ਅਸ਼ੋਕ ਵਰਮਾ, ਸਰਸਾ, 28 ਜੁਲਾਈ 2024
:ਐਤਵਾਰ ਨੂੰ ਤਿੱਖੀ ਧੁੱਪ ਤੇ ਹੁੰਮਸ ਭਰੀ ਗਰਮੀ ਦੇ ਬਾਵਜੂਦ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਭਾਰੀ ਗਿਣਤੀ ’ਚ ਪੁੱਜੀ ਸਾਧ-ਸੰਗਤ ਨੇ ਰਾਮ ਨਾਮ ਦਾ ਗੁਣਗਾਨ ਕੀਤਾ। ਇਹ ਮੌਕਾ ਸੀ ਨਾਮ ਚਰਚਾ ਸਤਿਸੰਗ ਦਾ। ਪੰਡਾਲ ਅਤੇ ਦਰਬਾਰ ਵੱਲ ਆਉਣ ਵਾਲੇ ਰਸਤਿਆਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਦਾ ਭਾਰੀ ਇਕੱਠ ਹੀ ਦਿਖਾਈ ਦੇ ਰਿਹਾ ਸੀ। ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਅਥਾਹ ਸ਼ਰਧਾ ਭਾਵ ਨਾਲ ਇੱਕਚਿੱਤ ਹੋ ਕੇ ਸਰਵਣ ਕੀਤਾ। ਸਾਰੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 163 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤੇਜ਼ ਗਤੀ ਨਾਲ ਕਰਨ ਦਾ ਸੰਕਲਪ ਦੁਹਰਾਇਆ। ਦੂਜੇ ਪਾਸੇ ਇਨ੍ਹਾਂ ਹੀ ਕਾਰਜਾਂ ’ਚ ਸ਼ਾਮਲ ਫੂਡ ਬੈਂਕ ਮੁਹਿੰਮ ਦੇ ਤਹਿਤ ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ।
ਸਵੇਰੇ 10 ਵਜੇ ਪਵਿੱਤਰ ਨਾਅਰਾ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਦੇ ਨਾਲ ਨਾਮ ਚਰਚਾ ਸਤਿਸੰਗ ਦਾ ਆਗਾਜ਼ ਹੋਇਆ। ਪੂਰਾ ਪੰਡਾਲ ਸਾਧ-ਸੰਗਤ ਨਾਲ ਲਬਾਲਬ ਭਰਿਆ ਹੋਇਆ ਸੀ ਅਤੇ ਸਾਧ-ਸੰਗਤ ਲਗਾਤਾਰ ਆ ਰਹੀ ਸੀ ਕਵੀਰਾਜਾਂ ਨੇ ਭਗਤੀਮਈ ਭਜਨਾਂ ਜ਼ਰੀਏ ਸੱਚੇ ਦਾਤਾ ਰਹਿਬਰ ਸਤਿਗੁਰੂ ਜੀ ਦੀ ਮਹਾਨ ਪਰਉਪਕਾਰੀ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਵੱਡੀਆਂ-ਵੱਡੀਆਂ ਸਕਰੀਨਾਂ ਦੇ ਜ਼ਰੀਏ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ। ਇਸ ਤੋਂ ਬਾਅਦ ‘ਸਤਿਸੰਗ ਦੀ ਮਹਿਮਾ’ ਦਰਸ਼ਾਉਂਦੀ ਇੱਕ ਡਾਕੂਮੈਂਟਰੀ ਦਿਖਾਈ ਗਈ। ਨਾਮ ਚਰਚਾ ਸਤਿਸੰਗ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ। ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਪ੍ਰਸ਼ਾਦ ਅਤੇ ਲੰਗਰ-ਭੋਜਨ ਵਰਤਾ ਦਿੱਤਾ।
ਗੀਤਾਂ ਜ਼ਰੀਏ ਦਿੱਤਾ ਨਸ਼ਾ ਛੱਡਣ ਦਾ ਸੁਨੇਹਾ
