ਹਰਿੰਦਰ ਨਿੱਕਾ, ਪਟਿਆਲਾ 15 ਜੁਲਾਈ 2024
ਪਹਿਲਾਂ ਫਰੀ ਸ਼ਰਾਬ ਨਾ ਦੇਣ ਕਾਰਣ ਸ਼ਰਾਬ ਦੇ ਠੇਕੇ ਤੇ ਡਿਊਟੀ ਕਰਦੇ ਕਰਿੰਦੇ ਉੱਤੇ ਅਤੇ ਫਿਰ ਟੋਲ ਪਲਾਜਾ ਦੀ ਪਰਚੀ ਕੱਟਣ ਨੂੰ ਲੈ ਹੋਈ ਬਹਿਸਬਾਜੀ ਤੋਂ ਬਾਅਦ ਫਾਈਰਿੰਗ ਕਰਨ ਦੀਆਂ ਦੋ ਘਟਨਾਵਾਂ ਉੱਪਰੋਥਲੀ ਕੁੱਝ ਹੀ ਸਮੇਂ ਦੇ ਵਕਫੇ ਵਿੱਚ ਵਾਪਰ ਗਈਆਂ। ਦੋਵਾਂ ਥਾਵਾਂ ਤੇ ਫਾਈਰਿੰਗ ਕਰਨ ਵਾਲੇ ਇੱਕੋ ਗੱਡੀ ਵਿੱਚ ਸਵਾਰ ਹੁੱਲੜਬਾਜ ਫਰਾਰ ਹੋ ਗਏ। ਦੋਵਾਂ ਘਟਨਾਵਾਂ ਵਿੱਚ ਸ਼ਰਾਬ ਦਾ ਕਰਿੰਦਾ ਜਖਮੀ ਹੋ ਗਿਆ। ਦੋਵੇਂ ਵਾਰਦਾਤਾਂ ਦੇ ਸਬੰਧ ਵਿੱਚ ਪੁਲਿਸ ਨੇ ਥਾਣਾ ਸਿਟੀ ਰਾਜਪੁਰਾ ਅਤੇ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ,ਯਤਨ ਤੇਜ਼ ਕਰ ਦਿੱਤੇ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਹਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਅਬਰਾਮਾ ਥਾਣਾ ਬਨੂੰੜ ਨੇ ਲਿਖਾਇਆ ਕਿ ਉਹ ਟੀ—ਪੁਆਇੰਟ ਨਲਾਸ ਮੋੜ ਪਰ ਇੰਦਰਜੀਤ ਸਿੰਘ ਵਾਸੀ ਪਿੰਡ ਪਹਿਰ ਕਲਾਂ ਦੇ ਸ਼ਰਾਬ ਦੇ ਠੇਕੇ ਪਰ ਨੌਕਰੀ ਕਰਦਾ ਹੈ। 13/7/2024 ਦੀ ਦੇਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਮੁਦਈ ਸਮੇਤ ਪਰਵੀਨ ਕੁਮਾਰ ਪੁੱਤਰ ਸਿ਼ਵਦੀਨ ਸਿੰਘ ਵਾਸੀ ਯੂ.ਪੀ ਨਾਲ ਠੇਕੇ ਪਰ ਹਾਜਰ ਸੀ। ਉਦੋਂ 2 ਨਾ-ਮਾਲੂਮ ਵਿਅਕਤੀ ਕਾਰ ਨੰਬਰ PB-03 BH-4396 ਪਰ ਸਵਾਰ ਹੋ ਕੇ ਆਏ ਅਤੇ ਸ਼ਰਾਬ ਦੀ ਮੰਗ ਕੀਤੀ। ਜਦੋ ਮੁਦਈ ਨੇ ਪਹਿਲਾ ਪੈਸਿਆ ਦੀ ਮੰਗ ਕੀਤੀ ਤਾ ਦੋਸ਼ੀਆਨ, ਮੁਦਈ ਨਾਲ ਬਹਿਸਬਾਜੀ ਕਰਨ ਲੱਗ ਪਏ ਅਤੇ ਜਿਨ੍ਹਾਂ ਵਿੱਚੋਂ ਇੱਕ ਨਾਮਾਲੂਮ ਵਿਅਕਤੀ ਨੇ ਜਾਨੋ ਮਾਰਨ ਦੀ ਨੀਯਤ ਨਾਲ ਆਪਣੇ ਡੱਬ ਵਿੱਚੋ ਪਿਸਟਲ ਕੱਢ ਕੇ ਮੁਦਈ ਪਰ ਫਾਇਰ ਕੀਤਾ, ਜੋ ਬਚਾਅ ਲਈ ਮੁਦਈ ਪਿੱਛੇ ਮੁੜ ਗਿਆ ਅਤੇ ਪਿਸਟਲ ਦੀ ਗੋਲੀ ਮੁਦਈ ਦੇ ਉਸ ਦੇ ਮੋਢੇ ਵਿੱਚ ਲੱਗੀ। ਜਖਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਏ.ਪੀ ਜੈਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਦੋੳਾਂ ਅਣਪਛਾਤਿਆਂ ਖਿਲਾਫ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਜ਼ੁਰਮ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ ਕਰ ਲਿਆ।
ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਫਾਈਰਿੰਗ ਕਰਨ ਤੋਂ ਤੁਰੰਤ ਬਾਅਦ ਦੋਸ਼ੀ ਟੋਲ ਪਲਾਜਾ ਧਰੇੜੀ ਜੱਟਾਂ ਵਿਖੇ ਪਹੁੰਚ ਗਏ। ਜਿੱਥੇ ਪਰਚੀ ਕੱਟਣ ਨੂੰ ਲੈ ਕੇ, ਦੋਵੇਂ ਅਣਪਛਾਤੇ ਵਿਅਕਤੀਆਂ ਨੇ ਬਹਿਸਬਾਜੀ ਸ਼ੁਰੂ ਕਰ ਦਿੱਤੀ। ਗੱਲ ਵਧੀ ਤਾਂ, ਉਨਾਂ ਉੱਥੇ ਵੀ ਪਿਸਟਲ ਦਾ ਫਾਇਰ ਕਰ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੁਦਈ ਮਨਜੀਤ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਕਲਾਂ ਥਾਣਾ ਉਚਾਣਾ ਜਿਲਾ ਜੀਂਦ ਹਰਿਆਣਾ ਨੇ ਦੱਸਿਆ ਕਿ ਉਹ ਟੋਲ ਪਲਾਜਾ ਤੇ ਮਨੈਜਰ ਲੱਗਿਆ ਹੋਇਆ ਹੈ। ਮਿਤੀ 14/7/2024 ਸਮਾਂ ਤੜਕੇ ਕਰੀਬ 12.05 ਵਜੇ, ਆਪਣੀ ਡਿਊਟੀ ਪਰ ਹਾਜਰ ਸੀ ਤਾਂ ਇੱਕ ਗੱਡੀ ਨੰਬਰ PB-03 BH -4396 ਪਰ ਦੋ ਨਾ-ਮਾਲੂਮ ਵਿਅਕਤੀ ਸਵਾਰ ਹੋ ਕੇ ਆਏ, ਜੋ ਪਰਚੀ ਕਟਵਾਉਣ ਨੂੰ ਲੈ ਕੇ ਕੈਬਨ ਨੰਬਰ 3 ਪਰ ਮੌਜੂਦ ਕਰਮਚਾਰੀ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬਨਬੌਰੀ ਜਿਲਾ ਹਿਸਾਰ ਹਰਿਆਣਾ ਨਾਲ ਬਹਿਸਬਾਜੀ ਕਰਨ ਲੱਗ ਪਏ ਅਤੇ ਕੰਡਕਟਰ ਸੀਟ ਪਰ ਬੈਠਾ ਨਾ-ਮਾਲੂਮ ਵਿਅਕਤੀ ਕਾਰ ਵਿੱਚੋਂ ਬਾਹਰ ਆ ਕੇ ਗਾਲੀ ਗਲੋਚ ਕਰਨ ਲੱਗ ਪਿਆ ਤਾਂ ਇਤਨੇ ਵਿੱਚ ਮੁਦਈ ਵੀ ਮੌਕਾ ਪਰ ਆ ਗਿਆ। ਜਦੋਂ ਮੁਦਈ ਨੇ ਅਜਿਹਾ ਕਰਨ ਤੋ ਰੋਕਿਆ ਤਾਂ ਦੋਸ਼ੀ ਨੇ ਜਾਨੋ ਮਾਰਨ ਦੀ ਨੀਯਤ ਨਾਲ ਆਪਣੀ ਡੱਬ ਵਿੱਚੋ ਪਿਸਟਲ ਕੱਢ ਕੇ ਸੰਦੀਪ ਸਿੰਘ ਵੱਲ ਫਾਇਰ ਕੀਤਾ, ਜੋ ਕੈਬਨ ਪਰ ਲੱਗਾ ਤੇ ਆਰ-ਪਾਰ ਹੋ ਗਿਆ ਅਤੇ ਦੋਸ਼ੀ ਮੌਕਾ ਤੋਂ ਫਰਾਰ ਹੋ ਗਏ । ਪੁਲਿਸ ਨੇ ਮੁਦਈ ਦੇ ਬਿਆਨ ਪਰ, ਅਣਪਛਾਤੇ ਦੋਸ਼ੀਆਂ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।