ਐਸ.ਐਸ.ਪੀ ਨੂੰ ਦਿੱਤੀ ਲਿਖਿਤ ਸ਼ਿਕਾਇਤ, ਦੋਸ਼ੀਆਂ ਖਿਲਾਫ ਪਹਿਲਾਂ ਤੋਂ ਹੀ ਅੰਬਾਲਾ ਵਿੱਖੇ ਦਰਜ ਹੈ ਪਰਚਾ
ਹਰਿੰਦਰ ਨਿੱਕਾ, ਪਟਿਆਲਾ 24 ਜੁਲਾਈ 2024
ਓਸਟਰਿੱਚ ਇਮੀਗ੍ਰੇਸ਼ਨ ਕੰਪਨੀ ਵਾਲਿਆਂ ਦੀ ਕਥਿਤ ਧੋਖਾਧੜੀ ਤੋਂ ਤੰਗ ਆਏ ਪਟਿਆਲਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਨੌਜਵਾਨ ਮੁੰਡਿਆਂ ਨੇ ਅੱਜ ਓਸਟਰਿੱਚ ਇਮੀਗ੍ਰੇਸ਼ਨ ਕੰਪਨੀ ਲੀਲਾ ਭਵਨ ਪਟਿਆਲਾ ਦੇ ਮਾਲਿਕ ਮਨਪ੍ਰੀਤ ਸਿੰਘ ਚਹਿਲ ਵਾਸੀ ਪਟਿਆਲਾ ਅਤੇ ਉਸ ਦੀ ਸਾਥਣ ਕੌਰ ਗੁਰਸ਼ਰਨ ਕੌਰ ਵਾਸੀ ਸੰਗਰੂਰ ਅਤੇ ਇਨਾਂ ਦੇ ਹੋਰ ਸਾਥੀਆਂ ਖਿਲਾਫ ਫੁਹਾਰਾ ਚੌਂਕ ਪਟਿਆਲਾ ਵਿਖੇ ਰੋਸ ਮੁਜਾਹਰਾ ਕਰਕੇ,ਜ਼ੋਰਦਾਰ ਨਾਅਰੇਬਾਜੀ ਕਰਦਿਆਂ ਦੋਸ਼ੀਆਂ ਖਿਲਾਫ ਐਸ.ਐਸ.ਪੀ ਤੋਂ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਪੀੜਿਤ ਜਤਿਨ ਸ਼ਰਮਾ, ਸੁਖਜੀਤ ਸਿੰਘ, ਰਾਣਾ, ਗੁਰਵਿੰਦਰ ਸਿੰਘ ਅਤੇ ਹੋਰ ਪੀੜਤ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੰਪਨੀ ਦੇ ਮਾਲਿਕਾਂ ਅਤੇ ਇਸ ਦੇ ਪਾਰਟਨਰਾਂ ਵੱਲੋਂ ਕਨੇਡਾ ਅਤੇ ਅਮਰੀਕਾ ਵਿੱਚ ਪੜ੍ਹਾਈ ਲਈ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਕਥਿਤ ਠੱਗੀ ਮਾਰੀ ਹੈ। ਪਰ ਹੁਣ ਤੱਕ, ਇੱਨ੍ਹਾਂ ਨੇ ਕਿਸੇ ਵੀ ਵਿਅਕਤੀ ਨੂੰ ਨਾਂ ਤਾਂ ਬਾਹਰ ਭੇਜਿਆ ਤੇ ਨਾਂ ਹੀ ਉਸ ਦਾ ਵੀਜਾ ਲਵਾ ਕੇ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਮੀਗ੍ਰੇਸ਼ਨ ਕੰਪਨੀ ਅਤੇ ਇਸ ਦੇ ਮਾਲਕ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਉਹ ਜਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ । ਪੀੜਿਤ ਵਿਅਕਤੀਆਂ ਨੇ ਇਹ ਵੀ ਦੱਸਿਆ ਕਿ ਇਹਨਾਂ ਖਿਲਾਫ ਪਹਿਲਾਂ ਤੋਂ ਹੀ ਅੰਬਾਲਾ ਸ਼ਹਿਰ ਵਿਖੇ ਆਈ.ਪੀ.ਸੀ ਦੀ ਧਾਰਾ 406 ਅਤੇ 420 ਦੇ ਤਹਿਤ ਧੋਖਾਧੜੀ ਅਤੇ ਪੈਸੇ ਹੜੱਪਣ ਦਾ ਪਰਚਾ ਦਰਜ ਹੋ ਚੁੱਕਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ, ਜ਼ਿਲ੍ਹਾ ਪੁਲਿਸ ਮੁਖੀ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੰਬਾਲਾ ਦੀ ਤਰ੍ਹਾਂ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਖਿਲਾਫ ਪਟਿਆਲਾ ਵਿਖੇ ਵੀ ਮੁਕੱਦਮਾ ਦਰਜ ਕਰਕੇ ਨੌਜਵਾਨ ਮੁੰਡਿਆਂ ਅਤੇ ਇਨਾਂ ਦੇ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਕਰਨਵੀਰ ਸਿੰਘ, ਹਰਮਨ ਸਹੋਤਾ, ਜਸ਼ਨ , ਉਪਿੰਦਰ, ਅਰਸ਼ ਗੁਪਤਾ, ਪਰਮ ਹਾਂਡਾਂ, ਦੀਪ ਰਾਜਪੂਤ, ਅਜੇ ਚੌਹਾਨ, ਰਿਸ਼ਵ ਭਸੀਨ ਅਤੇ ਪਰਮਦੀਪ ਸਿੰਘ ਆਦਿ ਵੀ ਹਾਜਰ ਸਨ।