ਨਾਮ ਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਪੰਡਾਲ ’ਚ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਗਾਏ ਗਏ ਗੀਤ ‘‘ਮੇਰੇ ਦੇਸ਼ ਕੀ ਜਵਾਨੀ’’ ਅਤੇ ‘ਅਸ਼ੀਰਵਾਦ ਮਾਓਂ ਕਾ’ ਚਲਾਏ ਗਏ ਗੀਤਾਂ ਜ਼ਰੀਏ ਆਮ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਰਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਗੀਤਾਂ ਤੋਂ ਪ੍ਰੇਰਿਤ ਹੋ ਕੇ ਹੁਣ ਤੱਕ ਲੱਖਾਂ ਲੋਕ ਨਸ਼ੇ ਅਤੇ ਬੁਰਾਈਆਂ ਛੱਡ ਚੁੱਕੇ ਹਨ। ਦੂਜੇ ਪਾਸੇ ਯੂਟਿਊਬ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਰੋੜਾਂ ਲੋਕਾਂ ਨੇ ਇਨ੍ਹਾਂ ਗੀਤਾਂ ਨੂੰ ਪਸੰਦ ਕੀਤਾ ਹੈ।
ਮੁਫ਼ਤ ਕੈਂਪ ਦਾ ਹਜ਼ਾਰਾਂ ਲੋਕਾਂ ਨੇ ਲਿਆ ਫਾਇਦਾ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਐਤਵਾਰ ਨੂੰ ਜਨ ਕਲਿਆਣ ਪਰਮਾਰਥੀ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ। ਕੈਂਪ ’ਚ ਪਹੁੰਚੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਸਹੀ ਸਲਾਹ ਦਿੱਤੀ ਗਈ । ਕੈਂਪ ਦਾ ਹਜ਼ਾਰਾਂ ਮਰੀਜ਼ਾਂ ਨੇ ਫਾਇਆ ਲਿਆ।
ਭਗਵਾਨ ਨੂੰ ਸੱਚੇ ਦਿਲੋਂ ਯਾਦ ਕਰੋਗੇ ਤਾਂ ਉਹ ਜ਼ਰੂਰ ਮਿਲਦਾ ਹੈ: ਪੂਜਨੀਕ ਗੁਰੂ ਜੀ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਮਾਲਿਕ, ਪਰਮ ਪਿਤਾ ਪਰਮਾਤਮਾ ਦਾ ਪਿਆਰ ਅਨਮੋਲ ਹੈ ਉਹ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਇਹ ਅਨਮੋਲ ਪਿਆਰ ਮਿਲ ਜਾਂਦਾ ਹੈ। ਅੱਜ ਦੇ ਦੌਰ ’ਚ ਪਿਆਰ ਦੇ ਮੀਨਿੰਗ, ਮਾਇਨੇ ਬਦਲ ਗਏ ਹਨ, ਕਿਉਂਕਿ ਲੋਕ ਸੋਚਦੇ ਹਨ ਕਿ ਜੋ ਦੁਨਿਆਵੀ ਰਿਸ਼ਤੇ ਹਨ ਉਹ ਹੀ ਪਿਆਰ ਹੈ ਜਿੰਨੇ ਵੀ ਦੁਨਿਆਵੀ ਰਿਸ਼ਤੇ ਹੁੰਦੇ ਹਨ ਉਨ੍ਹਾਂ ਲਈ ਭਾਵਨਾ ਹੈ, ਪਰ ਇੱਕ ਹੱਦ ਤੱਕ ਤੁਸੀਂ ਉਸ ਰਿਸ਼ਤੇ ਨੂੰ ਉਸ ਭਾਵਨਾ ਨਾਲ ਨਿਭਾ ਸਕਦੇ ਹੋ ਪਰ ਜਦੋਂ ਹੱਦ ਤੋਂ ਗੁਜ਼ਰ ਜਾਂਦੇ ਹੋ ਤਾਂ ਉਹ ਮੋਹ-ਮਮਤਾ ਬਣ ਜਾਂਦੀ ਹੈ, ਜਿਸ ਲਈ ਆਉਣ ਵਾਲੇ ਸਮੇਂ ’ਚ ਤੁਹਾਨੂੰ ਦੁੱਖ ਭੋਗਣੇ ਪੈਣਗੇ । ਆਪ ਜੀ ਨੇ ਫ਼ਰਮਾਇਆ ਕਿ ਜਦੋਂ ਹੱਦ ਤੋਂ ਜ਼ਿਅਦਾ ਪਿਆਰ ਕਿਸੇ ਨਾਲ ਵੀ ਕੋਈ ਕਰਦਾ ਹੈ ਤਾਂ ਮਾਲਿਕ ਨਾ ਕਰੇੇ, ਉਨ੍ਹਾਂ ਵਿੱਚੋਂ ਕੋਈ ਇੱਕ ਚਲਾ ਜਾਂਦਾ ਹੈ ਤਾਂ ਦੂਸਰਾ ਰਹੇ ਕਿਵੇਂ? ਹੱਦ ਤੋਂ ਜ਼ਿਆਦਾ ਇੱਕ ਨਾਲ ਹੀ ਕਰੋ, ਜੋ ਕਦੇ ਜਾਂਦਾ ਹੀ ਨਹੀਂ ਤੇ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਰਾਮ ਉਹ ਕਦੇ ਵਿਛੋੜਾ ਨਹੀਂ ਪਾਉਦਾ, ਕਦੇ ਦੂਰ ਵੀ ਨਹੀਂ ਹੁੰਦਾ ਹਰ ਪਲ, ਹਰ ਸਮੇਂ ਸਾਡੇ ਨਾਲ ਰਹਿੰਦਾ ਹੈ ਕਣ-ਕਣ ਜ਼ਰੇ੍ਹ-ਜ਼ਰ੍ਹੇ ਵਿੱਚ ਉਹ ਮੌਜ਼ੂਦ ਹੈ ।ਅਜਿਹੇ ਪਰਮ ਪਿਤਾ ਪਰਮਾਤਮਾ ਨੂੰ ਜੇਕਰ ਸੱਚੇ ਦਿਲੋਂ ਯਾਦ ਕਰੋਗੇ, ਤੜਫ਼ ਕੇ ਯਾਦ ਕਰੋਗੇ ਤਾਂ ਉਹ ਜ਼ਰੂਰ ਮਿਲਦਾ ਹੈ।ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਜੇਕਰ ਉਸ ਨਾਲ ਇੱਕ ਵਾਰ ਤਾਰ ਜੁੜ ਗਈ ਤਾਂ ਉਹ ਕਦੇ ਟੁੱਟਦੀ ਨਹੀਂ ਚਾਹੇ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ ਕਿੰਨਾ ਵੀ ਜ਼ੋਰ ਲਾ ਲੈਣ ਉਹ ਤਾਰ ਇੰਨੀ ਜ਼ਬਰਦਸਤ ਤਰੀਕੇ ਨਾਲ ਜੁੜਦੀ ਹੈ, ਉਸ ਲਈ ਇਹ ਦੁਨੀਆ ਜਾਂ ਇਹ ਸੱਤੇ ਚੋਰ ਕੋਈ ਮਾਇਨੇ ਨਹੀਂ ਰੱਖਦੇ ਪਰ ਇਸ ਲਈ ਭਗਵਾਨ ਦੇ ਨਾਂਅ ਦਾ ਅਭਿਆਸ ਜ਼ਰੂਰੀ ਹੈ, ਸਿਮਰਨ ਕਰਨਾ ਜ਼ਰੂਰੀ ਹੈ ਤਾਂ ਤੁਹਾਨੂੰ ਜਦੋਂ ਵੀ ਸਮਾਂ ਮਿਲੇ ਤਾਂ ਕੋਸ਼ਿਸ਼ ਕਰੋ ਇਕਾਂਤ ਵਿੱਚ ਜਾਂ ਆਪਣੇ ਕਮਰੇ ਵਿੱਚ ਜਾਂ ਡਿੰਮ ਲਾਈਟ ਜਾਂ ਜੇਕਰ ਹਨ੍ਹੇਰੇ ਵਿੱਚ ਤੁਹਾਨੂੰ ਡਰ ਨਹੀਂ ਲੱਗਦਾ ਦਾਂ ਤੁਸੀਂ ਬਿਲਕੁਲ ਹਨ੍ਹੇਰੇ ਵਿੱਚ ਚੌਕੜੀ ਮਾਰ ਕੇ ਬੈਠੋ, ਆਪਣਾ ਧਿਆਨ ਜਮਾ ਕੇ ਬੈਠੋ ਤੇ ਸਿਮਰਨ ਕਰੋ ਤਾਂ ਭਗਵਾਨ ਦੇ ਦਰਸ਼ਨ ਜ਼ਰੂਰ ਹੋਣਗੇ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭਗਵਾਨ, ਇੱਕ ਹੋ ਕੇ ਵੀ ਸਾਰੇ ਖੰਡਾਂ, ਬ੍ਰਹਿਮੰਡਾਂ ਵਿੱਚ ਰਹਿੰਦਾ ਹੈ ਸਾਰੇ ਧਰਮਾਂ ਵਿੱਚ ਲਿਖਿਆ ਹੈ ਕਿ ਇਨਸਾਨ ਨੂੰ ਅਰਲੀ ਮੌਰਨਿੰਗ (ਤੜਕੇ 2 ਤੋਂ 5 ਵਜੇ) ਵਿੱਚ ਸਿਮਰਨ ਕਰਨਾ ਚਾਹੀਦਾ ਹੈ ਜੇਕਰ ਇਨਸਾਨ ਲਗਾਤਾਰ ਪਰਮਾਤਮਾ ਦੀ ਭਗਤੀ ਕਰਦਾ ਹੈ ਤਾਂ ਭਗਵਾਨ , ਪਰਮਾਤਮਾ ਦੇ ਦਰਸ਼ਨ ਉਸੇ ਨੂੰ ਉਸ ਦੇ ਗੁਰੂ ਦੇ ਰੂਪ ਵਿੱਚ ਹੋ ਸਕਦੇ ਹਨ।