ਹਰਿੰਦਰ ਨਿੱਕਾ, ਪਟਿਆਲਾ 15 ਜੁਲਾਈ 2024
ਤੇਰਾਂ-ਚੌਦਾਂ ਜੁਲਾਈ ਦੀ ਦਰਮਿਆਨੀ ਦੇਰ ਰਾਤ ਰਾਜਪੁਰਾ ਖੇਤਰ ਵਿੱਚ ਫਾਈਰਿੰਗ ਕਰਕੇ ਫਰਾਰ ਹੋਣ ਵਾਲੇ, ਕਾਰ ਸਵਾਰ ਦੋ ਜਣਿਆਂ ਦਾ ਸਾਹਮਣਾ ਆਖਿਰ ਬਨੂੜ ਇਲਾਕੇ ਵਿੱਚ ਗਸ਼ਤ ਕਰ ਹੀ ਪੁਲਿਸ ਪਾਰਟੀ ਨਾਲ ਹੋ ਗਿਆ। ਪੁਲਿਸ ਪਾਰਟੀ ਨੇ ਸ਼ੱਕੀ ਵਿਅਕਤੀਆਂ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਪੁਲਿਸ ਪਾਰਟੀ ਤੇ ਹੀ ਫਾਈਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ, ਫਾਈਰਿੰਗ ਕਰਨ ਵਾਲਿਆਂ ਦੀ ਫਾਈਰਿੰਗ ਦਾ ਜੁਆਬ ਫਾਈਰਿੰਗ ਨਾਲ ਹੀ ਦਿੱਤਾ। ਦੁਵੱਲੀ ਫਾਈਰਿੰਗ ਦਰਮਿਆਨ, ਦੋਸ਼ੀਆਂ ਵਿੱਚੋਂ ਇੱਕ ਜਣਾ ਜਖਮੀ ਹੋ ਗਿਆ, ਪੁਲਿਸ ਨੇ ਮੁਕਾਬਲੇ ਮਗਰੋਂ ਦੋਵਾਂ ਜਣਿਆਂ ਨੂੰ ਅਸਲੇ ਅਤੇ ਕਾਰ ਸਣੇ ਕਾਬੂ ਕਰ ਲਿਆ।
ਥਾਣਾ ਬਨੂੜ ਵਿਖੇ ਦਰਜ਼ FIR ਅਨੁਸਾਰ ਇੰਸਪੈਕਟਰ ਗੁਰਸੇਵਕ ਸਿੰਘ ਨੂੰ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦਾ ਫੋਨ ਆਇਆ ਕਿ 2 ਨਾ-ਮਾਲੂਮ ਵਿਅਕਤੀ ਰਾਤ ਸਮੇਂ ਰਾਜਪੁਰਾ ਵਿਖੇ ਫਾਇਰਿੰਗ ਕਰਕੇ ਆਏ ਹਨ। ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਅਤੇ ਡੀ.ਐਸ.ਪੀ ਰਾਜਪੁਰਾ ਦੀ ਅਗਵਾਈ ਵਿੱਚ ਬਨੂੜ ਖੇਤਰ ਵਿੱਚ ਗਸ਼ਤ ਕਰ ਰਹੇ ਸਨ। ਫੋਨ ਸੁਣਨ ਉਪਰੰਤ ਮੁਦਈ ਪੁਲਿਸ ਇੰਸਪੈਕਟਰ ਅਤੇ ਡੀ.ਐਸ.ਪੀ ਰਾਜਪੁਰਾ ਗੰਦਾ ਨਾਲ ਪੁਲ ਪਾਸ ਮਿਲ ਗਏ। ਉਨਾਂ ਦੀ ਪੁਲਿਸ ਪਾਰਟੀ ਵੱਲੋਂ ਕਾਰ ਸਵਾਰ ਦੋਸ਼ੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਸ਼ੀਆਂ ਨੇ ਪੁਲਿਸ ਪਾਰਟੀ ਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਪਾਰਟੀ ਵੱਲੋ ਵੀ ਜਵਾਬੀ ਫਾਇਰਿੰਗ ਕੀਤੀ ਗਈ। ਪੁਲਿਸ ਦੀ ਫਾਈਰਿੰਗ ‘ਚ ਦੋਸ਼ੀ ਦੀਪਕ ਦੀ ਲੱਤ ਵਿੱਚ ਗੋਲੀ ਵੱਜੀ ਅਤੇ ਪੁਲਿਸ ਪਾਰਟੀ ਨੇ ਫਾਈਰਿੰਗ ਕਰਨ ਵਾਲੇ ਕਾਰ ਸਵਾਰ ਰਮਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਅਮਰਗੜ੍ਹ, ਥਾਣਾ ਨਈਆ ਵਾਲਾ, ਜਿਲਾ ਬਠਿੰਡਾ ਅਤੇ ਦੀਪਕ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਬੁੱਢਣਵਾਲਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਮੌਕਾ ਤੋਂ ਹੀ ਅਸਲੇ ਸਮੇਤ ਕਾਬੂ ਕਰ ਲਿਆ। ਮਾਮਲੇ ਦੇ ਤਫਤੀਸ਼ ਅਫਸਰ ਮੁਤਾਬਿਕ ਥਾਣਾ ਬਨੂੜ ਵਿਖੇ, ਅਧੀਨ ਜੁਰਮ 281/109/132/221/ 3(5) BNS ਅਤੇ Sec 25/54/59 Arms Act ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਅਪੁਸ਼ਟ ਖਬਰਾਂ ਅਨੁਸਾਰ ਇਹ ਦੋਵੇਂ ਉਹੀ ਦੋਸ਼ੀ ਹਨ, ਜਿਹੜੇ ਪਹਿਲਾਂ ਰਾਜਪੁਰਾ ਸਿਟੀ ਇਲਾਕੇ ਵਿੱਚ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਫਾਈਰਿੰਗ ਕਰਕੇ, ਉਸ ਨੂੰ ਜਖਮੀ ਕਰਕੇ ਅਤੇ ਟੋਲ ਪਲਾਜਾ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਸਨ।