5 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਸਣੇ ਪੰਜ ਦੋਸ਼ੀ ਕੀਤੇ ਗਿਰਫਤਾਰ
ਹਰਿੰਦਰ ਨਿੱਕਾ, ਬਰਨਾਲਾ 13 ਜੁਲਾਈ 2024
ਜਿਲ੍ਹੇ ਅੰਦਰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਉਦੋਂ ਚੋਖਾ ਬੂਰ ਪਿਆ, ਜਦੋਂ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ 6 ਦਿਨ ਪਹਿਲਾਂ ਗਿਰਫਤਾਰ ਕੀਤੇ ਨਸ਼ਾ ਤਸਕਰ ਸ਼ਿਵ ਰਾਮ ਤੋਂ ਕੀਤੀ ਪੁੱਛਗਿੱਛ ਦੌਰਾਨ ਮਿਲੇ ਬੈਕਵਰਡ ਅਤੇ ਫਾਰਵੜ ਲਿੰਕ ਦੀ ਕੜੀ ਨਾਲ ਕੜੀ ਜੋੜਦਿਆਂ 4 ਹੋਰ ਨਸ਼ਾ ਤਸਕਰਾਂ ਨੂੰ ਲੱਖਾਂ ਨਸ਼ੀਲੀਆਂ ਗੋਲੀਆਂ ਸਣੇ ਗਿਰਫਤਾਰ ਕਰ ਲਿਆ। ਇਸ ਸਬੰਧੀ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਸਨਦੀਪ ਸਿੰਘ ਮੰਡ, ਪੀ.ਪੀ.ਐੱਸ. ਕਪਤਾਨ ਪੁਲਿਸ (ਇੰਨ.) ਬਰਨਾਲਾ, ਰਾਜਿੰਦਰਪਾਲ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ, ਸਤਵੀਰ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ, ਸ.ਡ. ਬਰਨਾਲਾ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਤਹਿਤ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼, ਬਰਨਾਲਾ ਪਾਸ ਮੁਖਬਰ ਖਾਸ ਵੱਲੋਂ ਦਿੱਤੀ ਗਈ ਇਤਲਾਹ ਦੇ ਆਧਾਰ ਪਰ ਮੁਕੱਦਮਾ ਨੰਬਰ 90 ਮਿਤੀ 08.07.2024 ਅ/ਧ 22,29/61/85 NDPS ACT ਥਾਣਾ ਧਨੌਲਾ ਬਰਖ਼ਿਲਾਫ਼ ਸ਼ਿਵ ਰਾਮ ਪੁੱਤਰ ਰਾਜ ਕੁਮਾਰ ਵਾਸੀ ਉਕਸੀ ਜ਼ਿਲ੍ਹਾ ਪਟਿਆਲਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਦੋਸ਼ੀ ਪਾਸੋਂ 1,37,550 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬ੍ਰਾਮਦ ਹੋਏ ਸਨ।
ਐਸਐਸਪੀ ਮਲਿਕ ਨੇ ਹਾਲੀਆ ਗਿਰਫਤਾਰੀਆਂ ਸਬੰਧੀ ਵੇਰਵਾ ਦਿੰਦਿਆਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ ਆਈ.ਏ. ਸਟਾਫ਼ ਬਰਨਾਲਾ ਅਤੇ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਧਨੌਲਾ ਵੱਲੋਂ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਬੈਕਵਰਡ ਅਤੇ ਫਾਰਵਰਡ ਲਿੰਕ ਸਥਾਪਿਤ ਕੀਤੇ ਗਏ ਅਤੇ ਮੁਹੰਮਦ ਆਲਮ ਵਾਸੀ ਸਹਾਰਨਪੁਰ (ਯੂ.ਪੀ), ਫਰਮਾਨ ਅਲੀ ਪੁੱਤਰ ਲਿਆਕਤ ਵਾਸੀ ਗੋਧਨਾ, ਤਹਿਸੀਲ ਅਤੇ ਜ਼ਿਲ੍ਹਾ ਮਜ਼ੱਫਰਨਗਰ (ਯੂ.ਪੀ.) , ਆਸੂ ਪੁੱਤਰ ਕੁਲਦੀਪ ਸਿੰਘ ਵਾਸੀ ਅਬਦੁਲਾਪੁਰ ਤਹਿਸੀਲ ਦਿਉਬੰਦ, ਜ਼ਿਲ੍ਹਾ ਸਹਾਰਨਪੁਰ। (ਯੂ.ਪੀ.) ਅਤੇ ਅਭਿਸ਼ੇਕ ਕੁਮਾਰ ਪੁੱਤਰ ਸੱਤ ਕੁਮਾਰ ਵਾਸੀ ਦੁੱਗਚੜੀ ਮਲਕਪੁਰ, ਤਹਿਸੀਲ ਦਿਉਬੰਦ, ਜ਼ਿਲ੍ਹਾ ਸਹਾਰਨਪੁਰ (ਯੂਪੀ.) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕਬਜੇ ਵਿੱਚੋਂ 4,25,000 ਨਸ਼ੀਲੀਆਂ ਗੋਲੀਆਂ ਅਤੇ ਇੱਕ ਹੁੰਡਈ ਗੱਡੀ ਬਰਾਮਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਦੋਸ਼ੀ ਫਰਮਾਨ ਅਲੀ ਦੀ ਪੁੱਛ-ਗਿੱਛ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਸ ਖ਼ਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਹੈ। ਬਾਕੀ ਦੋਸ਼ੀਆਂ ਪਾਸੋਂ ਵੀ ਪੁੱਛ-ਗਿੱਛ ਜਾਰੀ ਹੈ। ਦੋਸ਼ੀਆਨ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸ੍ਰੀ ਮਲਿਕ ਨੇ ਦੱਸਿਆ ਕਿ ਮੁਕੱਦਮਾ ਵਿੱਚ ਹੁਣ ਤੱਕ ਗ੍ਰਿਫ਼ਤਾਰ ਪੰਜ ਦੋਸ਼ੀਆਂ ਪਾਸੋਂ ਕੁੱਲ 5,37,000 ਨਸ਼ੀਲੀਆਂ ਗੋਲੀਆਂ ਅਤੇ 25,500 ਨਸ਼ੀਲੇ ਕੈਪਸੂਲ ਅਤੇ ਦੋ ਗੱਡੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਤੋਂ ਦੌਰਾਨ ਏ ਪੁੱਛਗਿੱਛ ਸਾਹਮਣੇ ਆਈ ਜਾਣਕਾਰੀ ਤੇ ਕੰਮ ਕਰਦਿਆਂ ਹੋਰ ਦੋਸ਼ੀਆਂ ਨੂੰ ਵੀ ਬਖਸ਼ਿਆਂ ਨਹੀਂ ਜਾਵੇਗਾ।