78 ਵਾਂ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਬਾਬਾ ਕਾਲਾ ਮਹਿਰ ਬਹੁ ਮੰਤਵੀ ਸਟੇਡੀਅਮ ਵਿਖੇ ਮਨਾਇਆ
ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਆ
ਸੂਬਾ ਪੱਧਰੀ ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ ਨਾਲ ਕੀਤਾ ਨੇਚਰ ਲਵਰਜ਼ ਸੁਸਾਇਟੀ ਦਾ ਸਨਮਾਨ
ਰਘਬੀਰ ਹੈਪੀ/ਅਦੀਸ਼ ਗੋਇਲ, ਬਰਨਾਲਾ, 15 ਅਗਸਤ 2024
78ਵਾਂ ਆਜ਼ਾਦੀ ਦਿਹਾੜਾ ਬਾਬਾ ਕਾਲਾ ਮਹਿਰ ਬਹੁ ਮੰਤਵੀ ਸਟੇਡੀਅਮ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਪਣੀ ਜਿੰਦ ਜਾਨ ਵਾਰ ਕੇ ਇਹ ਆਜ਼ਾਦੀ ਹਾਸਿਲ ਕੀਤੀ ਹੈ ਅਤੇ ਇਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਜੰਗੀ ਵਿਧਵਾਵਾਂ, ਸਾਬਕਾ ਫੌਜੀਆਂ ਅਤੇ ਅਗਨੀਵੀਰਾਂ ਨੂੰ ਵੱਖ ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਚੰਗੇ ਪ੍ਰਸ਼ਾਸਨ ਅਤੇ ਚੰਗੀ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਤਹਿਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਤੀਬਾੜੀ, ਸਿਹਤ, ਖੇਡਾਂ, ਸਿੱਖਿਆ, ਪ੍ਰਸ਼ਾਸਨ, ਸਿੰਜਾਈ ਆਦਿ ਖੇਤਰਾਂ ਵਿਚ ਨਿਰੰਤਰ ਨਵੇਂ ਰਿਕਾਰਡ ਕਾਇਮ ਕਰਕੇ ਲੋਕਾਂ ਨੂੰ ਨਵੇਂ ਅਤੇ ਨਰੋਏ ਪੰਜਾਬ ਨਾਲ ਜੋੜਿਆ ਜਾ ਰਿਹਾ ਹੈ।
ਇਸ ਮੌਕੇ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ। ਡੀ.ਐੱਸ.ਪੀ. ਤਪਾ ਡਾ. ਮਾਨਵਜੀਤ ਜੀਤ ਸਿੰਘ ਅਗਵਾਈ ਹੇਠ ਪੰਜਾਬ ਪੁਲਿਸ ਦੀਆਂ ਟੁਕੜੀਆਂ ਅਤੇ ਐਨ.ਸੀ. ਸੀ. ਦੀਆਂ ਟੁਕਰੀਆਂ ਵੱਲੋਂ ਪਰੇਡ ਪੇਸ਼ ਕੀਤੀ ਗਈ।
ਸਮਗਾਮ :ਚ ਜ਼ਿਲ੍ਹਾ ਬਰਨਾਲਾ ਦੇ 12 ਵਿਭਾਗਾਂ ਨੇ ਆਪਣੀ ਪ੍ਰਾਪਤੀਆਂ ਨੂੰ ਦਰਸਾਉਂਦੀ ਝਾਕੀਆਂ ਪੇਸ਼ ਕੀਤੀਆਂ। ਇੱਕ ਨਵੀ ਪਹਿਲ ਕਰਦਿਆਂ ਸਟੈਂਡਰਡ ਕੰਬਾਈਨ ਵੱਲੋਂ ਕੰਬਾਈਨ ਦਾ ਇਸਤੇਮਾਲ ਕਰਦਿਆਂ ਤਿਰੰਗੇ ਝੰਡੇ ਨੂੰ ਫੁੱਲਾਂ ਨਾਲ ਸਲੂਟ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਦੇ ਦਫਤਰ ਵੱਲੋਂ ਪੇਸ਼ ਕੀਤੀ ਗਈ ਝਾਕੀ ਨੂੰ ਅੱਜ ਸੱਭ ਤੋਂ ਵਧੀਆ ਝਾਕੀ ਦਾ ਐਵਾਰਡ ਦਿੱਤਾ ਗਿਆ।
ਸਕੂਲੀ ਬੱਚਿਆਂ ਵੱਲੋਂ ਪੀ. ਟੀ. ਸ਼ੋਅ ਅਤੇ ਰੰਗਾ ਰੰਗ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਵੱਖ ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲਿਆ। ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਨਾਲ ਸਬੰਧਿਤ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ।
