ਸ਼ਹੀਦ ਕਿਰਨਜੀਤ ਦੇ 27 ਵੇਂ ਯਾਦਗਾਰੀ ਸਮਾਗਮ ਦੇ ਮੌਕੇ ਮੁੱਖ ਬੁਲਾਰੇ ਹੋਣਗੀਆਂ ‘ਭਾਸ਼ਾ ਸਿੰਘ’ ਅਤੇ ‘ਸ਼ਰੇਆ ਘੋਸ਼’ -ਨਰਾਇਣ ਦੱਤ
ਰਘਵੀਰ ਹੈਪੀ, ਬਰਨਾਲਾ 24 ਜੁਲਾਈ 2024
ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਵੱਲੋਂ 27 ਵਾਂ ਸਲਾਨਾ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਯਾਦਗਾਰ ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਦੱਸਿਆ ਕਿ 12 ਅਗਸਤ ਮਹਿਜ ਇੱਕ ਦਿਨ ਨਹੀਂ ਹੈ। ਮਹਿਲ ਕਲਾਂ ਲੋਕ ਘੋਲ ਔਰਤ ਮੁਕਤੀ ਦਾ ਚਿੰਨ੍ਹ ਹੋਣ ਦੇ ਨਾਲ-ਨਾਲ ਇਸ ਨੇ ਜਬਰ ਅਤੇ ਟਾਕਰੇ ਦਾ ਨਵਾਂ ਸੂਹਾ ਇਤਿਹਾਸ ਸਿਰਜਿਆ ਹੈ। ਇਹ ਲੋਕ ਘੋਲ ਸਾਂਝੇ ਲੋਕ ਘੋਲਾਂ ਦੀ ਵਿਰਾਸਤ ਅਤੇ ਚਾਨਣ ਮੁਨਾਰਾ ਬਣਿਆ ਹੋਇਆ ਹੈ। ਇਸ ਲਈ 12 ਅਗਸਤ ਦਾ ਦਿਨ ਦਾਣਾ ਮੰਡੀ ਮਹਿਲ ਕਲਾਂ ਵਿਖੇ ਬਦਲਵੀਂ ਢੁੱਕਵੀਂ ਸ਼ਕਲ ਦੇ ਰੂਪ ‘ਚ ਮਨਾਉਂਦਿਆਂ ਇਸ ਵਾਰ ਦੇ ਯਾਦਗਾਰੀ ਸਮਾਗਮ ਵਿੱਚ ਦੋ ਅਹਿਮ ਔਰਤ ਬੁਲਾਰੇ ਮੁੱਖ ਰੂਪ ਵਿੱਚ ਆਪਣੇ ਵਿਸਥਾਰ ਵਿੱਚ ਵਿਚਾਰ ਪੇਸ਼ ਕਰਨਗੇ।
ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ ਦੇ ਯਾਦਗਾਰੀ ਸਮਾਗਮ ਲਈ ਉੱਘੀ ਜਰਨਲਿਸਟ ‘ਭਾਸ਼ਾ ਸਿੰਘ’ ਅਤੇ ‘ਸ਼ਰੇਆ ਘੋਸ਼’ ਸਾਬਕਾ ਵਿਦਿਆਰਥੀ ਆਗੂ ਜੇਐਨਯੂ ਅਤੇ ਹੁਣ ਮਜ਼ਦੂਰ ਸੰਘਰਸ਼ ਵਿੱਚ ਸਰਗਰਮ ਆਗੂ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣਗੇ। ਇਸ ਲਈ ਯਾਦਗਾਰ ਕਮੇਟੀ ਮਹਿਲ ਕਲਾਂ ਸਮੂਹ ਮਿਹਨਤਕਸ਼ ਲੋਕਾਈ ਖਾਸ ਕਰ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਪੂਰੀ ਤਨਦੇਹੀ ਨਾਲ ਇਸ ਪ੍ਰੋਗਰਾਮ ਦੀ ਤਿਆਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕਰਦੀ ਹੈ।
