ਜਾ ਸਕਦਾ। ਜਲਦ ਸ਼ੁਰੂ ਹੋਵੇਗੀ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਬਣਾਉਣ ਦੀ ਪ੍ਰਕਿਰਿਆ…
ਨਗਰ ਕੌਂਸਲ ਦੇ ਸੂਤਰਾਂ ਅਨੁਸਾਰ ਹਾਊਸ ਦੀ ਜਲਦ ਹੋਣ ਵਾਲੀ ਮੀਟਿੰਗ ਦਾ ਏਜੰਡਾ ਵੀ ਜ਼ਾਰੀ ਕੀਤਾ ਜਾਵੇਗਾ, ਇਸ ਏਜੰਡੇ ਵਿੱਚ ਨਗਰ ਕੌਂਸਲ ਲਈ, ਇੱਕ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਬਣਾਉਣ ਲਈ ਵੀ ਇੱਕ ਮਤਾ ਰੱਖਿਆ ਜਾਵੇਗਾ। ਮੀਟਿੰਗ ਵਿੱਚ ਅਜਿਹਾ ਪ੍ਰਸਤਾਵ ਪਾਸ ਕਰਕੇ,ਇਸ ਦੀ ਮੰਜੂਰੀ ਮਿਲਦਿਆਂ ਹੀ,ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਹੋ ਜਾਵੇਗੀ। ਬਿਨਾਂ ਕਿਸੇ ਵਿਘਨ ਤੋਂ ਇਹ ਸਭ ਮੁਕੰਮਲ ਹੋ ਗਿਆ, ਫਿਰ ਮੀਤ ਪ੍ਰਧਾਨ ਦੀ ਚੋਣ ਲਈ ਸਰਬਸੰਮਤੀ ਬਣਾਉਣ ਲਈ ਪਰਦੇ ਪਿੱਛੇ ਹੋਈ ਸੌਦੇਬਾਜੀ ਵਿੱਚ ਦਿੱਤੇ ਭਰੋਸੇ ਮੁਤਾਬਿਕ ਸੀਨੀਅਰ ਮੀਤ ਪ੍ਰਧਾਨ ਕਾਗਰਸੀ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਨੂੰ ਬਣਾਇਆ ਜਾਵੇਗਾ। ਇਸ ਮੌਕੇ ਨਗਰ ਕੌਂਸਲਰ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ , ਓਐਸਡੀ ਹਸਨਪ੍ਰੀਤ ਭਾਰਦਵਾਜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ ਨੇ ਕਿਹਾ ਕਿ ਇਹ ਸਭ, ਮੈ਼ਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਵਿਕਾਸਮੁਖੀ ਤੇ ਨਿਰਪੱਖ ਸੋਚ ਦੇ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੇ ਸ਼ਹਿਰ ਦਾ ਬਿਨਾਂ ਕਿਸੇ ਪੱਖਪਾਤ ਤੋਂ ਚੌਤਰਫਾ ਵਿਕਾਸ ਕੀਤਾ ਜਾਵੇਗਾ।