ਤਰਕਸ਼ੀਲਾਂ ਨੇ ਫਿਰ ਵੰਗਾਰਿਆ, ਗੈਬੀ ਸ਼ਕਤੀ ਦੇ ਦਾਅਵੇਦਾਰ ਕੋਚਿੰਗ ਸੈਂਟਰ ਸੰਚਾਲਕ ਨੂੰ…
ਅਸ਼ੋਕ ਵਰਮਾ, ਰਾਮਪੁਰਾ 29 ਜੁਲਾਈ 2024
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਦਿੱਤੇ ਸੱੱਦੇ ਦੇ ਬਾਵਜੂਦ ਅੱਖਾਂ ਤੇ ਪੱਟੀ ਬੰਨ੍ਹਕੇ ਸੁੰਘਕੇ ਪੜ੍ਹ ਸਕਣ ਦੇ ਦਾਅਵੇ ਕਰਨ ਵਾਲਾ ਰਾਮਪੁਰਾ ਦਾ ਵਿਅਕਤੀ ਆਪਣਾ ਪੱਖ ਰੱਖਣ ਲਈ ਵੀ ਨਹੀਂ ਬਹੁੜਿਆ । ਕਾਫੀ ਸਮਾਂ ਉਡੀਕਣ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਨੇ ਪ੍ਰੈੱਸ ਕਾਨਫਰੰਸ ਕਰਕੇ ੳਸ ਦਾਅਵੇਦਾਰ ਨੂੰ ਮੁੜ ਚੁਣੌਤੀ ਦਿੱਤੀ ਕਿ ਜੇਕਰ ਉਹ ਖੁਦ ਜਾਂ ਉਸ ਦਾ ਟਰੇਂਡ ਕੀਤਾ ਕੋਈ ਵਿਅਕਤੀ ਅੱਖਾਂ ਤੇ ਪੱਟੀ ਬੰਨ੍ਹਦਿਆਂ ਸੁੰਘਕੇ ਪੜ੍ਹ ਸਕਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਸੁਸਾਇਟੀ ਵਲੋਂ ਨਿਸ਼ਚਤ ਕੀਤਾ 5 ਲੱਖ ਰੁਪਏ ਦਾ ਨਕਦ ਇਨਾਮ ਜਿੱਤ ਸਕਦਾ ਹੈ। ਅੱਜ ਅਜਿਹਾ ਪ੍ਰਦਰਸ਼ਨ ਕਰਨ ਲਈ ਅਗਾਊਂ ਲਿਖਤੀ ਸਹਿਮਤੀ ਤਿਆਰ ਕਰਨ ਅਤੇ ਆਪੋ ਆਪਣੇ ਪੱਖ ਰੱਖਣ ਲਈ ਸਥਾਨਕ ਮਾਸਟਰ ਬਾਬੂ ਸਿੰਘ ਯਾਦਗਾਰੀ ਭਵਨ ਵਿਖੇ ਪ੍ਰੈੱਸ ਕਾਨਫਰੰਸ ਨਿਸ਼ਚਿਤ ਕੀਤੀ ਸੀ, ਜਿਸ ਦੀ ਲਿਖਤੀ ਸੂਚਨਾ ਸਬੰਧਤ ਦਾਅਵੇਦਾਰ ਨੂੰ ਵੀ ਅਗਾਊਂ ਤੌਰ ਤੇ ਦੇ ਦਿੱਤੀ ਗਈ ਸੀ।
