ਅਸ਼ੋਕ ਵਰਮਾ, ਬਠਿੰਡਾ 22 ਜੁਲਾਈ 2024
ਬਠਿੰਡਾ ਜਿਲ੍ਹੇ ਦੇ ਪਿੰਡ ਲੂਲਬਾਈ ’ਚ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਬੁਰੀ ਤਰਾਂ ਕੁੱਟਮਾਰ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਮਹਿਲਾ ਦੇ ਪਤੀ, ਘਰਵਾਲੇ ਦੇ ਸਕੇ ਭਰਾ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਚੌਥਾ ਮੁਲਜਮ ਤੇ ਕਤਲ ਦੇ ਦੋਸ਼ ਤਹਿਤ ਨਾਮਜਦ ਸਕੇ ਭਰਾਵਾਂ ਦਾ ਪਿਤਾ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਸੁਖਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ ਪੁੱਤਰਾਨ ਗੁਰਮੇਲ ਸਿੰਘ ਵਾਸੀ ਲੂਲਬਾਈ ਅਤੇ ਲਵਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਵਜੋਂ ਕੀਤੀ ਗਈ ਹੈ। ਇਸ ਕਤਲ ’ਚ ਸ਼ਾਮਲ ਗੁਰਮੇਲ ਸਿੰਘ ਵਾਸੀ ਲੂਲਬਾਈ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕੋਸ਼ਿਸ਼ਾਂ ਕਰ ਰਹੀ ਹੈ।
ਥਾਣਾ ਨੰਦਗੜ੍ਹ ਪੁਲੀਸ ਨੇ ਮ੍ਰਿਤਕ ਨੌਜਵਾਨ ਵਿੱਕੀ ਕੁਮਾਰ ਦੇ ਪਿਤਾ ਦਲੀਪ ਸਿੰਘ ਪੁੱਤਰ ਮੂੰਗਾ ਰਾਮ ਵਾਸੀ ਲੂਲਬਾਈ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਖਪ੍ਰੀਤ ਸਿੰਘ ਸਮੇਤ ਇੰਨ੍ਹਾਂ ਚਾਰਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਿਸ ਅਨੁਸਾਰ ਸੁਖਪ੍ਰੀਤ ਸਿੰਘ ਬਿਜਲੀ ਦੀਆਂ ਮੋਟਰਾਂ ਵਗੈਰਾ ਠੀਕ ਕਰਨ ਦਾ ਮਕੈਨਿਕ ਸੀ ਅਤੇ ਲਵਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਉਸ ਦੇ ਨਾਲ ਹੀ ਕੰਮ ਕਰਦਾ ਸੀ ਪੁਲਿਸ ਅਨੁਸਾਰ ਇਹ ਕਤਲ ਮਾਮਲਾ ਨਜਾਇਜ ਸਬੰਧਾਂ ਦਾ ਹੈ। ਦੱਸਣਯੋਗ ਹੈ ਕਿ ਤਕਰੀਬਨ 26 ਸਾਲ ਉਮਰ ਦੇ ਮ੍ਰਿਤਕ ਨੌਜਵਾਨ ਵਿੱਕੀ ਕੁਮਾਰ ਦੇ ਆਪਣੇ ਪਿੰਡ ਦੀ ਹੀ ਰਹਿਣ ਵਾਲੀ ਵਿਆਹੁਤਾ ਔਰਤ ਬੇਅੰਤ ਕੌਰ ਨਾਲ ਪ੍ਰੇਮ ਸਬੰਧ ਸਨ। ਲੰਘੇ ਸ਼ਨੀਵਾਰ ਨੂੰ ਵੀ ਵਿੱਕੀ ਕੁਮਾਰ ਰਾਤ ਵਕਤ ਚੋਰੀ ਛੁੱਪੇ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਗਿਆ ਸੀ।
ਵਿੱਕੀ ਦੇ ਘਰ ਆਉਣ ਬਾਰੇ ਮਹਿਲਾ ਬੇਅੰਤ ਕੌਰ ਦੇ ਪ੍ਰੀਵਾਰਕ ਮੈਂਬਰਾਂ ਨੂੰ ਭਿਣਕ ਪੈ ਗਈ। ਔਰਤ ਦੇ ਪਤੀ ਸੁਖਪ੍ਰੀਤ ਸਿੰਘ ਆਦਿ ਨੇ ਵਿੱਕੀ ਨੂੰ ਇਤਰਾਜਯੋਗ ਹਾਲਤ ’ਚ ਫੜ ਲਿਆ । ਗੁੱਸੇ ’ਚ ਆਏ ਨਾਮਜ਼ਦ ਦੋਸ਼ੀਆਂ ਨੇ ਵਿੱਕੀ ਕੁਮਾਰ ਦੀ ਬੁਰੀ ਤਰਾਂ ਕੁੱਟ ਮਾਰ ਕਰ ਦਿੱਤੀ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਹੱਤਿਆ ਕਰਨ ਤੋਂ ਬਾਅਦ ਪ੍ਰੇਮਿਕਾ ਦਾ ਪਤੀ ਸਖਪ੍ਰੀਤ ਸਿੰਘ, ਉਸ ਦਾ ਭਰਾ ਬਲਜਿੰਦਰ ਸਿੰਘ ਪਿਤਾ ਗੁਰਮੇਲ ਸਿੰਘ ਤੇ ਲਵਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਏ । ਜਿੰਨ੍ਹਾਂ ਨੂੰ ਥਾਣਾ ਨੰਦਗੜ੍ਹ ਪੁਲਿਸ ਨੇ ਹੁਣ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗੁਰਮੇਲ ਸਿੰਘ ਹਾਲ ਦੀ ਘੜੀ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ । ਜਿਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਤਿੰਨ ਮੁਲਜਮ ਗ੍ਰਿਫਤਾਰ:ਐਸਐਚਓ
ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਨੌਜਵਾਨ ਵਿੱਕੀ ਕੁਮਾਰ ਦੇ ਪਿੰਡ ਲੂਲਬਾਈ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਬੇਅੰਤ ਕੌਰ ਨਾਲ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਬੰਧਾਂ ਕਾਰਨ ਉਹ ਸ਼ਨੀਵਾਰ ਨੂੰ ਬੇਅੰਤ ਕੌਰ ਨੂੰ ਮਿਲਣ ਲਈ ੳਸਦੇ ਘਰ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਔਰਤ ਦੇ ਪਤੀ ਸੁਖਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ ਜੋ ਜਾਨਲੇਵਾ ਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਸਿੰਘ ,ਬਲਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਗੁਰਮੇਲ ਸਿੰਘ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।