ਹਰਿੰਦਰ ਨਿੱਕਾ, ਪਟਿਆਲਾ 25 ਜੁਲਾਈ 2024
ਸਿਗਰਟ ਪੀਂਦੇ ਵਿਅਕਤੀ ਨੂੰ ਜਦੋਂ, ਕੋਲ ਖੜ੍ਹੇ ਦੂਜੇ ਵਿਅਕਤੀ ਨੇ ਉਸ ਵੱਲ ਮੂੰਹ ਕਰਕੇ,ਧੂੰਆਂ ਛੱਡਣ ਤੋਂ ਰੋਕਿਆ ਤਾਂ ਸਿਗਰਟ ਪੀ ਰਹੇ ਵਿਅਕਤੀ ਨੇ ਅਜਿਹਾ ਕਰਨ ਤੋਂ ਰੋਕਣ ਵਾਲੇ ਤੇ ਹੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਗੰਭੀਰ ਜਖਮੀ ਹੋਏ ਵਿਅਕਤੀ ਸਾਹਿਲ ਨੂੰ ਇਲਾਜ ਲਈ, ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਪਰੰਤੂ ਦੌਰਾਨ ਏ ਇਲਾਜ ਹੀ ਉਸ ਨੇ ਦਮ ਤੋੜ ਦਿੱਤਾ। ਇਹ ਘਟਨਾ ਥਾਣਾ ਘਨੌਰ ਦੇ ਪਿੰਡ ਉਂਟਸਰ ਵਿਖੇ 22 ਜੁਲਾਈ ਦੀ ਦੇਰ ਰਾਤ ਕਰੀਬ 2 ਵਜੇ ਵਾਪਰੀ ਸੀ, ਪਰੰਤੂ ਸਾਹਿਲ ਦੀ ਇਲਾਜ ਦੌਰਾਨ ਮੌਤ ਹੋਣ ਉਪਰੰਤ ਲੰਘੀ ਕੱਲ੍ਹ 24 ਜੁਲਾਈ ਨੂੰ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਦੇ ਅਧਾਰ ਪਰ,ਨਾਮਜ਼ਦ ਦੋਸ਼ੀ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਕੀ ਕਿਵੇਂ ਤੇ ਕਦੋਂ ਹੋਇਆ…
ਪੁਲਿਸ ਨੂੰ ਦਿੱਤੇ ਬਿਆਨ ‘ਚ ਹਰਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਕਾਮੀ ਖੁਰਦ ਥਾਣਾ ਘਨੌਰ ਨੇ ਦੱਸਿਆ ਕਿ 22 ਜੁਲਾਈ 2024 ਦੀ ਰਾਤ ਕਰੀਬ 10 ਵਜੇ,ਮੁਦਈ ਹਰਸ਼ ਕੁਮਾਰ ਆਪਣੇ ਛੋਟੇ ਭਰਾ ਸਾਹਿਲ ਅਤੇ ਆਪਣੇ ਗੁਆਢੀ ਸੁਖਵਿੰਦਰ ਸਿੰਘ ਨਾਲ ਉਨ੍ਹਾਂ ਦੇ ਦੋਸਤ ਹਰਸ ਪੁੱਤਰ ਕਾਲਾ ਵਾਸੀ ਉਂਟਸਰ ਦੇ ਘਰ ਚੋਂਕੀ ਪਰ ਗਏ ਹੋਏ ਸੀ। ਰਾਤ ਨੂੰ ਕਰੀਬ 2 ਵਜੇ, ਮੁਦਈ, ਸਾਹਿਲ ਅਤੇ ਸੁਖਵਿੰਦਰ ਸਿੰਘ, ਹਰਸ਼ ਦੇ ਘਰ ਦੇ ਬਾਹਰ ਪਿਸ਼ਾਬ ਕਰਨ ਗਏ। ਜਿੱਥੇ ਪਹਿਲਾਂ ਤੋਂ ਹੀ ਦੋਸ਼ੀ ਗੁਰਧਿਆਨ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਉਂਟਸਰ ਥਾਣਾ ਘਨੌਰ ਖੜ੍ਹਾ ਸਿਗਰਟ ਪੀ ਰਿਹਾ ਸੀ। ਦੋਸ਼ੀ ਨੇ ਆਪਣੀ ਸਿਗਰਟ ਦਾ ਧੂੰਆ ਮੁਦਈ ਦੇ ਭਰਾ ਸਾਹਿਲ ਦੇ ਮੁੂੰਹ ਵੱਲ ਛਡਿਆ। ਜਦੋਂ ਸਾਹਿਲ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਗਾਲੀ ਗਲੋਚ ਅਤੇ ਹੱਥੋ ਪਾਈ ਕਰਨ ਲੱਗ ਪਿਆ ਅਤੇ ਮੁਦਈ ਹੋਂਰੀ ਉਨ੍ਹਾਂ ਨੂੰ ਛੁਡਾਉਣ ਲੱਗ ਪਏ ਤਾਂ ਇਸੇ ਦੌਰਾਨ ਦੋਸ਼ੀ ਨੇ ਸਾਹਿਲ ਦੇ ਖੱਬੇ ਪੱਟ ਅਤੇ ਛਾਤੀ ਦੇ ਸੱਜੇ ਪਾਸੇ ਚਾਕੂ ਨਾਲ ਵਾਰ ਕੀਤਾ। ਹਮਲੇ ‘ਚ ਜਖਮੀ ਸਾਹਿਲ ਦਾ ਕਾਫੀ ਖੂਨ ਨਿਕਲ ਗਿਆ ਅਤੇ ਦੋਸ਼ੀ ਮੌਕਾ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ਵਿੱਚ ਜਖਮੀ ਸਾਹਿਲ ਨੂੰ ਇਲਾਜ ਲਈ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਸਦੀ ਦੌਰਾਨ ਏ ਇਲਾਜ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਹਰਸ਼ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਕਾਮੀ ਖੁਰਦ ਦੇ ਬਿਆਨ ਪਰ, ਪੁਲਿਸ ਨੇ ਨਾਮਜ਼ਦ ਦੋਸ਼ੀ ਗੁਰਧਿਆਨ ਸਿੰਘ ਉਂਟਸਰ ਦੇ ਖਿਲਾਫ ਅਧੀਨ ਜੁਰਮ 103(1) BNS ਤਹਿਤ ਥਾਣਾ ਘਨੌਰ ਵਿਖੇ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।