ਯਾਦਗਾਰ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਗੁਰਮੀਤ ਸੁਖਪੁਰਾ, ਪ੍ਰੇਮ ਕੁਮਾਰ, ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਚੰਨਣਵਾਲ ਅਤੇ ਹਰਪ੍ਰੀਤ ਮਹਿਲ ਕਲਾਂ ਨੇ ਕਿਹਾ ਕਿ ਜਿਸ ਸਿਦਕਦਿਲੀ ਨਾਲ ਸਾਂਝੇ ਮਹਿਲ ਕਲਾਂ ਲੋਕ ਘੋਲ ਨੇ ਲੋਕਾਂ ਉੱਪਰ ਟੇਕ ਰੱਖ ਕੇ ਚੁਣੌਤੀਆਂ ਦਾ ਟਾਕਰਾ ਕੀਤਾ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। 27 ਸਾਲ ਪਹਿਲਾਂ ਔਰਤਾਂ ਨੂੰ ਪੁਰਾਣੀਆਂ ਵੇਲਾ ਵਿਹਾ ਚੁੱਕੀਆਂ ਰੂੜੀਵਾਦੀ ਕਦਰਾਂ ਕੀਮਤਾਂ ਨੇ ਬੁਰੀ ਤਰ੍ਹਾਂ ਗਰਸਿਆ ਹੋਇਆ ਸੀ। ਪੈਰ ਦੀ ਜੁੱਤੀ, ਭੋਗ ਵਿਲਾਸ ਦੀ ਵਸਤੂ, ਮੰਡੀ ਵਿੱਚ ਮਾਲ ਵੇਚਣ ਵਾਲੀ ਵਸਤ ਵਜੋਂ ਸਥਾਪਿਤ ਕੀਤਾ ਹੋਇਆ ਸੀ। ਅਜਿਹੀਆਂ ਪਿਛਾਂਹਖਿੱਚੂ ਧਾਰਨਾਵਾਂ ਕਰਕੇ ਔਰਤਾਂ ਦੀ ਸੰਘਰਸ਼ਾਂ ਵਿੱਚ ਸ਼ਮੂਲੀਅਤ ਨਾ ਮਾਤਰ ਹੀ ਸੀ। ਜਿਉਂ ਹੀ ਮਹਿਲ ਕਲਾਂ ਲੋਕ ਘੋਲ ਨੇ ਸਹੀ ਰਸਤਾ ਵਿਖਾਇਆ ਤਾਂ ਔਰਤਾਂ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਅਤੇ ਗੁੰਡਿਆਂ ਦੀ ਸਲਤਨਤ ਨੂੰ ਭਾਜੜਾਂ ਪਾ ਦਿੱਤੀਆਂ। ਇਸ ਸਾਂਝੇ ਲੋਕ ਘੋਲ ਨੇ ਮਾਰਗ ਦਰਸ਼ਕ ਦਾ ਅਜਿਹਾ ਰੂਪ ਧਾਰਿਆ ਕਿ ਪਿੰਕੀ ਕਾਂਡ ਬਰੇਟਾ, ਡੀਐਸਪੀ ਅਸ਼ੋਕ ਪੁਰੀ ਬਲਾਤਕਾਰ ਕਾਂਡ ਜਗਰਾਓਂ, ਸ਼ਰੂਤੀ ਕਾਂਡ ਫ਼ਰੀਦਕੋਟ ਤੋਂ ਇਤਿਹਾਸਕ ਜੇਤੂ ਕਿਸਾਨ ਘੋਲ਼ਾਂ ਦੀ ਨਿਉਂ ਜੜ੍ਹ ਬਣਿਆ ਹੋਇਆ ਹੈ। ਇਸ ਲਈ 12 ਅਗਸਤ ਦੀਆਂ ਤਿਆਰੀਆਂ ਵਿੱਚ ਵੱਖ-ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਆਪੋ ਆਪਣੇ ਪੱਧਰ ਤੇ ਨਾ ਸਿਰਫ ਸ਼ਮੂਲੀਅਤ ਕਰਨ ਸਗੋਂ ਮਹਿਲ ਕਲਾਂ ਲੋਕ ਘੋਲ ਦੇ ਜ਼ਬਰ ਅਤੇ ਟਾਕਰੇ ਦੇ ਇਤਿਹਾਸ ਤੋਂ ਅੱਗੇ ਔਰਤ ਦੀ ਮੁਕੰਮਲ ਮੁਕਤੀ ਇਨਕਲਾਬ ਕਰਨ ਦਾ ਪੈਗ਼ਾਮ ਦੇਣ ਲਈ ਤਿਆਰੀਆਂ ਵਿੱਚ ਜੁੱਟ ਗਈਆਂ ਹਨ।