ਡਰੱਗ ਇੰਸਪੈਕਟਰ ਦੇ ਟਿਕਾਣਿਆ ਤੇ ਐਸਟੀਐਫ ਦੇ ਛਾਪੇ- ਕਰੋੜਾਂ ਰੁਪਏ ਬਰਾਮਦ

Advertisement
Spread information

ਅਸ਼ੋਕ ਵਰਮਾ, ਬਠਿੰਡਾ 8 ਅਗਸਤ 2024

        ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਵੀਰਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ 13 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਨਸ਼ਾ ਤਸਕਰੀ ਨਾਲ ਜੁੜੇ ਇਸ ਅਹਿਮ ਆਪਰੇਸ਼ਨ ਦੀ ਦੇਖ ਰੇਖ ਐਸਟੀਐਫ ਦੇ ਏਡੀਜੀਪੀ ਨਿਲਾਂਭ ਕਿਸ਼ੋਰ ਕਰ ਰਹੇ ਹਨ ਜਿੰਨ੍ਹਾਂ ਨੂੰ ਪੁਲਿਸ ਪ੍ਰਸ਼ਾਸ਼ਨ ’ਚ ਇਮਾਨਦਾਰ ਅਤੇ ਫਰਜ਼ਸ਼ਨਾਸ਼ ਅਧਿਕਾਰੀ ਮੰਨਿਆ ਜਾਂਦਾ ਹੈ। ਮਹੱਤਵਪੂਰਨ ਤੱਥ ਹੈ ਕਿ ਸ਼ਿਸ਼ਨ ਮਿੱਤਲ ਦੀ ਡਰੱਗ ਇੰਸਪੈਕਟਰ ਦੇ ਤੌਰ ਤੇ ਜਿੰਮੇਵਾਰੀ ਮੈਡੀਕਲ ਨਸ਼ਿਆਂ ਦੀ ਵਿੱਕਰੀ ਰੋਕਣ ਦੀ ਸੀ ਪਰ ਉਹ ਖੁਦ ਹੀ ਨਸ਼ਾ ਤਸਕਰੀ ਨਾਲ ਕਥਿਤ ਤੌਰ ਤੇ ਜੁੜਨ ਕਾਰਨ ਪੁਲਿਸ ਦੇ ਜਾਲ ’ਚ ਫਸ ਗਿਆ ਜਿਸ ਨੂੰ ਲੈਕੇ ਆਮ ਲੋਕਾਂ ਖਾਸ ਤੌਰ ਤੇ ਮੈਡੀਕਲ ਸਟੋਰ ਮਾਲਕਾਂ ’ਚ ਹੈਰਾਨੀ ਪਾਈ ਜਾ ਰਹੀ ਹੈ।                                                                     
           ਰੌਚਕ ਪਹਿਲੂ ਇਹ ਵੀ ਹੈ ਕਿ ਸ਼ਿਸ਼ਨ ਮਿੱਤਲ ਦੀ ਅਗਵਾਈ ਹੇਠ ਬਠਿੰਡਾ ’ਚ ਕਈ ਵਾਰ ਮੈਡੀਕਲ ਨਸ਼ਿਆਂ ਦੀ ਬਰਾਮਦਗੀ ਵੀ ਕੀਤੀ ਗਈ ਸੀ ਤਾਂ ਵੀ ਉਹ ਵੱਡੀ ਪੱਧਰ ਤੇ ਚੁੰਝ ਚਰਚਾ ਦਾ ਵਿਸ਼ਾ ਬਣਿਆ ਸੀ। ਅੱਜ ਦੇ  ਇਸ ਆਪਰੇਸ਼ਨ ਤਹਿਤ ਦੋ ਡੀਐਸਪੀ ਤੇਜਿੰਦਰਪਾਲ ਸਿੰਘ ਅਤੇ ਡੀਐਸਪੀ ਪਰਮਜੀਤ ਸਿੰਘ ਡੋਡ ਦੀ ਅਗਵਾਈ ਹੇਠ  ਪੁਲਿਸ ਟੀਮਾਂ ਨੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਦੇ ਬਠਿੰਡਾ ਅਤੇ ਮੌੜ ਮੰਡੀ ਸਥਿਤ ਦੋ ਘਰਾਂ ਤੇ ਛਾਪਾ ਮਾਰਿਆ, ਜਦੋਂਕਿ ਹੋਰਨਾਂ ਟੀਮਾਂ ਨੇ ਵੱਖ ਵੱਖ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ। ਐਸਟੀਐਫ ਵੱਲੋਂ ਕੀਤੀ ਗਈ ਇਸ ਸਮੁੱਚੀ ਕਾਰਵਾਈ ਦੌਰਾਨ ਮੁਲਜ਼ਮ ਸਿਸ਼ਨ ਮਿੱਤਲ ਅਤੇ ਉਸ ਦੇ ਸਾਥੀਆਂ ਦੇ 24 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਜੋ ਹੋਰ ਵੀ ਕਈ ਵਿਅਕਤੀਆਂ ਦੇ ਨਾਂ ’ਤੇ ਚੱਲ ਰਹੇ ਸਨ। ਬੈਂਕ ਖਾਤਿਆਂ ਵਿੱਚ 6.19 ਕਰੋੜ ਰੁਪਏ ਰਾਸ਼ੀ ਮਿਲੀ ਹੈ।
         ਐਸਟੀਐਫ ਦੀ ਇਸ ਕਾਰਵਾਈ ਦੌਰਾਨ 9 ਲੱਖ ਰੁਪਏ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਦੀ ਮੁਢਲੀ ਜਾਂਚ ਦੌਰਾਨ ਜ਼ੀਰਕਪੁਰ ਵਿੱਚ 1.4 ਕਰੋੜ ਰੁਪਏ ਦੀ ਅਚੱਲ ਜਾਇਦਾਦ ਦਾ ਵੀ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ 3 ਬੈਂਕ ਲਾਕਰ ਵੀ ਫਰੀਜ਼ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ  ਐਸਟੀਐਫ ਦੀਆਂ ਟੀਮਾਂ ਛਾਪੇ ਮਾਰਨ ਲਈ ਬਠਿੰਡਾ, ਮੁਹਾਲੀ, ਗਿੱਦੜਬਾਹਾ, ਜ਼ੀਰਕਪੁਰ ਅਤੇ ਫਤਿਹਾਬਾਦ ਸਵੇਰ ਵਕਤ ਹੀ ਪੁੱਜ ਗਈਆਂ  ਸਨ ਜਿਸ ਤੋਂ ਬਾਅਦ ਪੁਲਿਸ ਦੀ ਸਖਤ ਸਰੱਖਿਆ ਹੇਠ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ। ਮਾਮਲੇ ਨੂੰ ਹੋਰ ਵੀ ਪੁਖਤਾ ਬਨਾਉਣ ਲਈ ਐਸਟੀਐਫ ਵੱਲੋਂ ਇਸ ਸਮੁੱਚੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਜਦੋਂ ਤੋਂ ਸ਼ਿਸ਼ਨ ਮਿੱਤਲ ਦਾ ਨਾਮ ਕਥਿਤ ਤੌਰ ਤੇ ਨਸ਼ਾ ਤਸਕਰਾਂ ਨਾਲ ਜੁੜਿਆ ਹੈ ਉਹ ਛੁੱਟੀ ਤੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
         ਐਸਟੀਐਫ ਵੱਲੋਂ ਅੱਜ ਦੀ ਕਾਰਵਾਈ ਇੱਕ ਸ਼ਕਾਇਤ ਦੀ ਪੜਤਾਲ ਦੇ ਅਧਾਰ ਤੇ ਕੀਤੀ ਗਈ ਦੱਸੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਐਸਟੀਐਫ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਜੇਲ੍ਹ ਵਿੱਚ ਬੰਦ ਵੱਡੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਪੜਤਾਲ ’ਚ ਇਹ ਵੀ ਤੱਥ ਉੱਭਰੇ ਹਨ ਕਿ ਮਿੱਤਲ ਨੇ ਇਸ ਕਾਲੇ ਧੰਦੇ ਤੋਂ ਆਉਣ ਵੈਲੇ ਪੈਸਿਆਂ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਤਲਾਸ਼ੀ ਦੌਰਾਨ ਐਸਟੀਐਫ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਐਸਟੀਐਫ ਨੇ ਕਈ ਦਸਤਾਵੇਜ਼ ਵੀ ਕਬਜੇ ਵਿੱਚ ਲਏ ਹਨ ਜਿੰਨ੍ਹਾਂ ਨੂੰ ਵੀ ਖੰਘਾਲਿਆ ਜਾਣਾ ਹੈ। ਐਸਟੀਐਫ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੁਲਜ਼ਮ ਨਸ਼ਾ ਤਸਕਰਾਂ ਨਾਲ ਸਿੰਥੈਟਿਕ ਡਰੱਗ ਰੈਕੇਟ ਵਿੱਚ ਸ਼ਾਮਲ ਸੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਕਰਕੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ।
          ਐਸਟੀਐਫ ਦੇ ਏਡੀਜੀਪੀ ਨੀਲਾਭ ਕਿਸ਼ੋਰ ਨੇ ਦੱਸਿਆ ਕਿ ਪੁਲੀਸ ਨੇ ਡਰੱਗ ਇੰਸਪੈਕਟਰ ਨਾਲ ਜੁੜੇ 20 ਤੋਂ ਵੱਧ ਬੈਂਕ ਖਾਤੇ ਫਰੀਜ਼ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਕੱੁਝ ਬੈਂਕ ਲਾਕਰ ਵੀ ਮਿਲੇ ਹਨ ਜਿਨ੍ਹਾਂ ਨੂੰ ਵੀ ਫਰੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧ ’ਚ ਕੀਤੀ ਜਾ ਰਹੀ ਛਾਪੇਮਾਰੀ ਮੁਕੰਮਲ ਹੋ ਗਈ ਤਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਓਧਰ ਅਹਿਮ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ ਜਿਸ ਨੂੰ ਹੁਣ ਪੁਲਿਸ ਵੱਲੋਂ ਪਹਿਲ ਦੇ ਆਧਾਰ ’ਤੇ ਅਟੈਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਪੁਲਿਸ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਐਸਟੀਐਫ ਕਰੀਬ ਇੱਕ ਮਹੀਨੇ ਤੋਂ ਜਾਂਚ ਵਿੱਚ ਜੁਟੀ ਹੋਈ ਸੀ ਜਿਸ ਤੋਂ ਬਾਅਦ ਇਹ ਆਪਰੇਸ਼ਨ ਚਲਾਇਆ ਗਿਆ ਹੈ।

Advertisement
Advertisement
Advertisement
Advertisement
Advertisement
Advertisement
error: Content is protected !!