ਹਰਿੰਦਰ ਨਿੱਕਾ, ਬਰਨਾਲਾ 15 ਜੁਲਾਈ 2024
ਕਚਹਿਰੀ ਦੇ ਪਿਆਦੇ ਯਾਨੀ ਪ੍ਰੋਸੈੱਸ ਸਰਵਰ ਨੂੰ ਰਿਸ਼ਵਤ ਦੀ ਸ਼ਕਾਇਤ ਵਿੱਚੋਂ ਬਚਾਉਣ ਦੇ ਨਾਂ ਤੇ ਡੇਢ ਲੱਖ ਰੁਪਏ ਲੈਣ ਵਾਲਾ ਇੱਕ ਟਾਈਪਿਸਟ ਅੱਜ ਵਿਜੀਲੈਂਸ ਟੀਮ ਦੇ ਅੜਿੱਕੇ ਚੜ੍ਹ ਗਿਆ। ਵਿਜੀਲੈਂਸ ਦੀ ਟੀਮ ਨੇ ਦੋਸ਼ੀ ਟਾਈਪਿਸਟ ਨੂੰ ਰੰਗੇ ਹੱਥੇ ਕਾਬੂ ਕਰ ਲਿਆ, ਜਦੋਂਕਿ ਉਸ ਦਾ ਦੌਜਾ ਸਾਥੀ ਉੱਥੋਂ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਕਾਬੂ ਕੀਤੇ ਦੋਸ਼ੀ ਤੋਂ ਪੁੱਛਗਿੱਛ ਅਤੇ ਫਰਾਰ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਅਦਾਲਤ ਦੇ ਤਾਮੀਲ ਕੁਨਿੰਦਾ/ਪਿਆਦੇ/ ਪ੍ਰੋਸੈੱਸ ਸਰਵਰ ਮਹਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਪਾਸ ਸ਼ਕਾਇਤ ਕੀਤੀ ਸੀ ਕਿ ਭਦੌੜ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਨੇ ਉਸ ਦੀ ਵਿਜੀਲੈਂਸ ਬਿਊਰੋ ਕੋਲ ਆੱਨ ਲਾਈਨ ਪੋਰਟਲ ਤੇ ਅਪ੍ਰੈਲ 2024 ਨੂੰ ਸ਼ਕਾਇਤ ਕੀਤੀ ਸੀ ਕਿ ਉਹ (ਪਿਆਦਾ ਮਹਿੰਦਰ ਸਿੰਘ) ਦੋਸ਼ੀ ਪ੍ਰਵੀਨ ਕੁਮਾਰ ਭਦੌੜ ਤੋਂ ਅਦਾਲਤੀ ਸੰਮਨ ਤਾਮੀਲ ਨਾ ਕਰਵਾਉਣ ਦੇ ਬਦਲੇ 2 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਦਾ ਹੈ। ਇਸ ਕੇਸ ਸਬੰਧੀ ਦੀ ਵਿਜੀਲੈਂਸ ਦੀ ਪੜਤਾਲ ਦਰਮਿਆਨ ਹੀ, ਪ੍ਰਵੀਨ ਕੁਮਾਰ ਨੇ ਆਪਣੇ ਹੋਰ ਸਹਿਯੋਗੀ ਗੱਜੂ ਭੱਦਲਵੱਢ ਟਾਈਪਿਸਟ ਰਾਹੀਂ, ਵਿਜੀਲੈਂਸ ਵਿੱਚ ਦਰਜ ਹੋਣ ਵਾਲੇ ਸੰਭਾਵੀ ਕੇਸ ਤੋਂ ਬਚਾਉਣ ਲਈ, ਪਿਆਦੇ ਤੋਂ ਪਹਿਲਾਂ 5 ਲੱਖ ਰੁਪਏ ਦੀ ਮੰਗ ਕੀਤੀ ਤੇ ਬਾਅਦ ਵਿੱਚ ਉਸ ਨੇ 2 ਲੱਖ 50 ਹਜ਼ਾਰ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ। ਬਲੈਕਮੇਲਿੰਗ ਤੋਂ ਤੰਗ ਆਏ ਪਿਆਦੇ ਮਹਿੰਦਰ ਸਿੰਘ ਨੇ ਖੁਦ ਹੀ ਪ੍ਰਵੀਨ ਕੁਮਾਰ ਭਦੌੜ ਅਤੇ ਗੱਜੂ ਰਾਮ ਭੱਦਲਵੱਢ ਦੀ ਸ਼ਕਾਇਤ ਵਿਜੀਲੈਂਸ ਕੋਲ ਕਰ ਦਿੱਤੀ। ਮੁਦਈ ਪਿਆਦੇ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਤੋਂ ਅੱਜ 1 ਲੱਖ 50 ਹਜ਼ਾਰ ਰੁਪਏ ਲੈਣ ਲਈ, ਉਸ ਨੂੰ ਜਿਲ੍ਹਾ ਖਪਤਕਾਰ ਕਮਿਸ਼ਨ ਬਰਨਾਲਾ ਕੰਪਲੈਕਸ ਦੇ ਬਾਹਰ ਬਣੇ ਟਾਈਪਿਸਟਾਂ ਦੇ ਚੈਂਬਰ ਨੰਬਰ 39 ਵਿੱਚ ਬੁਲਾਇਆ ਗਿਆ ਹੈ। ਵਿਜੀਲੈਂਸ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ, ਟਰੈਪ ਲਗਾਇਆ ਗਿਆ, ਵਿਜੀਲੈਂਸ ਦੀ ਟੀਮ ਨੇ ਦੋਸ਼ੀ ਪ੍ਰਵੀਨ ਕੁਮਾਰ ਭਦੌੜ ਨੂੰ ਮਹਿੰਦਰ ਸਿੰਘ ਪਿਆਦੇ ਤੋਂ ਡੇਢ ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ, ਜਦੋਂਕਿ ਉਸ ਦਾ ਸਾਥੀ ਗੱਜੂ ਰਾਮ ਭੱਦਲਵੱਢ ਮੌਕਾ ਬਚਾ ਕੇ ਫਰਾਰ ਹੋ ਗਿਆ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਰੇਂਜ ਪਟਿਆਲਾ ਥਾਣਾ ਵਿਖੇ ਪ੍ਰਵੀਨ ਕੁਮਾਰ ਅਤੇ ਗੱਜੂ ਰਾਮ ਦੇ ਖਿਲਾਫ ਅਧੀਨ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਸੈਕਸ਼ਨ 7 ਏ ਅਤੇ 308-2 BNS ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪ੍ਰਾਈਵੇਟ ਵਿਅਕਤੀ, ਕਿਸੇ ਸਰਕਾਰੀ ਅਧਿਕਾਰੀ ਦੇ ਨਾਮ ਤੇ ਜਾਂ ਫਿਰ ਕਿਸੇ ਵਿਭਾਗੀ ਕਾਰਵਾਈ ਤੋਂ ਬਚਾਅ ਦੇ ਨਾਂ ਉੱਤੇ ਕਿਸੇ ਨੂੰ ਬਲੈਕਮੇਲ ਕਰਦਾ ਹੈ, ਉਸ ਦੇ ਖਿਲਾਫ ਵੀ ਵਿਜੀਲੈਂਸ ਬਿਊਰੋ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਸਕਦਾ ਹੈ। ਉਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਲਈ,ਵਿਜੀਲੈਂਸ ਬਿਊਰੋ ਦਾ ਸਾਥ ਦੇਣ ਤਾਂ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਰਾਹਤ ਦਿਵਾਈ ਜਾ ਸਕੇ।