ਇਸ ਮੌਕੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ ਆਪਣੇ ਆਪਣੇ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਰੈੱਡ ਕਰਾਸ ਸੁਸਾਇਟੀ ਬਰਨਾਲਾ ਵੱਲੋਂ ਲੋੜਵੰਦਾਂ ਨੂੰ ਦਿੱਤੀ ਜਾਣ ਵਾਲੀਆਂ ਸਿਲਾਈ ਮਸ਼ੀਨਾਂ, ਵ੍ਹੀਲ ਚੇਅਰ ਅਤੇ ਟਰਾਈ ਸਾਈਕਲ ਵੰਡੇ । ਪੰਜਾਬ ਸਰਕਾਰ ਵੱਲੋਂ ਅਨਾਥ ਬੱਚੇ ਅਤੇ ਉਹ ਬੱਚੇ ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ 4000 ਪ੍ਰਤੀ ਬੱਚੇ ਨੂੰ ਮਾਲੀ ਮਦਦ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ 62 ਬੱਚਿਆਂ ਨੂੰ ਜ਼ਿਲ੍ਹਾ ਬਰਨਾਲਾ ‘ਚ ਮਦਦ ਦਿੱਤੀ ਜਾ ਰਹੀ ਹੈ। ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇਨ੍ਹਾਂ ਬੱਚਿਆਂ ਨੂੰ ਚੈੱਕ ਤਕਸੀਮ ਕੀਤੇ।
ਇਸ ਮੌਕੇ ਨੇਚਰ ਲਵਰਜ਼ ਸੁਸਾਇਟੀ ਬਰਨਾਲਾ ਨੂੰ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ ਦਿੱਤਾ ਗਿਆ। ਇਸ ਐਵਾਰਡ ਤਹਿਤ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈੱਕ, ਸਰਟੀਫਿਕੇਟ ਅਤੇ ਸ਼ੀਲਡ ਦਿੱਤੀ ਗਈ। ਨੇਚਰ ਲਵਰਜ਼ ਸੁਸਾਇਟੀ ਵੱਲੋਂ ਲੱਕੜ ਦੇ ਆਲਣੇ, ਜੰਗਲ ਲਗਾਏ, ਪੌਦੇ ਲਗਾਏ ਅਤੇ ਪਲਾਸਟਿਕ ਦਾ ਕੂੜਾ ਇੱਕਠਾ ਕਰਨ ਦਾ ਕੰਮ ਕੀਤਾ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ ਬੀ ਐੱਸ ਤੇਜੀ, ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਡੀ ਆਈ ਜੀ ਸ੍ਰੀ ਮਨਦੀਪ ਸਿੰਘ ਸਿੱਧੂ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਮਲਿਕ, ਵਿਧਾਇਕ ਮਹਿਲ ਕਲਾਂ ਸ੍ਰੀ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਸ੍ਰੀ ਲਾਭ ਸਿੰਘ ਉਗੋਕੇ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟ੍ਰਸਟ ਸ੍ਰੀ ਰਾਮ ਤੀਰਥ ਮੰਨਾ, ਏਅਰ ਫੋਰਸ ਬਰਨਾਲਾ ਤੋਂ ਗਰੁੱਪ ਕੈਪਟਨ ਸ੍ਰੀ ਮਨਦੀਪ ਸਿੰਘ ਅਤੇ ਸਾਰੇ ਵਿਭਾਗਾਂ ਦੇ ਮੁਖੀ, ਕਰਮਚਾਰੀ, ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ।
ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ 16 ਅਗਸਤ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।