ਬੀਮਾ ਕੰਪਨੀ ਨੂੰ ਕਲੇਮ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ
ਰਘਵੀਰ ਹੈਪੀ, ਬਰਨਾਲਾ 3 ਜੁਲਾਈ 2024
ਮੈਡੀਕਲ ਕਲੇਮ ਦੇਣ ਤੋਂ ਟਾਲਾ ਵੱਟਦੀ ਬੀਮਾ ਕੰਪਨੀ ਦੀ ਉਪਭੋਗਤਾ ਕਮਿਸ਼ਨ ਬਰਨਾਲਾ ਨੇ ਢਿੰਬਰੀ ਟਾਈਟ ਕਰਕੇ,ਉਪਭੋਗਤਾਵਾਂ ਨੂੰ ਸਮੇਤ ਵਿਆਜ ਕਲੇਮ ਅਤੇ ਹਰਾਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਬਰਾਂਚ ਬਰਨਾਲਾ ਦੇ ਬਰਖਿਲਾਫ ਇਹ ਕੇਸ ਉਪਭੋਗਤਾਵਾਂ ਦੀ ਤਰਫੋਂ ਐਡਵੋਕੇਟ ਧੀਰਜ ਕੁਮਾਰ ਅਤੇ ਐਡਵੋਕੇਟ ਅਰੁਣਜੀਤ ਸਿੰਘ ਗਰੇਵਾਲ ਵੱਲੋਂ ਉਪਭੋਗਤਾ ਕਮਿਸ਼ਨ ਬਰਨਾਲਾ ਵਿਖੇ ਦਾਇਰ ਕੀਤਾ ਗਿਆ ਸੀ। ਜਦੋਂਕਿ ਕੇਸ ਦਾ ਫੈਸਲਾ ਉਪਭੋਗਤਾ ਕਮਿਸ਼ਨ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ, ਮੈਂਬਰ ਨਵਦੀਪ ਕੁਮਾਰ ਗਰਗ ਅਤੇ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਉਪਭੋਗਤਾ ਗੁਲਸ਼ਨ ਕੁਮਾਰ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਬਰਾਂਚ ਬਰਨਾਲਾ ਪਾਸੋਂ ਆਪਣਾ ਵਾ ਆਪਣੇ ਪਰਿਵਾਰ ਦਾ ਮੈਡੀਕਲ ਬੀਮਾ ਕਰਵਾਇਆ ਸੀ ਜੋ ਗੁਲਸ਼ਨ ਕੁਮਾਰ ਮਿਤੀ 13-03-2020 ਨੂੰ ਬੀਮਾਰ ਹੋ ਗਿਆ ਸੀ, ਜਿਸ ਦਾ ਇਲਾਜ਼ ਡੀ.ਐਮ.ਸੀ. ਹਸਪਤਾਲ ਲੁਧਿਆਣਾ ਪਾਸੋਂ ਹੋਇਆ। ਜਿਸ ਦੇ ਇਲਾਜ਼ ਦਾ ਖਰਚਾ 56,288/- ਰੁਪਏ ਬੀਮਾ ਕੰਪਨੀ ਵੱਲੋਂ ਦਸਤਾਵੇਜ਼ਾਂ ਦੀ ਘਾਟ ਦਾ ਬਹਾਨਾ ਲਾ ਕੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ । ਇਸ ਤੋਂ ਬਾਅਦ ਗੁਲਸ਼ਨ ਕੁਮਾਰ ਮਿਤੀ 29-06-2020 ਨੂੰ ਦੁਬਾਰਾ ਬੀਮਾਰ ਹੋ ਗਿਆ, ਜਿਸ ਦਾ ਇਲਾਜ਼ ਫਿਰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਪਾਸੋਂ ਹੀ ਕਰਵਾਇਆ ਗਿਆ । ਉੱਥੋਂ ਮਿਤੀ 05-07-2020 ਨੂੰ ਗੁਲਸ਼ਨ ਕੁਮਾਰ ਠੀਕ ਹੋ ਕੇ ਡਿਸਚਾਰਜ਼ ਹੋਇਆ । ਜਿਸ ਦੇ ਇਲਾਜ਼ ਦੀ ਰਕਮ 52,374/- ਰੁਪਏ ਦਸਤਾਵੇਜ਼ ਦੀ ਘਾਟ ਹੋਣ ਦਾ ਬਹਾਨਾ ਲਗਾ ਕੇ ਬੀਮਾ ਕੰਪਨੀ ਵੱਲੋਂ ਦੇਣ ਤੋਂ ਫਿਰ ਇਨਕਾਰ ਕਰ ਦਿੱਤਾ ਗਿਆ। ਮਿਤੀ 19-07-2020 ਨੂੰ ਉਪਭੋਗਤਾ ਗੁਲਸ਼ਨ ਕੁਮਾਰ ਦੀ ਮੌਤ ਹੋ ਗਈ ਸੀ।
ਆਖਿਰ ਮ੍ਰਿਤਕ ਗੁਲਸ਼ਨ ਕੁਮਾਰ ਦੇ ਵਾਰਿਸਾਂ ਆਸ਼ਾ ਰਾਣੀ ਵਗੈਰਾ ਨੇ ਐਡਵੋਕੇਟ ਧੀਰਜ ਕੁਮਾਰ ਅਤੇ ਐਡਵੋਕੇਟ ਅਰੁਣਜੀਤ ਸਿੰਘ ਗਰੇਵਾਲ ਰਾਹੀਂ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਬਰਾਂਚ ਬਰਨਾਲਾ ਦੇ ਖਿਲਾਫ ਕੇਸ ਦਾਇਰ ਕੀਤੇ ਗਏ । ਉਪਭੋਗਤਾ ਕਮਿਸ਼ਨ ਨੇ ਉਪਭੋਗਤਾਵਾਂ ਦੀ ਤਰਫੋਂ ਪੇਸ਼ ਹੋਏ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇੰਸ਼ੋਰੈਂਸ ਕੰਪਨੀ ਵੱਲੋਂ ਪਹਿਲਾਂ ਦਸਤਾਵੇਜ਼ ਲੈਣ ਤੋਂ ਬਾਅਦ, ਦੁਬਾਰਾ ਫਿਰ ਕੰਪਨੀ ਨੇ ਪਰਿਵਾਰ ਤੋਂ ਉਹੀ ਦਸਤਾਵੇਜ ਮੰਗ ਲਏ, ਜਿਹੜੇ ਹਸਪਤਾਲ ਪਾਸੋਂ ਮਿਲ ਹੀ ਨਹੀਂ ਸਕਦੇ ਸਨ। ਉਨਾਂ ਦਸਤਾਵੇਜ਼ਾਂ ਦੀ ਮੰਗ ਕਰਕੇ ਕਲੇਮ ਦੇਣ ਤੋਂ ਇਨਕਾਰ ਕੀਤਾ ਗਿਆ। ਆਖਿਰ ਮਾਨਯੋਗ ਕਮਿਸ਼ਨ ਦੇ ਬੈਂਚ ਨੇ ਵਕੀਲਾਂ ਦੀਆਂ ਠੋਸ ਦਲੀਲਾਂ ਸੁਣਨ ਉਪਰੰਤ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਬਰਾਂਚ ਬਰਨਾਲਾ ਨੂੰ ਕਲੇਮ ਦੀ ਰਾਸ਼ੀ 56,288/- ਰੁਪਏ + 52,374/- ਰੁਪਏ, ਕੁੱਲ 1,08,662/- ਰੁਪਏ ਸਮੇਤ 7 % ਵਿਆਜ਼ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾ ਦਿੱਤਾ।