ਕਰਤੱਵ ਦਿਖਾਉਣ ਵਾਲਿਆਂ ਨੂੰ ਨਿਸ਼ਚਤ ਸਮੇਂ ਤੋਂ ਡੇਢ ਘੰਟਾ ਬਾਅਦ ਤੱਕ ਉਡੀਕਣ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਮਪੁਰਾ ਫੂਲ ਵਿੱਚ ਕੋਚਿੰਗ ਸੈਂਟਰ ਚਲਾਉਣ ਵਾਲੇ ਨਵਦੀਪ ਬਾਂਸਲ ਨੇ ਜਨਤਕ ਤੌਰ ਤੇ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਟਰੇਂਡ ਕੀਤਾ ਬੱਚਾ ਅੱਖਾਂ ਤੇ ਪੱਟੀ ਬੰਨ੍ਹਣ ਉਪਰੰਤ ਸਾਹਮਣੇ ਪਈ ਲਿਖਤ ਨੂੰ ਸੁੰਘਕੇ ਪੜ੍ਹ ਸਕਦਾ ਹੈ। ਦਾਅਵੇ ’ਚ ਇਹ ਵੀ ਕਿਹਾ ਸੀ ਕਿ ਬੱਚਾ ਸਾਹਮਣੇ ਬੈਠੇ ਵਿਅਕਤੀ ਦੇ ਮਨ ਵਿਚ ਕੀ ਚੱਲ ਰਿਹਾ ਹੈ, ਬਾਰੇ ਵੀ ਦੱਸ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਨੇ ਇਸ ਦਾਅਵੇਦਾਰ ਨੂੰ ਚੁਣੌਤੀ ਦੇ ਦਿੱਤੀ ਕਿ ਜੇਕਰ ਉਹ ਜਾਂ ਉਸ ਦਾ ਕੋਈ ਚੇਲਾ ਅਜਿਹਾ ਸਫ਼ਲ ਪ੍ਰਦਰਸ਼ਨ ਮੀਡੀਆ ਦੀ ਹਾਜ਼ਰੀ ਵਿੱਚ ਕਰ ਜਾਵੇ ਤਾਂ ਉਸ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਗੱਲ ਨੂੰ ਅੱਗੇ ਤੋਰਨ ਖਾਤਰ ਅੱਜ ਇੱਥੇ ਪੱਤਰਕਾਰਾਂ ਨੂੰ ਬੁਲਾਇਆ ਸੀ, ਪ੍ਰੰਤੂ ਇਹ ਦਾਅਵੇਦਾਰ ਸਾਂਝੀਆਂ ਸ਼ਰਤਾਂ ਤਹਿ ਕਰਨ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਗੱਲਬਾਤ ਕਰਨ ਤੋਂ ਕਿਨਾਰਾ ਕਰ ਗਿਆ। ਸੂਬਾ ਪ੍ਰਧਾਨ ਨੇ ਦੱਸਿਆ ਕਿ ਸੁਸਾਇਟੀ ਇਸ ਤੋਂ ਪਹਿਲਾਂ ਵੀ ਜਲੰਧਰ, ਤਰਨਤਾਰਨ ਅਤੇ ਬੜਾਗੁੜਾ( ਹਰਿਆਣਾ) ਵਿਖੇ ਸੁੰਘਕੇ ਪੜ੍ਹ ਸਕਣ ਦੇ ਦਾਅਵੇਦਾਰਾਂ ਦਾ ਪਹਿਲਾਂ ਹੀ ਪਰਦਾਫਾਸ਼ ਕਰ ਚੁੱਕੀ ਹੈ ਅਤੇ ਸਾਲ ਕੁ ਬਾਅਦ ਕਿਤੇ ਨਾ ਕਿਤੇ ਕੋਈ ਹੋਰ ਦਾਅਵੇਦਾਰ ਮੁੜ ਸਿਰ ਚੁੱਕ ਲੈਂਦਾ ਹੈ। ਉਹਨਾਂ ਇੰਕਸਾਫ ਕੀਤਾ ਕਿ ਹਿਸਾਰ( ਹਰਿਆਣਾ) ਬੈਠਾ ਇੱਕ ਵਿਅਕਤੀ ਇਸ ਗੋਰਖਧੰਦੇ ਦੀ ਅਗਵਾਈ ਕਰ ਰਿਹਾ ਹੈ। ਰਜਿੰਦਰ ਭਦੌੜ ਨੇ ਰਾਮਪੁਰਾ ਦੇ ਦਾਅਵੇਦਾਰ ਨੂੰ ਮੁੜ ਚੁਣੌਤੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਉਸਦੇ ਦਾਅਵੇ ਨੂੰ ਕਿਸੇ ਵੇਲੇ ਵੀ ਪਰਖਣ ਨੂੰ ਤਿਆਰ ਹੈ।
ਉਹਨਾਂ ਇਹ ਵੀ ਕਿਹਾ ਕਿ ਇਸ ਪੜਾਅ ਤੇ ਮੁੱਦਾ ਬੇਲੋੜੀ ਬਹਿਸ ਦਾ ਨਹੀਂ, ਪ੍ਰਦਰਸ਼ਨ ਦਾ ਹੈ, ਤਾਂ ਜ਼ੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ । ਸੂਬਾ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹਨਾਂ ਦਾ ਨਵਦੀਪ ਬਾਂਸਲ ਜਾਂ ਅਜਿਹੇ ਹੋਰਾਂ ਨਾਲ ਕੋਈ ਨਿਜੀ ਵਿਰੋਧ ਨਹੀਂ ਹੈ, ਵਿਚਾਰਧਾਰਕ ਜੱਦੋਜਹਿਦ ਹੈ,ਇਸ ਕਰਕੇ ਜਦੋਂ ਵੀ ਕੋਈ ਕੁਦਰਤੀ ਵਰਤਾਰਿਆਂ ਖਿਲਾਫ ਜਨਤਕ ਤੌਰ ਤੇ ਦਾਅਵੇ ਕਰੇ ਜਾਂ ਫਿਰ ਕਿਸੇ ਹੋਰ ਹੇਰਾਫੇਰੀ ਦਾ ਸਹਾਰਾ ਲੈਕੇ ਸਮਾਜ ਨੂੰ ਵਹਿਮਾਂ ਭਰਮਾਂ ਚ ਪਾਵੇ ਤਾਂ ਸੁਸਾਇਟੀ ਲੋਕ ਹਿੱਤ ਵਿਚ ਨੋਟਿਸ ਲੈਂਦੀ ਹੈ। ਇਸ ਮੌਕੇ ਸੁਸਾਇਟੀ ਦੇ ਸੂਬਾ ਕਮੇਟੀ ਮੈਂਬਰ ਗੁਰਪ੍ਰੀਤ ਸ਼ਹਿਣਾ, ਮਾਸਟਰ ਗਗਨ ਰਾਮਪੁਰਾ, ਭੀਮ ਸੈਨ ’ਤਰਕ’,ਮਾਸਟਰ ਸੁਖਮੰਦਰ ਸਿੰਘ, ਮਿਹਰ ਚੰਦ ਬਾਹੀਆ, ਪ੍ਰਮੋਦ ਕੁਮਾਰ,ਗੁਰਮੇਲ ਸਿੰਘ, ਜਗਦੇਵ ਸਿੰਘ, ਸਾਹਿਤਕਾਰ ਹਰਭਜਨ ਸਿੰਘ, ਗੁਰਦੀਪ ਸਿੰਘ,ਮੇਜਰ ਸਿੰਘ, ਗਗਨਦੀਪ ਕਾਂਗੜ, ਸੁਰਜੀਤ ਸਿੰਘ, ਸੰਦੀਪ ਕੁਮਾਰ, ਨਵਦੀਪ ਸਿੰਘ,ਬੰਤ ਸਿੰਘ ਭੂੰਦੜ ਅਤੇ ਅਮਨਦੀਪ ਆਦਿ ਤਰਕਸ਼ੀਲ ਕਾਰਕੁਨ ਵੀ ਹਾਜ਼ਰ ਸਨ।