ਸਕੂਲਾਂ ‘ਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਹਿਲ ਕਲਾਂ ਲੋਕ ਘੋਲ ਦੇ ਵਿਰਸੇ ਤੋਂ ਕਰਾਇਆ ਜਾਣੂ
ਅਧਿਆਪਕਾਂ ਵੱਲੋਂ ਮਿਲ ਰਿਹੈ ਉਤਸ਼ਾਹਜਨਕ ਹੁੰਗਾਰਾ – ਨਰਾਇਣ ਦੱਤ
ਰਘਵੀਰ ਹੈਪੀ, ਬਰਨਾਲਾ 3 ਅਗਸਤ 2024
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਸਬੰਧੀ 12 ਅਗਸਤ ਨੂੰ ਹੋਣ ਵਾਲੇ 27 ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੀ ਮੁਹਿੰਮ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚ ਗਈ ਹੈ। ਸਕੂਲ ਆਫ ਐਮੀਨੈਂਸ ਬਰਨਾਲਾ, ਉੱਪਲੀ, ਕੱਟੂ, ਦਾਨਗੜ੍ਹ ਆਦਿ ਸਕੂਲਾਂ ਵਿੱਚ ਯਾਦਗਾਰੀ ਕਮੇਟੀ ਦੇ ਕਨਵੀਨਰ ਨਰਾਇਣ ਦੱਤ, ਸਹਿਯੋਗੀ ਕਮੇਟੀ ਆਗੂ ਅਮਰਜੀਤ ਕੌਰ, ਡੀਟੀਐਫ ਦੇ ਸਾਬਕਾ ਆਗੂਆਂ ਬਿੱਕਰ ਸਿੰਘ ਔਲਖ, ਜਗਜੀਤ ਸਿੰਘ ਠੀਕਰੀਵਾਲਾ ਅਤੇ ਇਨਕਲਾਬੀ ਕੇਂਦਰ ਦੇ ਆਗੂ ਡਾ ਰਜਿੰਦਰ ਪਾਲ ਵੱਲੋਂ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ 27 ਸਾਲ ਦੇ ਲੋਕ ਇਤਿਹਾਸ ਤੋਂ ਜਾਣੂ ਕਰਵਾਇਆ।
ਆਗੂਆਂ ਨੇ ਸਕੂਲਾਂ/ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨੈਤਿਕਤਾ ਦੇ ਚੰਗੇਰੇ ਗੁਣ ਅਤੇ ਵਿਗਿਆਨਕ ਨਜ਼ਰੀਆ ਗ੍ਰਹਿਣ ਕਰਨ ਲਈ ਵੀ ਪ੍ਰੇਰਿਆ ਤਾਂ ਜੁ ਵਿਦਿਆਰਥੀ ਆਉਣ ਵਾਲੇ ਸਮੇਂ ਦੀਆਂ ਤਲਖ ਹਕੀਕਤਾਂ ਦਾ ਹਿੱਕ ਡਾਹ ਕੇ ਸਾਹਮਣਾ ਕਰ ਸਕਣ। ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਨਾਉਣ ਵਿੱਚ ਪ੍ਰਿੰਸੀਪਲ ਹਰੀਸ਼ ਬਾਂਸਲ, ਲੈਕਚਰਾਰ ਜਗਤਾਰ ਸਿੰਘ, ਰੁਪਿੰਦਰ ਕੌਰ, ਰੇਸ਼ੋ ਰਾਣੀ, ਗਜਿੰਦਰ ਸਿੰਘ,ਕਰਮਜੀਤ ਸਿੰਘ ਰੰਗੀਆਂ,ਅਮਨਦੀਪ ਸਿੰਘ ਹਰੀਗੜ੍ਹ, ਬਲਜਿੰਦਰ ਸਿੰਘ, ਗੁਰਜਿੰਦਰ ਸਿੰਘ ਰਸੀਆ, ਰੋਬਿਨ ਕੁਮਾਰ, ਸੁਖਦੀਪ ਸਿੰਘ ਤੋਂ ਇਲਾਵਾ ਹਰ ਸਕੂਲ ਦੇ ਅਧਿਆਪਕ ਸਾਹਿਬਾਨ ਨੇ ਵਡਮੁੱਲਾ ਸਹਿਯੋਗ ਦਿੱਤਾ। ਹਰ ਸਾਲ ਦੀ ਤਰ੍ਹਾਂ 12 ਅਗਸਤ ਨੂੰ ਮਹਿਲ ਕਲਾਂ ਪੁੱਜਣ ਦਾ ਵਿਸ਼ਵਾਸ ਦਿਵਾਇਆ ਅਤੇ ਯਾਦਗਾਰ ਕਮੇਟੀ ਲਈ ਦਿਲ ਖੋਲ੍ਹ ਕੇ ਫੰਡ ਮੁਹਿੰਮ ਵਿੱਚ ਹਿੱਸਾ ਪਾਇਆ। ਆਗੂਆਂ ਦੱਸਿਆ ਕਿ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝ ਪਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।