ਡਿੰਪਲ ਵਰਮਾ
ਇਨਸਾਨ ਨੂੰ ਕੁਦਰਤ ਵੱਲੋਂ ਬਖਸ਼ੀ ਸਭ ਤੋਂ ਵਡਮੁੱਲੀ ਦਾਤ, ਜਿਸ ਨੂੰ ਸਵੇਰ ਤੋਂ ਰਾਤੀ ਸੌਣ ਤੱਕ ਨਜ਼ਰਅੰਦਾਜ ਕਰਨਾ ਤਾਂ ਦੂਰ ਇਸ ਨੂੰ ਨਜਰਅੰਦਾਜ ਕਰਨ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਉਹ ਹੈ ‘ਪਾਣੀ’। ਕੀ ਕਦੇ ਅਸੀਂ ਇਹ ਸੋਚਿਆ ਹੈ ਕਿ ਸਾਡੇ ਦੇਸ਼ ਵਿੱਚ ਪਾਣੀ ਦੇ ਭੰਡਾਰ ਕਿੰਨੇ ਹਨ ਅਤੇ ਅਸੀਂ ਕੁਦਰਤ ਦੇ ਇਸ ਅਨਮੋਲ ਖਜਾਨੇ ਨੂੰ ਕਿੰਨੀ ਬੇਦਰਦੀ ਨਾਲ ਵਰਤ ਕੇ ਇਸ ਦੇ ਖਾਤਮੇ ਵੱਲ ਨੂੰ ਵੱਧ ਰਹੇ ਹਾਂ । ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਪਾਣੀ ਦੀ ਵਰਤੋਂ ਆਮ ਨਾਲੋਂ ਕਈ ਗੁਣਾ ਵੱਧ ਹੋ ਜਾਂਦੀ ਹੈ। ਝੋਨਾ ਲਾਉਣ ਵੇਲੇ ਤਾਂ ਧਰਤੀ ਵਿੱਚੋਂ ਜਿਸ ਬੇਕਿਰਕ ਨਾਲ ਪਾਣੀ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਅਗਲੇ ਸਾਲ ਤੱਕ ਸ਼ਾਇਦ ਧਰਤੀ ਹੇਠ ਪਾਣੀ ਨਾ ਰਹੇ। ਪਰ ਅਸੀਂ ਹਾਂ ਕਿ ਕੰਧ ਤੇ ਲਿਖਿਆ ਪੜ੍ਹਨ ਦੀ ਬਜਾਏ ਆਪਣੇ ਹੱਥੀ ਪੁੱਟੇ ਖੂਹ ਵਿੱਚ ਡਿੱਗਣ ਦਾ ਸਬੱਬ ਬਣਾਈ ਜਾ ਰਹੇ ਹਾਂ । ਨਤੀਜੇ ਵਜੋਂ ਪੰਜ ਦਰਿਆਵਾਂ ਦੀ ਧਰਤੀ ਦਾ ਭਵਿੱਖ ਪਤਾਲ ਵੱਲ ਲੱਥਦਾ ਜਾ ਰਿਹਾ ਹੈ।
ਅੱਜ ਸਥਿਤੀ ਇਹ ਹੈ ਕਿ ਛੋਟੇ-ਛੋਟੇ ਨਲਕਿਆਂ ਰਾਹੀ ਕੱਢਿਆ ਜਾਣ ਵਾਲਾ ਪਾਣੀ ਵੱਡੇ ਸਬਮਰਸੀਬਲ ਪੰਪਾਂ ਤੋਂ ਆਕੀ ਹੋਇਆ ਪਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਨਾਲ ਹੀ ਮੌਸਮ ਵਿੱਚ ਹੈਰਾਨੀਜਨਕ ਤਬਦੀਲੀਆਂ ਆ ਰਹੀਆਂ ਹਨ। ਇੰਨ੍ਹਾਂ ਵਿੱਚ ਗੈਰਕੁਦਰਤੀ ਧੁੰਦ ,ਕੋਹਰਾ, ਸਮੇਂ ਤੋਂ ਪਹਿਲਾਂ ਗਰਮੀ ਅਤੇ ਬੇਮੌਸਮੀ ਬਾਰਿਸ਼ ਹੈ ਜੋ ਫਸਲਾਂ ਲਈ ਮਾਰੂ ਸਾਬਤ ਹੋਣ ਲੱਗੀ ਹੈ। ਮਾਹਿਰਾਂ ਨੇ ਇਸ ਗੱਲ ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬਲਾਕਾਂ ’ਚ ਪਾਣੀ ਦਾ ਪੱਧਰ ਬੇਹੱਦ ਡੂੰਘਾ ਹੋ ਗਿਆ ਹੈ । ਜਿਸ ਤੋਂ ਕਿਸਾਨ ਵੀ ਪ੍ਰੇਸ਼ਾਨ ਹਨ। ਉਹਨਾਂ ਨੂੰ ਬੋਰ ਡੂੰਘੇ ਕਰਨੇ ਪੈ ਰਹੇ ਹਨ ਅਤੇ ਲੱਖਾਂ ਰੁਪਏ ਖਰਚ ਕੇ ਵੀ ਉਹਨਾਂ ਕੋਲ ਇਸ ਦਾ ਕਈ ਪੱਕਾ ਹੱਲ ਨਹੀਂ ਹੈ। ਕਿਉਂਕਿ ਕੀ ਪਤਾ ਕੱਲ ਨੂੰ ਪਾਣੀ ਹੋਰ ਨੀਂਵਾਂ ਚਲਾ ਜਾਵੇ । ਇਹਨਾਂ ਡੂੰਘੇ ਬੋਰਾਂ ਸਦਕਾ ਵੀ ਪੰਜਾਬ ਦੇ ਕਿਸਾਨਾਂ ਦੇ ਕਰੋੜਾਂ ਰੁਪਏ ਧਰਤੀ ਹੇਠ ਦਬੇ ਜਾਣ ਦੇ ਬਾਵਜੂਦ ਸਮੱਸਿਆਂ ਘਟਣ ਦੀ ਬਜਾਏ ਸਾਰਸ ਦੀ ਪੂੰਛ ਵਾਂਗ ਵਧਦੀ ਜਾ ਰਹੀ ਹੈ। ਜਿੰਨ੍ਹਾਂ ਇਲਾਕਿਆਂ ’ਚ 4 ਤੋਂ 5 ਦਹਾਕੇ ਪਹਿਲਾਂ ਪਾਣੀ 10 ਤੋਂ 15 ਜਾਂ 20 ਫੁੱਟ ਤੇ ਅਸਾਨੀ ਨਾਲ ਮਿਲ ਜਾਂਦਾ ਸੀ। ਉੱਥੇ ਵੀ ਸਥਿਤੀ ਗੰਭੀਰ ਬਣੀ ਹੋਈ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਸਾਲਾਨਾ ਰਿਚਾਰਜ 18.94 ਬਿਲੀਅਨ ਕਿਊਬਿਕ ਮੀਟਰ ਹੈ। ਜੇ ਪੰਜਾਬ ਸਾਲਾਨਾ 17.07 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਦਾ ਹੈ ਤਾਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਭੰਡਾਰ ਸੁਰੱਖਿਅਤ ਜ਼ੋਨ ਵਿੱਚ ਰਹਿਣਗੇ। ਪ੍ਰੰਤੂ ਹਕੀਕਤ ਵਿੱਚ ਪੰਜਾਬ ‘ਚ ਸਾਲਾਨਾ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਦਾ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਇਸ ਹਿਸਾਬ ਸਾਲਾਨਾ ਪੰਜਾਬ ’ਚ ਲੋਕ 10.95 ਬਿਲੀਅਨ ਕਿਊਬਿਕ ਮੀਟਰ ਪਾਣੀ ਵੱਧ ਕੱਢ ਰਹੇ ਹਨ । ਰਿਪੋਰਟ ਅਨੁਸਾਰ ਇਕੱਲਾ ਪੰਜਾਬ ਅਜਿਹਾ ਸੂਬਾ ਹੈ, ਜਿਹੜਾ ਬੇਰਹਿਮ ਢੰਗ ਨਾਲ ਧਰਤੀ ਹੇਠੋਂ ਪਾਣੀ ਕੱਢੀ ਜਾ ਰਿਹਾ ਹੈ।
ਪੰਜਾਬ ‘ਚ 28.02 ਬਿਲੀਅਨ ਕਿਊਬਿਕ ਮੀਟਰ ਵਿੱਚੋਂ ਸਾਲਾਨਾ 26.69 ਬਿਲੀਅਨ ਕਿਊਬਿਕ ਮੀਟਰ (ਬੀਸੀਐਮ) ਦੀ ਵਰਤੋਂ ਸਿੰਜਾਈ, 1.17 ਬੀਸੀਐਮ ਸਾਲਾਨਾ ਘਰੇਲੂ ਖਪਤ ਅਤੇ 0.16 ਬੀਸੀਐਮ ਪਾਣੀ ਸਾਲਾਨਾ ਸਨਅਤੀ ਖੇਤਰ ਲਈ ਵਰਤਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਪੰਜਾਬ ਵਿੱਚ 153 ਬਲਾਕਾਂ ਵਿੱਚੋਂ 117 ਬਲਾਕ ਡਾਰਕ ਜ਼ੋਨ ਵਿੱਚ ਸ਼ਾਮਲ ਹੋ ਗਏ ਹਨ ਜਿੱਥੇ ਸਭ ਤੋਂ ਵੱਧ ਪਾਣੀ ਦੀ ਨਿਕਾਸੀ ਹੋ ਰਹੀ ਹੈ ਜਦੋਂਕਿ ਸੁਰੱਖਿਅਤ ਜੋਨ ’ਚ ਸਿਰਫ਼ 17 ਬਲਾਕ ਹੀ ਪਿੱਛੇ ਰਹਿ ਗਏ ਹਨ। ਧਰਤੀ ਹੇਠਲਾ ਪਾਣੀ ਵੀ ਡੂੰਘਾ ਹੋਣ ਨਾਲ ਹਜ਼ਾਰਾਂ ਨਲਕੇ ਬੇਕਾਰ ਹੋ ਗਏ ਹਨ। ਰਿਪੋਰਟ ਅਨੁਸਾਰ ਪਾਣੀ ਦੀ ਸਭ ਤੋਂ ਵੱਡੀ ਖਪਤ ਝੋਨੇ ਦੀ ਫ਼ਸਲ ਵਿੱਚ ਹੁੰਦੀ ਹੈ। ਖੇਤੀ ਮਾਹਿਰਾਂ ਅਨੁਸਾਰ ਇੱਕ ਕਿੱਲੋ ਚੌਲ ਪੈਦਾ ਕਰਨ ਲਈ ਹਜ਼ਾਰਾਂ ਲਿਟਰ ਪਾਣੀ ਦੀ ਵਰਤਣਾ ਪੈਂਦਾ ਹੈ। ਖੇਤੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸਾਉਣੀ ਦੇ ਸੀਜ਼ਨ ਦੌਰਾਨ ਵਰਤੇ ਜਾਂਦੇ ਪਾਣੀ ਚੋਂ ਤਕਰੀਬਨ 80 ਫੀਸਦੀ ਪਾਣੀ ਦੀ ਖਪਤ ਸਿਰਫ ਝੋਨੇ ਦੀ ਫਸਲ ਪਾਲਣ ਲਈ ਕੀਤੀ ਜਾਂਦੀ ਹੈ।
