ਹਰਿੰਦਰ ਨਿੱਕਾ, ਬਰਨਾਲਾ 16 ਅਗਸਤ 2024
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖਾਲਸਿਤਾਨੀ ਆਗੂ ਪੰਨੂੰ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਅਸਰ ਮੁੱਖ ਮੰਤਰੀ ਦੇ ਦੌਰਿਆਂ ਤੇ ਸਾਫ ਸਾਫ ਦਿਖਣਾ ਸ਼ੁਰੂ ਹੋ ਗਿਆ ਹੈ। ਭਲ੍ਹਕੇ 17 ਅਗਸਤ ਨੂੰ ਬਰਨਾਲਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਰੱਖੜੀ ਦੇ ਤਿਉਹਾਰ ਦੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੋਂ ਪਹਿਲਾਂ ਸੁਰੱਖਿਆ ਯਕੀਨੀ ਬਣਾਉਣ ਲਈ ਜਿਲੇ ਦੀ ਡਿਪਟੀ ਕਮਿਸ਼ਨਰ ਵੱਲੋਂ ਇੱਕ ਹੋਰ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ। ਡੀਸੀ ਵੱਲੋਂ ਜ਼ਾਰੀ ਹੁਕਮਾਂ ਅਨੁਸਾਰ ਮੈਰੀਲੈਂਡ ਰਿਜ਼ੋਰਟ ਦੇ ਆਸ-ਪਾਸ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਇਹ ਪਾਬੰਦੀ ਭਾਰਤੀ ਨਾਗਰਿਕ ਸੁਰਖਿਆ ਸਹਿਤਾ- 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਆਮਦ ਸਮੇ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਹਿੱਤ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਰੂਟ ਏਰੀਆ ਅਤੇ ਸਮਾਗਮ ਵਾਲੇ ਸਥਾਨ ਦੇ ਆਲੇ-ਦੁਆਲੇ ਦੇ 1000 ਮੀਟਰ ਰੋਡੀਅਸ ਨੂੰ ਨੋ ਡ੍ਰੋਨ ਜ਼ੋਨ ਘੋਸਿਤ ਕਰਨ ਲਈ ਲਿਖਿਆ ਗਿਆ ਹੈ। ਇਸ ਹੁਕਮ ਤਹਿਤ ਐਸਐਸਪੀ ਬਰਨਾਲਾ, ਹੁਕਮ ਦੀ ਇਨ-ਬਿੰਨ ਪਾਲਣਾ ਕਰਵਾਉਣ ਲਈ ਜਿੰਮੇਵਾਰ ਹੋਣਗੇ।