ਅਨੁਭਵ ਦੂਬੇ , ਜਲੰਧਰ 2 ਜੁਲਾਈ 2024
ਕਦੇ ਪੰਥ ਅਤੇ ਪੰਜਾਬ ਦੀ ਸ਼ਾਨ ਸਮਝੀ ਜਾਂਦੀ ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ ਦੀ ਹਾਲਤ, ਰਾਜਸੀ ਤੌਰ ਤੇ ਹਰ ਦਿਨ ਪਾਣਿਉਂ ਪਤਲੀ ਹੁੰਦੀ ਜਾ ਰਹੀ ਹੈ। ਜਲੰਧਰ ਵੈਸਟ ਦੀ ਜਿਮਨੀ ਚੋਣ ਵਿੱਚੋਂ ਕੁੱਝ ਹੀ ਦਿਨਾਂ ਵਿੱਚ ਅਜਿਹਾ ਰਾਜਨੀਤਕ ਘਟਨਾਕ੍ਰਮ ਵਾਪਰਿਆ ਕਿ ਜਿਮਨੀ ਚੋਣ ਵਿੱਚ ਹੁਣ ਵਿਰੋਧੀਆਂ ਦਾ ਮੁਕਾਬਲਾ ਕਰਨ ਲਈ, ਇਕੱਲਾ ਅਕਾਲੀ ਦਲ ਦਾ ਤੱਕੜੀ ਚੋਣ ਨਿਸ਼ਾਨ ਹੀ ਰਹਿ ਗਿਆ। ਪਹਿਲਾਂ ਅਕਾਲੀ ਦਲ ‘ਤੇ ਅੱਜ ਪਾਰਟੀ ਉਮੀਦਵਾਰ ਸੁਰਜੀਤ ਕੌਰ ਨੂੰ ਮੈਦਾਨ ਛੱਡ ਦਿੱਤਾ ਹੈ। ਅਕਾਲੀ ਦਲ ਤਾਂ ਕੀ, ਸ਼ਾਇਦ ਹੀ ਚੋਣ ਇਤਿਹਾਸ ਵਿੱਚ ਕਦੇ ਅਜਿਹਾ ਵਾਪਰਿਆ ਹੋਵੇਗਾ ਕਿ ਕੋਈ ਰਾਜਸੀ ਦਲ ਅਤੇ ਉਸ ਦਾ ਉਮੀਦਵਾਰ ਦੋਵੇਂ ਹੀ ਚੋਣ ਨਿਸ਼ਾਨ ਨੂੰ ਲਾਵਾਰਿਸ ਛੱਡ ਕੇ ਚੋਣ ਮੈਦਾਨ ਵੱਖੋ-ਵੱਖਰੀਆਂ ਸੁਰਾਂ ਕੱਢਣ ਲੱਗ ਪਏ ਹੋਣ। ਅੱਜ ਕੁੱਝ ਸਮਾਂ ਪਹਿਲਾਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਅਕਾਲੀ ਦਲ ਅਤੇ ਬਾਗੀ ਅਕਾਲੀਆਂ ਦੀ ਆਪਸੀ ਖਹਿਬਾਜੀ ਤੋਂ ਅੱਕ ਕੇ,ਖੁਦ ਹੀ ਤੱਕੜੀ ਛੱਡ ਕੇ, ਆਪਣੇ ਹੱਥ ਝਾੜੂ ਫੜ੍ਹ ਲਿਆ। ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਚਿੰਨ੍ਹ ਵਾਲਾ ਪਟਕਾ ਪਾ ਕੇ,ਉਨਾਂ ਨੂੰ ,ਉਨਾਂ ਦੇ ਕੁੱਝ ਸਮੱਰਥਕਾਂ ਸਣੇ, ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ। ਵਰਨਣਯੋਗ ਹੈ ਕਿ 10 ਜੁਲਾਈ ਨੂੰ ਹੋਣ ਵਾਲੀ ਜਲੰਧਰ ਜਿਮਨੀ ਚੋਣ ਵਿੱਚ ਅਕਾਲੀ ਦਲ ਦਾ ਸਿਰਫ ਨਿਸ਼ਾਨ ਹੀ ਰਹਿ ਗਿਆ ਹੈ,ਜਦੋਂਕਿ ਅਕਾਲੀ ਦਲ ਵੱਲੋਂ ਕੁੱਝ ਦਿਨ ਪਹਿਲਾਂ ਆਪਣੀ ਪਾਰਟੀ ਦੀ ਅਧਿਕਾਰਿਤ ਉਮੀਦਵਾਰ ਦੇ ਮੈਦਾਨ ਵਿੱਚ ਹੁੰਦਿਆਂ ਹੀ, ਜਿਮਨੀ ਚੋਣ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੀ ਮੱਦਦ ਕਰਨ ਦਾ ਐਲਾਨ ਕਰ ਦਿੱਤਾ ਸੀ। ਜਦੋਂਕਿ ਅਕਾਲੀ ਦਲ ਦੇ ਬਾਗੀ ਆਗੂਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜੰਗੀਰ ਕੌਰ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਆਦਿ ਨੇ, ਅਕਾਲੀ ਦਲ ਦੀ ਉਮੀਦਵਾਰ ਦੇ ਹੱਕ ਵਿੱਚ ਡਟ ਜਾਣ ਦਾ ਐਲਾਨ ਕਰ ਦਿੱਤਾ ਸੀ। ਹੁਣ ਪੰਥਕ ਪਾਰਟੀ ਦੇ ਚੋਣ ਨਿਸ਼ਾਨ ਦੀ ਹਾਲਤ ਹੀ ਤਰਸਯੋਗ ਹੋ ਗਈ ਹੈ। ਅਜਿਹਾ ਹੀ ਇੱਕ ਘਟਨਾਕ੍ਰਮ ਲੋਕ ਸਭਾ ਜਰਨਲ ਚੋਣ 2004 ਦੇ ਸਮੇਂ ਸੰਗਰੂਰ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮੰਗਤ ਰਾਏ ਬਾਂਸਲ ਦੇ ਵੱਲੋਂ,ਚੋਣ ਤੋਂ ਐਨ ਪਹਿਲਾਂ ਮੈਦਾਨ ਵਿੱਚੋਂ ਹਟ ਜਾਣ ਦਾ ਐਲਾਨ ਕਰਕੇ, ਬਹੁਜਨ ਸਮਾਜ ਪਾਰਟੀ ਨੂੰ ਕੱਖੋਂ ਹੌਲੇ ਕਰ ਦਿੱਤਾ ਸੀ। ਪਰੰਤੂ ਉਦੋਂ ਪਾਰਟੀ ਦੇ ਹਿੰਮਤੀ ਵਰਕਰਾਂ ਨੇ ਆਪਣੇ ਚੋਣ ਨਿਸ਼ਾਨ ਦੀ ਲਾਜ਼,ਉਮੀਦਵਾਰ ਦੀ ਅਣਹੋਂਦ ਵਿੱਚ ਹੀ, 38 ਹਜ਼ਾਰ ਦੇ ਕਰੀਬ ਵੋਟਾਂ ਪਾ ਕੇ, ਬਚਾ ਲਈ ਸੀ। ਹੁਣ ਹਾਲਤ ਉਸ ਤੋਂ ਵੀਲ ਕੁੱਝ ਵੱਖਰੇ ਹਨ, ਕਿਉਂਕਿ ਹੁਣ ਅਕਾਲੀ ਦਲ ਅਤੇ ਉਮੀਦਵਾਰ ਦੋਵੇਂ ਹੀ ਮੈਦਾਨ ਸੁੰਨਾ ਛੱਡ ਕੇ ਜਾ ਚੁੱਕੇ ਹਨ। ਜਲੰਧਰ ਜਿਮਨੀ ਚੋਣ ਵਿੱਚ ਪਹਿਲੀ ਨਜ਼ਰੇ ਹੁਣ ਮੁੱਖ ਮੁਕਾਬਲਾ, ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ,ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦਰਮਿਆਨ ਹੀ ਰਹਿ ਗਿਆ ਹੈ। ਜਦੋਂਕਿ ਬਸਪਾ ਉਮੀਦਵਾਰ ਲਾਖਾ ਸਣੇ ਹੋਰ ਪਾਰਟੀਆਂ ਤੋਂ ਇਲਾਵਾ ਅਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਡਟੇ ਹੋਏ ਹਨ।