ਮਾਹਿਰਾਂ ਨੇ ਸੁਝਾਅ ਦਿੱਤਾ ਹੈ ਝੋਨੇ ਹੇਠਲਾ ਰਕਬੇ ਚੋਂ ਵੱਡਾ ਰਕਬਾ ਨਰਮਾ, ਬਾਸਮਤੀ, ਮੱਕੀ ਅਤੇ ਦਾਲਾਂ ਹੇਠ ਲਿਆਉਣ ਦੀ ਜਰੂਰਤ ਹੈ। ਅਜਿਹੀ ਹੀ ਸਥਿਤੀ ਪੀਣ ਵਾਲੇ ਪਾਣੀ ਦੀ ਹੈ । ਜਿਸ ਲਈ ਜਾਂ ਤਾਂ ਜੇਬਾਂ ਢਿੱਲੀਆਂ ਕਰਨੀਆਂ ਪੈਂਦੀਆਂ ਹਨ ਜਾਂ ਫਿਰ ਧਰਤੀ ਹੇਠਲਾ ਮਾੜਾ ਅਤੇ ਸ਼ਰੀਰ ਲਈ ਹਾਨੀਕਾਰਕ ਮੰਨਿਆ ਜਾਣ ਵਾਲਾ ਪਾਣੀ ਪੀਣਾ ਪੈਂਦਾ ਹੈ। ਮਾੜੇ ਪਾਣੀਆਂ ਕਾਰਨ ਜੰਮਦੇ ਬੱਚੇ ਕੈਂਸਰ ਦੀ ਲਪੇਟ ’ਚ ਹਨ। ਕੈਂਸਰ ਦਾ ਇਲਾਜ ਕਰਵਾਉਂਦੇ ਕਿੰਨੇ ਹੀ ਕਿਸਾਨ ਬੇਜ਼ਮੀਨੇ ਹੋ ਗਏ ਹਨ। ਮਾਲਵੇ ਦਾ ਧਰਤੀ ਹੇਠਲਾ ਪਾਣੀ ਵੱਖਰਾ ਕਹਿਰ ਵਰਤਾ ਰਿਹਾ ਹੈ। ਇੱਥੇ ਰਸਾਇਣਾਂ ਦੀ ਅੰਧਾ-ਧੁੰਦ ਵਰਤੋਂ ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਤੇ ਨੈਸ਼ਨਲ ਬਿਊਰੋ ਆਫ਼ ਸੋਆਇਲ ਸਰਵੇ ਮੁਤਾਬਕ ਧਰਤੀ ਹੇਠਲੇ ਪਾਣੀ ਵਿੱਚ ਸੋਡੀਅਮ ਕਾਰਬੋਨੇਟ ਦੀ ਮਿਕਦਾਰ ਜ਼ਿਆਦਾ ਹੈ ਜੋ ਆਉਣ ਵਾਲੀਆਂ ਪੀੜੀਆਂ ਲਈ ਫਿਕਰਾਂ ਵਾਲੀ ਗੱਲ ਹੈ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਮੁਤਾਬਕ ਤਾਂ ਮਾਲਵੇ ਦੀ ਧਰਤੀ ’ਚ ਯੂਰੇਨੀਅਮ ਵੀ ਪਾਇਆ ਗਿਆ ਹੈ ਜੋ ਕਿ ਸਰੀਰਕ ਵਿਗਾੜ ਪੈਦਾ ਕਰ ਰਿਹਾ ਹੈ। ਇਨ੍ਹਾਂ ਤੱਥਾਂ ਨੂੰ ਵਾਚੀਏ ਤਾਂ ਪਾਣੀ ਦੀ ਦੁਰਵਰਤੋਂ ਨਾਲ ਪੰਜਾਬ ਜੋ ਕਦੇ ਪੰਜ ਦਰਿਆਂਵਾ ਦੀ ਧਰਤੀ ਅਖਵਾਂਉਂਦਾ ਸੀ ਦਾ ਭਵਿੱਖ ਪਤਾਲੀਂ ਧੱਸਦਾ ਨਜਰ ਆ ਰਿਹਾ ਹੈ। ਇਹੋ ਕਾਰਨ ਹੈ ਕਿ ਪਾਣੀਆਂ ਦੇ ਮਾਹਿਰਾਂ ਅਤੇ ਨੀਤੀਵਾਨਾਂ ਵੱਲੋਂ ਪਾਣੀ ਨੂੰ ਬਚਾਉਣ ਦੀ ਮੰਗ ਉਠਾਈ ਜਾ ਰਹੀ ਹੈ। ਇਸ ਸਬੰਧ ’ਚ ਪੱਕੀਆਂ ਨੀਤੀਆਂ ਬਣਾਕੇ ਤਰੰਤ ਹੰਭਲਾ ਮਾਰਨਾ ਸ਼ੁਰੂ ਕੀਤਾ ਜਾਏ ਤਾਂ ਕੋਈ ਅੱਤਕਥਨੀ ਨਹੀਂ ਸਥਿਤੀ ਨੂੰ ਮੋੜਿਆ ਜਾ ਸਕਦਾ ਹੈ। ਇਸ ਕੰਮ ਲਈ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਲਾਂਭੇ ਕਰਨਾ ਹੋਵੇਗਾ ਜਿਸ ਲਈ ਉਨ੍ਹਾਂ ਨੂੰ ਬਦਲਵੀਆਂ ਫਸਲਾਂ ਦੇ ਲਾਹੇਵੰਦ ਭਾਅ ਅਤੇ ਮੰਡੀਕਰਨ ਦੇ ਪ੍ਰਬੰਧ ਕਰਨੇ ਪੈਣਗੇ।
ਇਸੇ ਤਰਾਂ ਕਈ ਸਮਾਜਸੇਵੀ ਸੰਸਥਾਵਾਂ ਅਜਿਹੀਆਂ ਹਨ ਜੋ ਇਸ ਲੋਕ ਹਿੱਤ ਕਾਜ ਲਈ ਕੁੱਝ ਕਰਨਾ ਲੋਚਦੀਆਂ ਹਨ ,ਉਨ੍ਹਾਂ ਨੂੰ ਵੀ ਇਸ ਕੰਮ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਾਰਿਸ਼ਾਂ ਦਾ ਪਾਣੀ ਰੀਚਾਰਜ ਕਰਨਾ ਪਵੇਗਾ ਅਤੇ ਰੋਜ਼ਾਨਾ ਦੇ ਪਾਣੀ ਨੂੰ ਗਰਮੀ ਨਾਲ ਉੱਡਣ ਤੋਂ ਬਚਾਉਣ ਲਈ ਛੱਪੜਾਂ ਆਦਿ ਦਾ ਪ੍ਰਬੰਧ ਕਰਨਾ ਪਵੇਗਾ ਤਾਂਕਿ ਉਹ ਕੁਦਰਤੀ ਫਿਲਟਰ ਰਾਹੀਂ ਸਾਫ ਹੈ ਕਿ ਵਾਪਸ ਧਰਤੀ ਵਿੱਚ ਪਹੁੰਚਦਾ ਰਹੇ। ਪਾਣੀ ਦੀ ਵਰਤੋਂ ਤੇ ਸੰਭਾਲ ਲਈ ਕਾਨੂੰਨ ਅਮਲ ਵਿੱਚ ਲਿਆਕੇ ਉਸ ਤੇ ਇਮਾਨਦਾਰੀ ਨਾਲ ਪਹਿਰਾ ਦੇਣ ਨਾਲ ਵੀ ਪਾਣੀ ਦੀ ਬਰਬਾਦੀ ਰੋਕੀ ਜਾ ਸਕਦੀ ਹੈ। ਤਾਂ ਹੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਪਤਾਲੀ ਲੱਥ ਰਿਹਾ ਭਵਿੱਖ ਹੋਰ ਧੱਸਣ ਤੋਂ ਰੁਕ ਸਕੇਗਾ।
ਡਿੰਪਲ ਵਰਮਾ
ਹੈਡਮਿਸਟਰੈਸ ਸਰਕਾਰੀ ਹਾਈ ਸਕੂਲ ਕਰਮਗੜ੍ਹ,
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ।
ਮੋਬਾਇਲ: 90236-00302