ਸ਼ਿਵ ਮੰਦਰ ਅਤੇ ਸ਼ਿਵ ਲਿੰਗ ਨੂੰ ਤੋੜਨਾ ਮੰਦਭਾਗੀ ਘਟਨਾ – ਨਿਖਿਲ ਕਾਕਾ
ਹਰਿੰਦਰ ਨਿੱਕਾ, ਪਟਿਆਲਾ 16 ਅਗਸਤ 2024
ਸ਼ਿਵਪੁਰੀ ਮੰਦਿਰ ਖੰਨਾ ਵਿਖੇ ਕੁੱਝ ਅਣਪਛਾਤਿਆਂ ਵੱਲੋਂ ਲੱਖਾਂ ਰੁਪਏ ਦੀ ਚੋਰੀ ਕਰਨ ਅਤੇ ਸ਼ਿਵਲਿੰਗ ਨੂੰ ਹਥੋੜੇ ਨਾਲ ਤੋੜਨ ਦੇ ਕੋਝੇ ਯਤਨ ਦੀ ਘਟਨਾ ਨੂੰ ਲੈ ਕੇ, ਹਿੰਦੂ ਸਮਾਜ ਵਿੱਚ ਭਾਰੀ ਰੋੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਯੁਵਾ ਮੋਰਚਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਨਿਖਲ ਕੁਮਾਰ ਕਾਕਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਪੂਰੇ ਹਿੰਦੂ ਸਮਾਜ ਵਿੱਚ ਇਸ ਪ੍ਰਤੀ ਰੋਸ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਸ਼ਿਵ ਮੰਦਰ ਵਿੱਚ ਭਗਵਾਨ ਸ਼ਿਵਜੀ ਦੇ ਚਾਂਦੀ ਦੇ ਛੱਤਰ ਅਤੇ ਅਲਮਾਰੀ ਵਗੈਰਾ ਨੂੰ ਤੋੜ ਕੇ ਹੋਰ ਕੀਮਤੀ ਸਮਾਨ ਨੂੰ ਚੋਰੀ ਕਰਨ ਉਪਰੰਤ ਸ਼ਿਵ ਲਿੰਗ ਨੂੰ ਹਥੋੜੇ ਨਾਲ ਤੋੜ ਕੇ ਇੱਕ ਬਹੁਤ ਹੀ ਗਲਤ ਕੰਮ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਵਣ ਦੇ ਇਸ ਪਵਿੱਤਰ ਮਹੀਨੇ ਵਿੱਚ ਸ਼ਿਵਲਿੰਗ ਨਾਲ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਕੇ ਸਮਾਜ ਨੂੰ ਇੱਕ ਗਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੀ ਕਿੱਧਰੇ ਵੀ ਮਾਫੀ ਨਹੀਂ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਬੇਨਤੀ ਕੀਤੀ ਕਿ ਜਲਦ ਹੀ ਇਸ ਗਲਤ ਕੰਮ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੀ ਮਨਸ਼ਾ ਨੂੰ ਜਾਹਿਰ ਕੀਤਾ ਜਾਵੇ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਕੇ ਸਮੁੱਚੇ ਹਿੰਦੂ ਸਮਾਜ ਨੂੰ ਬਣਦਾ ਇਨਸਾਫ ਦਵਾਇਆ ਜਾਵੇ।