ਅਸ਼ੋਕ ਵਰਮਾ, ਰਾਮਪੁਰਾ ਫੂਲ 30 ਜੁਲਾਈ 2024
ਦੇਸ਼ ਅੰਦਰ ਅੱਖਾਂ ਬੰਨ੍ਹ ਸੁੰਘਕੇ ਪੜ੍ਹ ਸਕਣ ਦੇ ਦਾਅਵੇਦਾਰਾਂ ਵਲੋਂ ਕੀਤੀਆਂ ਜਾ ਰਹੀਆਂ ਚਲਾਕੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਇੱਕ ਲੀਫਲੈੱਟ ਕੱਢਕੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਹੈ ਤਾਂ ਜ਼ੋ ਇਸ ਗੋਰਖਧੰਦੇ ਬਾਰੇ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਜਾ ਸਕੇ। ਸੁਸਾਇਟੀ ਦੇ ਸੂਬਾ ਪ੍ਰਧਾਨ ਰਾਜਿੰਦਰ ਭਦੌੜ ਵਲੋਂ ਜਾਰੀ ਇਸ ਲੀਫਲੈੱਟ ਰਾਹੀਂ ਦੱਸਿਆ ਗਿਆ ਹੈ ਕਿ ਅੱਖਾਂ ਬੰਦ ਕਰਕੇ ਸੁੰਘਕੇ ਪੜ੍ਹ ਸਕਣ ਦੇ ਦਾਅਵੇਦਾਰ ਦੇਸ਼ ਸਮੇਤ ਪੰਜਾਬ ਅੰਦਰ ਵੱਖ ਵੱਖ ਥਾਈਂ ਵੱਖ ਵੱਖ ਸਮਿਆਂ ਤੇ ਪੈਦਾ ਹੁੰਦੇ ਰਹਿੰਦੇ ਹਨ,ਜਦਕਿ ਹਕੀਕਤ ਵਿਚ ਇਹ ਕਦਾਚਿੱਤ ਸੰਭਵ ਨਹੀਂ ਹੈ। ਉਹਨਾਂ ਦੱਸਿਆ ਕਿ ਪਿਛਲੇ 10 ਕੁ ਸਾਲਾਂ ਤੋਂ ਖਾਸ ਕਰ ਪੰਜਾਬ ਅੰਦਰ, ਸੁੰਘ ਕੇ ਪੜ੍ਹਨਾ ਸਿਖਾਉਣ ਦੇ ਬਹੁਤ ਸਾਰੇ ਦਾਅਵੇਦਾਰ ਪੈਦਾ ਹੋਏ ਹਨ ਤੇ ਇਹ ਹਰ ਸਾਲ ਹੀ ਸਲਾਨਾ ਇਮਤਿਹਾਨਾਂ ਤੋਂ ਬਾਅਦ ਅਤੇ ਜੂਨ ਵਾਲੀਆਂ ਛੁੱਟੀਆਂ ਤੱਕ ਜ਼ਿਆਦਾ ਸਰਗਰਮ ਰਹਿੰਦੇ ਹਨ।
ਇਹ ਵੀ ਕਿ ਕੋਈ ਤੀਸਰੀ ਅੱਖ ਖ੍ਹੋਲਣ ਦੇ ਨਾਂ ਤੇ,ਕੋਈ ਮਿੱਡ ਬ੍ਰੇਨ ਐਕਟੀਵੇਸ਼ਨ ਦੇ ਨਾਂ ਤੇ, ਕੋਈ ਬ੍ਰੇਨ ਪੀਡੀਆ ਅਤੇ ਕੋਈ ਵਿਜਡਮ ਆਫ ਮਾਈਂਡ ਦੇ ਲੁਭਾਉਣੇ ਨਾਵਾਂ ਹੇਠ ਪ੍ਰਚਾਰ ਪ੍ਰਸਾਰ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਆਮ ਮਾਪਿਆਂ ਦੀ ਇਸ ਖਾਹਿਸ਼ ਦਾ ਇਹ ਲੋਕ ਖੂਬ ਦੁਰਉਪਯੋਗ ਕਰਦੇ ਹਨ ਕਿ ਉਹਨਾਂ ਦਾ ਬੱਚਾ ਦੁਨੀਆਂ ਤੋਂ ਅਲੱਗ ਹੀ ਹੋਵੇ। ਸੂਬਾ ਆਗੂ ਨੇ 16ਜੂਨ,2015 ਦੀ ਹੁਸ਼ਿਆਰਪੁਰ ਵਿਖੇ ਹੋਈ ਇੱਕ ਘਟਨਾ ਬਿਆਨਦਿਆਂ ਦੱਸਿਆ ਕਿ ਬ੍ਰੇਨ ਪੀਡੀਆ ਨਾ ਦੀ ਇਸ ਸੰਸਥਾ ਨਾਲ ਸੁਸਾਇਟੀ ਦਾ ਲਿਖਤੀ ਇਕਰਾਰਨਾਮਾ ਹੋ ਗਿਆ ਕਿ ਸਬੰਧਤ ਸੰਸਥਾ ਦਾ ਬੱਚਾ ਅੱਖਾਂ ਤੇ ਪੱਟੀ ਬੰਨ੍ਹ ,ਸੁੰਘਕੇ ਪੜ੍ਹ ਸਕੇਗਾ,ਜਿਸ ਦਾ ਪ੍ਰਦਰਸ਼ਨ ਵੀ ਹੋਇਆ। ਅੱਖਾਂ ਬੰਦ ਕਰਨ ਦੀ ਜ਼ਿੰਮੇਵਾਰੀ ਤਰਕਸ਼ੀਲ ਸੁਸਾਇਟੀ ਦੀ ਸੀ, 12 ਤੋਂ 15 ਸਾਲ ਦੇ ਤਿੰਨ ਬੱਚਿਆਂ ਨੇ ਇਕਰਾਰਨਾਮੇ ਅਨੁਸਾਰ ਪ੍ਰਦਰਸ਼ਨ ਕੀਤਾ,ਪ੍ਰੰਤੂ ਉਹ ਸਫਲ ਨਾ ਹੋ ਸਕੇ, ਸਿੱਟੇ ਵਜੋਂ ਦਾਅਵੇਦਾਰਾਂ ਵਲੋਂ ਸੁਸਾਇਟੀ ਕੋਲ ਜਮਾਂ ਕਰਵਾਈ ਗਈ, ਦਸ ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਗਈ।
ਸੁਸਾਇਟੀ ਦਾ ਤਜਰਬਾ ਸਾਂਝਾ ਕਰਦਿਆਂ ਰਾਜਿੰਦਰ ਭਦੌੜ ਨੇ ਸਪੱਸ਼ਟ ਕੀਤਾ ਕਿ ਇਹ ਲੋਕ ਬੱਚੇ ਦੀਆਂ ਅੱਖਾਂ ਉੱਪਰ ਪੱਟੀ ਇਸ ਤਰ੍ਹਾਂ ਬੰਨ੍ਹਦੇ ਹਨ ਕਿ ਉਸ ਨੂੰ ਨੱਕ ਦੇ ਨਾਲ ਨਾਲ ਦੀ/ਹੇਠਾਂ ਦੀ ਦਿਖਾਈ ਦਿੰਦਾ ਰਹਿੰਦਾ ਹੈ,ਜਿੰਨਾਂ ਕਿਸੇ ਬੱਚੇ ਦਾ ਨੱਕ ਉੱਚਾ ਹੁੰਦਾ ਹੈ,ਪੜ੍ਹਨ ਵਿਚ ਓਨੀ ਹੀ ਆਸਾਨੀ ਰਹਿੰਦੀ ਹੈ, ਇਸ ਤੋਂ ਬਿਨਾਂ ਰੰਗ ਆਦਿ ਦੱਸਣ ਬਾਰੇ ਵੀ ਕੁੱਝ ਕੋਡ ਬਣਾਏ ਹੁੰਦੇ ਹਨ, ਜਿੰਨਾਂ ਦੀ ਵਰਤੋਂ ਪ੍ਰਦਰਸ਼ਨ ਦੌਰਾਨ ਬੜੀ ਹੁਸ਼ਿਆਰੀ ਨਾਲ ਕਰ ਲਈ ਜਾਂਦੀ ਹੈ। ਉਹਨਾਂ ਅੱਗੇ ਦੱਸਿਆ ਕਿ ਸੁੰਘਣ ਦਾ ਤਾਂ ਬੱਚਾ ਨਾਟਕ ਹੀ ਕਰ ਰਿਹਾ ਹੁੰਦਾ ਹੈ,ਜਦਕਿ ਉਸ ਨੂੰ ਅਸਲ ਵਿੱਚ ਦਿਖਾਈ ਦੇ ਰਿਹਾ ਹੁੰਦਾ ਹੈ। ਜੇਕਰ ਕੋਈ ਦੂਜਾ ਵਿਅਕਤੀ ਪੱਟੀ ਬੰਨ੍ਹੇਗਾ ਤਾਂ ਇਹ ਬਹਾਨਾ ਬਣਾ ਲੈਂਦੇ ਹਨ ਕਿ ਪੱਟੀ ਜ਼ਿਆਦਾ ਟਾਈਟ ਬੰਨ੍ਹ ਦਿੱਤੀ ਹੈ,ਬੱਚਾ ਭੀੜ ਵਿੱਚ ਘਬਰਾਹਟ ਮਹਿਸੂਸ ਕਰਦਾ ਹੈ, ਨਰਵਿਸ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਪਹਿਲੀ ਗੱਲ ਤਾਂ ਇਹ ਕਿ ਬਿਨਾਂ ਅੱਖਾਂ ਤੋਂ ਪੜ੍ਹਿਆ ਹੀ ਨਹੀਂ ਜਾ ਸਕਦਾ। ਉਹਨਾਂ ਦੱਸਿਆ ਕਿ ਤੁਸੀਂ ਅੱਖਾਂ ਨੂੰ ਇਸ ਤਰਾਂ ਬੰਦ ਕਰਨਾ ਹੈ ਕਿ ਪੜ੍ਹਨ ਵਾਲਾ ਸਫ਼ਾ (ਪੇਜ) ਦੇਖਿਆ ਨਾ ਜਾ ਸਕਦਾ ਹੋਵੇ ਤੇ ਇਸ ਵਾਸਤੇ ਤੈਰਨ ਸਮੇਂ ਵਰਤੀਆਂ ਜਾਣ ਵਾਲੀਆਂ ਐਨਕਾਂ ਦੀ ਵਰਤੋਂ ਖੂਬ ਕੀਤੀ ਜਾ ਸਕਦੀ ਹੈ, ਕਿਉਂਕਿ ਉਹਨਾਂ ਦੀ ਅੱਖਾਂ ਤੇ ਪਕੜ ਦੇਖਣ ਤੋਂ ਰੋਕਣ ਲਈ ਬਹੁਤ ਢੁਕਵੀ ਹੈ ਭਾਵ ਇਸ ਐਨਕ ਦੀ ਬਣਤਰ ਦੀ ਖਾਸੀਅਤ ਅਨੁਸਾਰ ਇਹ ਨਕ ਦੇ ਪਾਸੇ ਦੀ ਜਗਾਂ ਵਿੱਚੋਂ ਦੀ ਦਿਖਣ ਨਹੀਂ ਦਿੰਦੀ, ਜਦਕਿ ਐਨਕਾਂ ਦੇ ਸ਼ੀਸ਼ੇ ਉੱਪਰ ਕਾਲੀ ਟੇਪ ਲਾਈ ਜਾ ਸਕਦੀ ਹੈ। ਦੂਜਾ ਖਾਸ ਆਕਾਰ ਦਾ ਇੱਕ ਗੱਤਾ ਨੱਕ ਤੇ ਕੱਟਕੇ ਇਸ ਤਰਾਂ ਲਗਾਇਆ ਜਾ ਸਕਦਾ ਹੈ ਕਿ ਨੱਕ ਅਤੇ ਗੱਤੇ ਦੇ ਨਾਲ ਦੀ ਦਿਖਾਈ ਨਾ ਦੇ ਸਕੇ।
ਤੀਜਾ ਕਮਰੇ ਚ ਹਨੇਰਾ ਕਰਕੇ ਵੀ ਪੜ੍ਹਨ ਲਈ ਕਿਹਾ ਜਾ ਸਕਦਾ ਹੈ, ਕਿਉਂਕਿ ਸੁੰਘ ਕੇ ਪੜ੍ਹਨ ਲਈ ਹਨੇਰਾ ਕੋਈ ਰੁਕਾਵਟ ਨਹੀਂ ਬਣਦਾ। ਉਹਨਾਂ ਹੋਰ ਸਪੱਸ਼ਟ ਕੀਤਾ ਕਿ ਵੱਖ ਵੱਖ ਗਿਆਨ ਇੰਦਰੀਆਂ ਦਾ ਕੰਮ ਵੱਖ ਵੱਖ ਹੈ,ਉਹ ਇੱਕ ਦੂਜੀ ਗਿਆਨ ਇੰਦਰੀ ਦੀ ਮਦਦ ਤਾਂ ਕਰਦੀਆਂ ਹਨ,ਪਰ ਦੂਸਰੀ ਗਿਆਨ ਇੰਦਰੀ ਦਾ ਪੂਰਾ ਸੂਰਾ ਕੰਮ ਨਹੀਂ ਕਰਦੀਆਂ,ਜਦਕਿ ਵੇਖਣ ਦਾ ਕੰਮ ਸਿਰਫ ਅੱਖਾਂ ਨਾਲ ਹੀ ਹੋ ਸਕਦਾ ਹੈ। ਇਸੇ ਦੌਰਾਨ ਤਰਕਸ਼ੀਲ ਸੁਸਾਇਟੀ ਦੇ ਸੂਬਾ ਪ੍ਰਧਾਨ ਰਾਜਿੰਦਰ ਭਦੌੜ ਨੇ ਰਾਮਪੁਰਾ ਫੂਲ ਦੇ ਉਸ ਦਾਅਵੇਦਾਰ ਨੂੰ ਮੁੜ ਚੁਣੌਤੀ ਦਿੱਤੀ ਹੈ ਕਿ ਉਹ ਜਾਂ ਉਸ ਦਾ ਕੋਈ ਚੇਲਾ ਜੇਕਰ ਅੱਖਾਂ ਤੇ ਪੱਟੀ ਬੰਨ੍ਹ ਸੁੰਘਕੇ ਪੜ੍ਹ ਸਕਦਾ ਹੈ ਤਾਂ ਉਹ ਸੁਸਾਇਟੀ ਵਲੋਂ ਐਲਾਨਿਆ 5 ਲੱਖ ਰੁਪਏ ਦਾ ਇਨਾਮ ਹਾਸਲ ਕਰ ਸਕਦਾ ਹੈ।