ਚੰਗਿਆੜੇ ਦੀ ਵਹੁਟੀ ਤੇ ‘2 ਜਣੇ ਹੋਰ ਅਫੀਮ ਸਣੇ ਕਾਬੂ

Advertisement
Spread information
ਅਸ਼ੋਕ ਵਰਮਾ, ਬਠਿੰਡਾ 28 ਜੁਲਾਈ 2024
          ਬਠਿੰਡਾ ਪੁਲਿਸ ਨੇ ਇੱਕ ਔਰਤ ਅਤੇ ਦੋ ਵਿਅਕਤੀਆਂ ਨੂੰ ਇੱਕ ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮ ਇਹ ਅਫੀਮ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਲਿਆਏ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਦਬੋਚ ਲਏ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਨਵਯੁਗਦੀਪ ਸਿੰਘ ਨੇ ਮੁਲਜਮਾਂ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਜਦੋਂ ਉਹ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਗੁਰਜੀਤ ਕੌਰ ਪਤਨੀ ਗੁਰਜੰਟ ਸਿੰਘ ਉਰਫ ਚੰਗਿਆੜਾ ਵਾਸੀ ਕਾਲਾ ਪੱਤੀ ਮਹਿਰਾਜ ,ਸੱਤੂ ਮਾਲਵੀਆ ਪੁੱਤਰ ਕੰਵਰ ਲਾਲ ਮਾਲਵੀਆ ਅਤੇ ਕੁਲਦੀਪ ਮਾਲਵੀਆ ਪੁੱਤਰ ਰਾਮ ਪਾਲ ਮਾਲਵੀਆ ਵਾਸੀਅਨ ਪਿੰਡ ਪਿਲੀਆਂ ਹਾੜੀ ਥਾਣਾ ਮਨਾਸਾ ਜਿਲ੍ਹਾ ਨੀਮਚ ਮੱਧ ਪ੍ਰਦੇਸ਼ ਵਜੋਂ ਹੋਈ ਹੈ।
          ਥਾਣਾ ਸਿਟੀ ਰਾਮਪੁਰਾ ’ਚ ਇਸ ਬਰਾਮਦਗੀ ਨੂੰ ਲੈਕੇ ਧਾਰਾ 18ਬੀ/61/85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਕੀ ਇਹ ਤਿੱਕੜੀ ਪਹਿਲਾਂ ਵੀ ਤਾਂ ਅਫੀਮਾਂ ਦੀਆਂ ਕੋਈ ਖੇਪਾਂ ਤਾਂ ਨਹੀਂ ਲਿਆਈ ਸੀ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੱਧ ਪ੍ਰਦੇਸ਼ ਨਾਲ ਸਬੰਧਤ ਤਸਕਰ ਕਾਫੀ ਮਾਤਰਾ ’ਚ ਅਫੀਮ ਲਿਆਉਣ ਉਪਰੰਤ ਬਠਿੰਡਾ ਜਿਲ੍ਹੇ ਨਾਲ ਸਬੰਧਤ ਤਸਕਰ ਨੂੰ ਸਪਲਾਈ ਕਰਦੇ ਹਨ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਇਹ ਤਸਕਰ ਅਫੀਮ ਦੀ ਸਪਲਾਈ ਦੇਣ ਦੀ ਤਾਕ ’ਚ ਹਨ ਜਿਸ ਨੂੰ ਦੇਖਦਿਆਂ ਪੁਲਿਸ ਟੀਮ ਨੇ  ਇਸ ਗਿਰੋਹ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ।
       ਇਸ ਤਰਾਂ ਪੁਲਿਸ ਵੱਲੋਂ ਵਿਛਾਏ  ਜਾਲ ’ਚ ਇੱਕ ਔਰਤ ਅਤੇ ਮੱਧ ਪ੍ਰਦੇਸ਼ ਨਾਲ ਸਬੰਧਤ ਇਹ ਦੋਵੇ ਵਿਅਕਤੀ ਫਸ ਗਏ। ਇੱਕ ਹੀ ਪਿੰਡ ਦੇ ਦੋ ਵਿਅਕਤੀਆਂ  ਵੱਲੋਂ ਚਲਾਏ ਜਾ ਰਹੇ ਅਫੀਮ ਤਸਕਰੀ ਦੇ ਇਸ ਧੰਦੇ ਤੋਂ ਅਨੁਮਾਨ ਲਾਏ ਜਾ ਰਹੇ ਹਨ ਕਿ ਦੋਵਾਂ ਦਾ ਸਬੰਧ ਵੱਡੇ ਤਸਕਰਾਂ ਨਾਲ ਵੀ ਹੋ ਸਕਦਾ ਹੈ।  ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਮੁਲਜਮਾਂ ਦਾ ਰਿਮਾਂਡ ਲਿਆ ਜਾਏਗਾ ਜਿਸ ਦੌਰਾਨ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਤਾਂ ਜੋ ਇਸ ਗੋਰਖਧੰਦੇ ਨਾਲ ਜੁੜੇ ਹੋਰਨਾਂ ਵਿਅਕਤੀਆਂ ਦੀ ਵੀ ਪੈੜ ਨੱਪੀ ਜਾ ਸਕੇ। ਪੁਲਿਸ ਨੇ ਦੱਸਿਆ ਕਿ ਅਗਲੀ ਪੁੱਛ ਪੜਤਾਲ ਦਰਮਿਆਨ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
Advertisement
Advertisement
Advertisement
Advertisement
Advertisement
error: Content is protected !!