ਅਸ਼ੋਕ ਵਰਮਾ, ਬਠਿੰਡਾ 21 ਜੁਲਾਈ 2024
ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਗੁਰੂ ਪੁੰਨਿਆ ਦਾ ਪਵਿੱਤਰ ਤਿਉਹਾਰ ਐਤਵਾਰ ਨੂੰ ਸ਼ਰਧਾ, ਉਤਸ਼ਾਹ ਤੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ । ਇਸ ਲੜੀ ਤਹਿਤ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਠਿੰਡਾ ਦੇ ਡੇਰਾ ਪ੍ਰੇਮੀਆਂ ਨੇ 55 ਜ਼ਰੂਰਤਮੰਦ ਬੱਚਿਆਂ ਨੂੰ ‘ਕੱਪੜਾ ਬੈਂਕ ਮੁਹਿੰਮ’ ਤਹਿਤ ਵਰਦੀਆਂ, ਕਾਪੀਆਂ ਤੇ ਸਟੇਸ਼ਨਰੀ ਵੰਡਣ ਤੋਂ ਇਲਾਵਾ ਕੁਝ ਜ਼ਰੂਰਤਮੰਦ ਬੱਚੇ ਜੋ ਆਰਥਿਕ ਮੰਦਹਾਲੀ ਕਰਨ ਪੜ੍ਹਨ ਤੋਂ ਅਸਮਰੱਥ ਸਨ, ਉਨ੍ਹਾਂ ਦੀ ਸਕੂਲ ਦੀ ਫੀਸ ਵੀ ਭਰੀ । ਇਸ ਤੋਂ ਇਲਾਵਾ ਮਲੋਟ ਰੋਡ ਤੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਵਜੋਂ ਠੰਢੇ-ਮਿੱਠੇ ਪਾਣੀ ਦੀ ਛਬੀਲ ਲਾਈ।
ਇਸ ਦਿਨ ’ਤੇ ਦੇਰ ਸ਼ਾਮ ਨੂੰ ਸਾਧ-ਸੰਗਤ ਨੇ ਆਪੋ-ਆਪਣੇ ਘਰਾਂ ਅਤੇ ਅਦਾਰਿਆਂ ’ਤੇ ਦੀਵੇ ਵੀ ਜਗਾਏ । ਇਸ ਮੌਕੇ ਸੰਬੋਧਨ ਕਰਦਿਆਂ 85 ਮੈਂਬਰ ਭੈਣ ਅਮਰਜੀਤ ਕੌਰ ਇੰਸਾਂ ਨੇ ਕਿਹਾ ਕਿ ਉਨ੍ਹਾਂ ਦੇ ਗੁਰੂ ਨੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਸਵਾਰਥ ਦੇ ਈਮਾਨਦਾਰੀ ਨਾਲ ਜੀਵਨ ਬਤੀਤ ਕਰਨ ਤੇ ਸਹੀ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿ ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵੱਲੋਂ ਦਿੱਤੀ ਜਾਂਦੀ ਸਿੱਖਿਆ ਤੋਂ ਪੇ੍ਰਰਿਤ ਹੋ ਕੇ ਅੱਜ ਕਰੋੜਾਂ ਲੋਕ ਨਸ਼ੇ ਸਮੇਤ ਹੋਰ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ ਤੇ ਸਮਾਜ ’ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਡੇਰਾ ਸਿਰਸਾ ਪੈਰੋਕਾਰਾਂ ਨੂੰ ਗੁਰੂ ਪੁੰਨਿਆਂ ਦਿਵਸ ਦੀ ਵਧਾਈ ਵੀ ਦਿੱਤੀ।
ਇਸ ਤੋਂ ਪਹਿਲਾਂ ਐਮਐੈਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਲੋਟ ਰੋਡ ਵਿਖੇ ਬਲਾਕ ਪੱਧਰੀ ਨਾਮ ਚਰਚਾ ਸਮਾਗਮ ਕਰਵਾਇਆ ਜਿਸ ਦੌਰਾਨ ਗਰਮੀ ਦੇ ਮੌਸਮ ਦੀ ਪਰਵਾਹ ਨਾ ਕਰਦਿਆਂ ਵੱਡੀ ਗਿਣਤੀ ਸਾਧ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਸਰਬੱਤ ਦੇ ਭਲੇ ਲਈ ਦੁਆ ਵੀ ਮੰਗੀ ਗਈ। ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਨਾਮ ਚਰਚਾ ਸਮਾਗਮ ’ਚ ਹਾਜਰੀ ਲਵਾਉਣ ਪਹੁੰਚੀ ਵੱਡੀ ਸਾਧ ਸੰਗਤ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਰਜਿੰਦਰ ਗੋਇਲ ਇੰਸਾਂ, 85 ਮੈਂਬਰ ਭੈਣ ਚਰਨਜੀਤ ਇੰਸਾਂ, ਜਸਵੰਤ ਇੰਸਾਂ, ਵੀਨਾ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੇਵਕ ਵੀਰ, ਭੈਣਾਂ, ਵੱਖ-ਵੱਖ ਏਰੀਆ ਦੇ 15 ਮੈਂਬਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਅਤੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।